ਅੰਮ੍ਰਿਤਸਰ (6 ਜੂਨ2015): ਸ਼੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ 6 ਜੁਨ 1984 ਨੂੰ ਕੀਤੇ ਹਮਲੇ ਦੀ 31ਵੀਂ ਵਰੇਗੰਢ ਮੌਕੇ ਅੰਮ੍ਰਿਤਸਰ ਸ਼ਹਿਰ ਪੂਰੀ ਤਰਾਂ ਬੰਦ ਰਿਹਾ ।ਸਿੱਖ ਜੱਥੇਬੰਦੀ ਦਲ ਖਾਲਸਾ ਨੇ ਸ਼੍ਰੀ ਅੰਮ੍ਰਿਤਸਰ ਸ਼ਹਿਰ ਨੂੰ ਰੋਸ ਵਜੋਂ ਬੰਦ ਰੱਖਣ ਦੀ ਅਪੀਲ ਕੀਤੀ ਸੀ ਅਤੇ ਉਨ੍ਹਾਂ ਦੀ ਇਸ ਅਪੀਲ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਸਾਰੇ ਵਰਗਾਂ ਨੇ ਆਪੋ ਆਪਣੇ ਕਾਰੋਬਾਰਾਂ ਨੂੰ ਬੰਦ ਰੱਖ ਰੱਖਿਆ।



ਦਲ਼ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਲਗਭਗ ਸਾਰਾ ਸ਼ਹਿਰ ਅਮਨ ਅਮਾਨ ਨਾਲ ਬੰਦ ਸੀ ਅਤੇ ਸਭ ਵਰਗਾਂ ਦੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਸਦਕਾ ਹੀ ਹੋਇਆ ਹੈ। ਉਨ੍ਹਾਂ ਨੇ ਲੋਕਾਂ ਵੱਲੋਂ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।
ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਦੀ ਨਿੰਦਾ ਕਰਦਿਆਂ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਵਰਕਰਾਂ ਨੂੰ ਉਨ੍ਹਾਂ ਦੇ ਦਫਤਰ ਵਿੱਚ ਹੀ ਇੱਕ ਤਰਾਂ ਨਜ਼ਰਬੰਦ ਕਰੀ ਰੱਖਿਆ ਅਤੇ ਉਨ੍ਹਾਂ ਨੂੰ ਕਿਸੇ ਪਾਸੇ ਆਉਣ ਜਾਣ ਨਹੀਂ ਦਿੱਤਾ।
ਉਨਾਂ ਕਿਹਾ ਕਿ ਅਰਦਾਸ ਸਮਾਗਮ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਭਾਰੀ ਗਿਣਤੀ ਵਿੱਚ ਤਾਇਨਾਤ ਚਿੱਟ ਕੱਪੜੀਏ ਪੁਲਿਸ ਕਰਮਚਾਰੀਆਂ ਦੀ ਮੌਜੁਦਗੀ ਸਿੱਖਾਂ ਦਾ ਮੂੰਹ ਚਿੜਾ ਰਹੀ ਸੀ।
ਉਨ੍ਹਾਂ ਕਿਹਾ ਕਿ ਸਿੱਖ ਸਮਾਗਮਾਂ ਦੇ ਪ੍ਰਬੰਧਾਂ ਅਤੇ ਸੁਰੱਖਿਆ ਦੀ ਜਿਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੈ ਅਤੇ ਇਹ ਉਸਨੂੰ ਪੁਲਿਸ ਦੀ ਸਹਾਇਤਾ ਤੋਂ ਬਿਨਾ ਹੀ ਕਰਨਾ ਚਾਹੀਦਾ ਹੈ।