ਲੁਧਿਆਣਾ (13 ਜੁਲਾਈ 2014): ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਤਰੋ-ਤਾਜ਼ਾ ਕਰਨ ਅਤੇ ਪਾਰਟੀ ਦੇ ਵਿਸਥਾਰ ਲਈ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਪੰਜਾਬ ਵਿਚ ਆਰਜੀ ਤੌਰ ‘ਤੇ ਤਿੰਨ ਅਹਿਮ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ ਹੈ, ਤਾਂ ਜੋ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਹੱਕ ਵਿੱਚ ਮਾਹੌਲ ਤਿਆਰ ਕੀਤਾ ਜਾ ਸਕੇ।
ਬਣਾਈਆਂ ਜਾਣ ਵਾਲੀਆਂ ਇਨ੍ਹਾਂ ਕਮੇਟੀਆਂ ਵਿਚ ਸੂਬਾ ਕਾਰਜਕਾਰਣੀ ਕਮੇਟੀ, ਜਥੇਬੰਦਕ ਵਿਸਥਾਰ ਕਮੇਟੀ ਅਤੇ ਅਨੁਸ਼ਾਸਨੀ ਕਮੇਟੀ ਸ਼ਾਮਿਲ ਹਨ ।
ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਤਰਕਾਰ ਜਰਨੈਲ ਸਿੰਘ ਨੂੰ ਕੌਮੀ ਆਬਜ਼ਰਬਰ ਨਿਯੁਕਤ ਕਰਕੇ ਪੰਜਾਬ ਦੇ ਪਾਰਟੀ ਮਾਮਲਿਆਂ ਦੀ ਦੇਖ ਰੇਖ ਦਾ ਕੰਮ ਸੌਪਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਜਲੰਧਰ ਅਤੇ ਕਪੂਰਥਲਾ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਦਾ ਜਿੰਮਾ ਵੀ ਦਿੱਤਾ ਗਿਆ ਹੈ ।
ਇਸੇ ਤਰਾਂ ਪਾਰਟੀ ਦੇ ਪੰਜਾਬ ਤੋਂ ਚੁਣੇ ਗਏ ਚਾਰੇ ਲੋਕ ਸਭਾ ਮੈਂਬਰਾਂ ਨੂੰ ਵੀ ਵੱਖੋ ਵੱਖ ਜ਼ਿਲਿ੍ਹਆਂ ਵਿਚ ਪਾਰਟੀ ਦੇ ਜਥੇਬੰਦਕ ਢਾਂਚੇ ਦੀ ਦੇਖ ਰੇਖ ਦਾ ਜਿੰਮਾ ਸੌਾਪਿਆ ਗਿਆ ਹੈ ਙ ਡਾ: ਧਰਮਵੀਰ ਗਾਂਧੀ, ਭਗਵੰਤ ਮਾਨ, ਹਰਵਿੰਦਰ ਸਿੰਘ ਫੂਲਕਾ, ਕੁਲਤਾਰ ਸਿੰਘ ਅਤੇ ਹਰਿੰਦਰ ਸਿੰਘ ਨੂੰ ਸੂਬਾਈ ਬੁਲਾਰੇ ਨਿਯੁਕਤ ਕੀਤਾ ਗਿਆ ਹੈ ।
ਅੰਮਿ੍ਤਸਰ ਤੋਂ ਚੋਣ ਲੜੇ ਡਾ: ਦਲਜੀਤ ਸਿੰਘ ਨੂੰ ਅਨੁਸ਼ਾਸਨੀ ਕਮੇਟੀ ਦਾ ਮੁਖੀ ਥਾਪਿਆ ਗਿਆ ਹੈ ਜਦਕਿ ਐਚ. ਐਸ. ਕਿੰਗਰਾ ਨੂੰ ਸਿਖਲਾਈ ਕੋਆਰਡੀਨੇਟਰ ਦੀ ਜਿੰਮੇਵਾਰੀ ਸੌਾਪੀ ਗਈ ਹੈ । ਸੂਬਾ ਕਾਰਜਕਾਰਨੀ ਕਮੇਟੀ ਵਿਚ ਸ਼ਾਮਿਲ ਕੀਤੇ ਗਏ ਲੋਕ ਸਭਾ ਮੈਂਬਰਾਂ ਵਿਚੋਂ ਡਾ: ਧਰਮਵੀਰ ਗਾਂਧੀ ਨੂੰ ਪਟਿਆਲਾ, ਭਗਵੰਤ ਮਾਨ ਨੂੰ ਸੰਗਰੂਰ, ਬਰਨਾਲਾ ਅਤੇ ਮਾਨਸਾ, ਪ੍ਰੋ: ਸਾਧੂ ਸਿੰਘ ਨੂੰ ਫਰੀਦਕੋਟ ਤੇ ਮੋਗਾ, ਹਰਿੰਦਰ ਸਿੰਘ ਖਾਲਸਾ ਨੂੰ ਫਤਹਿਗੜ੍ਹ ਸਾਹਿਬ, ਲੁਧਿਆਣਾ ਅਤੇ ਬਠਿੰਡਾ ਦੇ ਜਥੇਬੰਦਕ ਢਾਂਚੇ ਦੀ ਦੇਖ ਰੇਖ ਦੀ ਜਿੰਮੇਵਾਰੀ ਲਾਈ ਗਈ ਹੈ ।
ਇਨ੍ਹਾਂ ਤੋਂ ਇਲਾਵਾ ਇਸ ਕਮੇਟੀ ਦੇ ਹੋਰ ਮੈਂਬਰਾਂ ‘ਚ ਸੁੱਚਾ ਸਿੰਘ ਛੋਟੇਪੁਰ ਨੂੰ ਗੁਰਦਾਸਪੁਰ, ਪਠਾਨਕੋਟ ਤੇ ਤਰਨ ਤਾਰਨ, ਡਾ: ਦਲਜੀਤ ਸਿੰਘ ਨੂੰ ਅੰਮਿ੍ਤਸਰ ਅਤੇ ਯਾਮਿਨੀ ਗੋਮਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦਾ ਜਥੇਬੰਦਕ ਇੰਚਾਰਜ ਬਣਾਇਆ ਗਿਆ ਹੈ ।
ਇਸ ਤੋਂ ਇਲਾਵਾ ਪਾਰਟੀ ਦੇ ਪੰਜਾਬ ਭਰ ਵਿੱਚ ਵਿਸਥਾਰ ਲਈ 47 ਮੈਂਬਰੀ ਜਥੇਬੰਦਕ ਕਮੇਟੀ ਬਣਾਈ ਗਈ ਹੈ, ਜੋ ਆਪੋ ਆਪਣੇ ਜਿਲਿਆਂ ਵਿੱਚ ਪਾਰਟੀ ਦੇ ਜੱਥੇਬੰਦਕ ਢਾਂਚੇ ਨੂੰ ਮਜਬੂਤ ਕਰੇਗੀ।