Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
The Three Hermits

ਤਿੰਨ ਸਨਿਆਸੀ (ਕਹਾਣੀ)

ਤਿੰਨ ਸਨਿਆਸੀ (ਕਹਾਣੀ)

ਲੇਖਕ – ਲਿਓ ਤਾਲਸਤਾਏ
ਅਨੁਵਾਦਕ – ਅਮਰਿੰਦਰ ਸਿੰਘ

‘ਪ੍ਰਾਰਥਨਾ ਕਰਦਿਆ ਫਜ਼ੂਲ ਦਾ ਦੁਹਰਾ ਨਾ ਕਰੋ , ਜਿਵੇਂ ਅਧਰਮੀ ਲੋਕ ਕਰਦੇ ਹਨ : ਉਹ ਸੋਚਦੇ ਹਨ ਕਿ ਉਹ ਆਪਣੇ ਜ਼ਿਆਦਾ ਬੋਲਣ ਕਰਕੇ ਸੁਣੇ ਜਾਣਗੇ। ਇਸ ਕਰਕੇ ਉਨ੍ਹਾਂ ਵਰਗੇ ਨਾ ਬਣੋ: ਕਿਉਂਕਿ ਤੁਹਾਡਾ ਪਿਤਾ ਸਭ ਕੁਝ ਜਾਣਦਾ ਹੈ ਜਿਸ ਚੀਜ਼ ਦੀ ਤੁਹਾਨੂੰ ਲੋੜ ਹੈ , ਇਸ ਤੋਂ ਪਹਿਲਾਂ ਕੇ ਤੁਸੀਂ ਉਸ ਤੋਂ ਮੰਗੋ’। (ਮੱਤੀ .6. 7-8)

ਇੱਕ ਬਿਸ਼ਪ ਆਰਚੈਜਲ ਤੋਂ ਸੋਲੋਵੇਸਤਕ ਮੱਠ ਵੱਲ ਜਾ ਰਿਹਾ ਸੀ ਅਤੇ ਉਸੇ ਬੇੜੀ ਵਿੱਚ ਹੋਰ ਸ਼ਰਧਾਲੂ ਵੀ ਉਸੇ ਜਗਾ ‘ਤੇ ਸਥਿਤ ਹੋਰ ਧਾਰਮਿਕ ਸਥਾਨ ਵੇਖਣ ਜਾ ਰਹੇ ਸਨ। ਯਾਤਰਾ ਸੁਚਾਰੂ ਚੱਲ ਰਹੀ ਸੀ। ਹਵਾ ਅਨੁਕੂਲ ਸੀ ਅਤੇ ਮੌਸਮ ਵੀ ਬਿਲਕੁਲ ਸਾਫ ਸੀ। ਯਾਤਰੂ ਜਹਾਜ਼ ਦੇ ਡੈਕ ‘ਤੇ ਅਰਾਮ ਕਰ ਰਹੇ ਸਨ ਅਤੇ ਖਾ ਪੀ ਰਹੇ ਸਨ ਜਾਂ ਕੁਝ ਸਮੂਹਾਂ ਵਿੱਚ ਬੈਠ ਕੇ ਗੱਲਾਂ ਕਰ ਰਹੇ ਸਨ। ਬਿਸ਼ਪ ਵੀ ਡੈਕ ‘ਤੇ ਆਇਆ ਅਤੇ ਜਦੋਂ ਉਹ ਉੱਪਰ ਹੇਠਾਂ ਚੱਲ ਰਿਹਾ ਸੀ ਤਾਂ ਉਸਦਾ ਧਿਆਨ ਗਿਆ ਕੇ ਬੰਦਿਆਂ ਦਾ ਗਰੁੱਪ ਜਹਾਜ਼ ਦੇ ਕੰਢੇ ਤੇ ਖੜ੍ਹਾ ਮਛੇਰੇ ਨੂੰ ਸੁਣ ਰਿਹਾ ਹੈ ਅਤੇ ਮਛੇਰਾ ਸਮੁੰਦਰ ਵੱਲ ਇਸ਼ਾਰਾ ਕਰਕੇ ਉਨ੍ਹਾਂਪੂਰਾ  ਨੂੰ ਕੁਝ ਦੱਸ ਰਿਹਾ ਸੀ। ਪਰ ਉਸਨੂੰ ਕੁਝ ਨਹੀ ਵਿਖਾਈ ਦਿੱਤਾ ਕਿਉਂਕਿ ਸਮੁੰਦਰ ਧੁੱਪ ਕਾਰਨ ਬਹੁਤ ਚਮਕ ਰਿਹਾ ਸੀ। ਉਹ ਸੁਣਨ ਲਈ ਨੇੜੇ ਸਰਕਿਆ, ਪਰ ਜਦੋਂ ਮਛੇਰੇ ਨੇ ਉਸਨੂੰ ਵੇਖਿਆ ਤਾਂ ਉਸਨੇ ਆਪਣੀ ਟੋਪੀ ਉਤਾਰ ਦਿੱਤੀ ਅਤੇ ਸ਼ਾਂਤ ਹੋ ਗਿਆ। ਉੱਥੇ ਮੌਜੂਦ ਬਾਕੀ ਲੋਕਾਂ ਨੇ ਵੀ ਆਪਣੀਆਂ ਟੋਪੀਆਂ ਉਤਾਰ ਦਿੱਤੀਆਂ ਅਤੇ ਝੁਕ ਕੇ ਸਲਾਮ ਕੀਤੀ।

ਮੈਨੂੰ ਤੁਹਾਨੂੰ ਤੰਗ ਨਾ ਕਰਨ ਦਿਓ , ਦੋਸਤੋ, ‘ਬਿਸ਼ਪ ਨੇ ਕਿਹਾ। ਮੈਂ ਸੁਣਨ ਲਈ ਆਇਆ ਸੀ ਕਿ ਇਹ ਭਲਾ ਬੰਦਾ ਕੀ ਕਹਿ ਰਿਹਾ ਸੀ।’

‘ਮਛੇਰਾ ਸਾਨੂੰ ਸੰਨਿਆਸੀਆਂ ਬਾਰੇ ਦੱਸ ਰਿਹਾ ਸੀ , ‘ ਇਕ ਵਪਾਰੀ ਨੇ ਜਵਾਬ ਦਿੱਤਾ ਜੋਕਿ ਬਾਕੀਆ ਨਾਲੋਂ ਥੋੜ੍ਹਾ ਬੇਬਾਕ ਲੱਗ ਰਿਹਾ ਸੀ।

ਕਿਹੜੇ ਸੰਨਿਆਸੀ? ਬਿਸ਼ਪ ਨੇ ਪੁੱਛਿਆ , ਬੇੜੀ ਦੇ ਕੰਢੇ ਨੂੰ ਜਾਦਿਆਂ ਅਤੇ ਇਕ ਬਕਸੇ ‘ਤੇ ਬੈਠਦਿਆਂ।

ਮੈਨੂੰ ਉਨ੍ਹਾਂ ਬਾਰੇ ਦੱਸੋ। ਮੈਂ ਉਨ੍ਹਾਂ ਬਾਰੇ ਸੁਣਨਾ ਪਸੰਦ ਕਰਾਂਗਾ। ਤੁਸੀਂ ਕਿਸ ਚੀਜ਼ ਵੱਲ ਇਸ਼ਾਰਾ ਕਰ ਰਹੇ ਸੀ?

ਕਿਉਂ, ਉਹ ਛੋਟਾ ਟਾਪੂ ਤੁਸੀਂ ਉੱਥੇ ਵੇਖ ਸਕਦੇ ਹੋ, ‘ ਆਦਮੀ ਨੇ ਜਵਾਬ ਦਿੱਤਾ, ਅੱਗੇ ਵੱਲ ਇਕ ਥਾਂ ਵੱਲ ਇਸ਼ਾਰਾ ਕਰਦਿਆਂ ਅਤੇ ਥੋੜਾ ਸੱਜੇ ਪਾਸੇ ਨੂੰ। ਇਹ ਉਹ ਟਾਪੂ ਹੈ ਜਿੱਥੇ ਸੰਨਿਆਸੀ ਆਪਣੀਆਂ ਰੂਹਾਂ ਦੀ ਮੁਕਤੀ ਲਈ ਰਹਿੰਦੇ ਹਨ।

ਟਾਪੂ ਕਿੱਥੇ ਹੈ ? ਬਿਸ਼ਪ ਨੇ ਪੁੱਛਿਆ। ਮੈਂਨੂੰ ਤਾਂ ਕੁਝ ਨਹੀ ਦਿੱਖ ਰਿਹਾ।

ਉੱਥੇ, ਥੋੜ੍ਹੀ ਦੂਰੀ ‘ਤੇ, ਮੇਰੇ ਹੱਥ ਦੇ ਇਸ਼ਾਰੇ ਵੱਲ ਵੇਖੋ। ਕੀ ਤੁਹਾਨੂੰ ਉਹ ਛੋਟਾ ਬੱਦਲ ਦਿੱਖ ਰਿਹਾ ਹੈ? ਉਸਤੋਂ ਹੇਠਾਂ ਅਤੇ ਥੋੜਾ ਜਿਹਾ ਖੱਬੇ ਵੱਲ ਇੱਕ ਛੋਟੀ ਜੇਹੀ ਲਕੀਰ ਹੈ। ਉਹ ਹੀ ਟਾਪੂ ਹੈ।

ਬਿਸ਼ਪ ਨੇ ਗੋਰ ਨਾਲ ਵੇਖਿਆ ਪਰ ਸਮੁੰਦਰ ਉੱਤੇ ਧੁੱਪ ਦੀ ਚਮਕ ਕਰਕੇ ਉਸਦੀਆਂ ਅੱਖਾਂ ਕੁਝ ਵੀ ਵੇਖ ਨਹੀਂ ਸਕੀਆਂ ਸਿਵਾਏ ਧੁੱਪ ਦੀ ਚਮਕ ਦੇ।

ਮੈਂ ਇਸ ਨੂੰ ਵੇਖ ਨਹੀਂ ਸਕਦਾ, ‘ ਉਸਨੇ ਕਿਹਾ। ‘ ਪਰ ਉਹ ਸਾਧੂ ਕੌਣ ਹਨ ਜਿਹੜੇ ਉੱਥੇ ਰਹਿੰਦੇ ਹਨ ?

ਉਹ ਧਾਰਮਿਕ ਬੰਦੇ ਹਨ , ਮਛੇਰੇ ਨੇ ਉੱਤਰ ਦਿੱਤਾ। ਮੈਂ ਉਨ੍ਹਾਂ ਬਾਰੇ ਕਾਫ਼ੀ ਸਮੇਂ ਤੋਂ ਸੁਣਦਾ ਆ ਰਿਹਾ ਹਾਂ, ਪਰ ਪਿਛਲੇ ਵਰ੍ਹੇ ਤੋਂ ਪਹਿਲਾਂ ਕਦੀ ਵੀ ਉਨ੍ਹਾਂ ਨੂੰ ਵੇਖਣ ਦਾ ਮੋਕਾ ਨਹੀਂ ਸੀ ਮਿਲਿਆ।

ਮਛੇਰੇ ਨੇ ਦੱਸਿਆ ਕਿ ਕਿਵੇਂ ਇੱਕ ਦਫਾ, ਜਦੋਂ ਉਹ ਮੱਛੀਆਂ ਫੜਨ ਲਈ ਨਿਕਲਿਆ ਸੀ, ਰਾਤ ਦੇ ਸਮੇਂ ਉਹ ਉਸ ਟਾਪੂ ‘ਤੇ ਫਸ ਗਿਆ ਅਤੇ ਉਸਨੂੰ ਇਹ ਵੀ ਨਹੀਂ ਸੀ ਪਤਾ ਕਿ ਉਹ ਕਿੱਥੇ ਹੈ। ਸਵੇਰੇ ਜਦੋਂ ਉਹ ਟਾਪੂ ‘ਤੇ ਭਟਕ ਰਿਹਾ ਸੀ, ਉਹ ਇੱਕ ਝੌਪੜੀ ਦੇ ਕੋਲ ਪਹੁੰਚਿਆ ਅਤੇ ਇੱਕ ਬਜ਼ੁਰਗ ਬੰਦੇ ਨੂੰ ਮਿਲਿਆ ਜੋਕਿ ਉਸ ਝੌਪੜੀ ਦੇ ਕੋਲ ਖੜਾ ਸੀ। ਉਸੇ ਸਮੇਂ ਦੋ ਜਣੇ ਹੋਰ ਬਾਹਰ ਆਏ, ਉਸਨੂੰ ਖਾਣਾ ਦੇਣ ਤੋਂ ਬਾਅਦ ਅਤੇ ਉਸਦੀਆਂ ਚੀਜ਼ਾਂ ਸੁਕਾਉਣ ਤੋਂ ਬਾਅਦ ਉਨ੍ਹਾਂ ਨੇ ਉਸਦੀ ਬੇੜੀ ਸਿੱਧੀ ਕਰਨ ਵਿੱਚ ਮਦਦ ਕੀਤੀ।

ਉਹ ਕਿਹੇ ਜਹੇ ਹਨ ? ਬਿਸ਼ਪ ਨੇ ਪੁੱਛਿਆ।

ਇੱਕ ਛੋਟਾ ਆਦਮੀ ਹੈ ਅਤੇ ਉਸਦੀ ਪਿੱਠ ਕੁੱਬੀ ਹੈ। ਉਸਨੇ ਪਾਦਰੀਆਂ ਵਾਲਾ ਕਸਾਕ (ਚੌਲਾ) ਪਾਇਆ ਹੋਇਆ ਸੀ ਅਤੇ ਉਹ ਬਹੁਤ ਬੁੱਢਾ ਹੈ, ਮੈਨੂੰ ਕਹਿਣਾ ਚਾਹੀਦਾ ਹੈ ਕਿ ਉਹ ਲਗਭਗ ਸੋ ਸਾਲ ਤੋਂ ਉੱਪਰ ਦਾ ਹੋਵੇਗਾ। ਉਹ ਬਹੁਤ ਬੁੱਢਾ ਹੈ ਉਸਦੀ ਚਿੱਟੀ ਦਾੜੀ ਹਰੀ ਹੋ ਰਹੀ ਹੈ , ਪਰ ਉਹ ਹਮੇਸ਼ਾ ਹੱਸਦਾ ਰਹਿੰਦਾ ਹੈ ਅਤੇ ਉਸਦਾ ਚਹਿਰਾ ਇਸ ਤਰ੍ਹਾਂ ਚਮਕਦਾ ਹੈ ਜਿਵੇਂ ਕੋਈ ਸਵਰਗ ਦਾ ਦੇਵਤਾ ਹੋਵੇ। ਦੂਜਾ ਕੱਦ ਦਾ ਲੰਬਾ ਹੈ , ਪਰ ਉਹ ਵੀ ਬਹੁਤ ਬੁੱਢਾ ਹੈ। ਉਹ ਫਟਿਆ ਹੋਇਆ ਕਿਸਾਨੀ ਕੋਟ ਪਹਿਨਦਾ ਹੈ। ਉਸਦੀ ਦਾਹੜੀ ਚੋੜੀ ਅਤੇ ਪੀਲ਼ੇ ਸਲੇਟੀ ਰੰਗ ਦੀ ਹੈ। ਉਹ ਇਕ ਤਾਕਤਵਰ ਆਦਮੀ ਹੈ। ਉਸ ਨੇ ਮੇਰੀ ਕਿਸ਼ਤੀ ਨੂੰ ਇਸ ਤਰ੍ਹਾਂ ਉਲਟਾਂ ਕੇ ਸਿੱਧੀ ਕਰ ਦਿੱਤਾ ਜਿਵੇਂ ਇਹ ਕੋਈ ਬਾਲਟੀ ਹੋਵੇ  ਉਹ ਵੀ ਦਿਆਲੂ ਅਤੇ ਹਸਮੁੱਖ ਹੈ। ਤੀਜਾ ਲੰਬਾ ਹੈ ਅਤੇ ਉਸਦੀ ਦਾਹੜੀ ਬਰਫ਼ ਦੀ ਤਰ੍ਹਾਂ ਸਫੇਦ ਹੈ ਅਤੇ ਗੋਡਿਆਂ ਤੱਕ ਪਹੁੰਚਦੀ ਹੈ। ਉਹ ਸਖ਼ਤ ਹੈ, ਭਰਵੇ-ਲਟਕਦੇ ਭਰਵੱਟਿਆਂ ਵਾਲਾ ਅਤੇ ਉਸਨੇ ਆਪਣੇ ਲੱਕ ਦੁਆਲੇ ਲਪੇਟੀ ਹੋਈ ਚਟਾਈ ਤੋਂ ਸਿਵਾ ਕੁਝ ਨਹੀਂ ਪਹਿਨਿਆਂ ਹੋਇਆ ਸੀ।

ਕੀ ਉਨ੍ਹਾਂ ਨੇ ਤੁਹਾਡੇ ਨਾਲ ਕੋਈ ਗੱਲ ਕੀਤੀ? ਬਿਸ਼ਪ ਨੇ ਪੁੱਛਿਆ।

ਜ਼ਿਆਦਾ ਸਮਾਂ ਉਨ੍ਹਾਂ ਨੇ ਸਭ ਕੁਝ ਚੁੱਪ ਰਹਿ ਕੇ ਹੀ ਕੀਤਾ ਅਤੇ ਥੋੜ੍ਹਾ ਬੋਲੇ ਉਹ ਵੀ ਸਿਰਫ ਆਪਸ ਵਿੱਚ। ਉਨ੍ਹਾਂ ਵਿੱਚੋ ਇਕ ਸਿਰਫ਼ ਨਜ਼ਰ ਮਾਰਦਾ ਅਤੇ ਬਾਕੀ ਵੀ ਤੱਕਣੀ ਤੋਂ ਸਮਝ ਲੈਦੇ ਕੇ ਉਹ ਕੀ ਕਹਿਣਾ ਚਾਹੁੰਦਾ ਹੈ। ਮੈਂ ਲੰਬੇ ਨੂੰ ਪੁੱਛਿਆ ਕੇ ਉਹ ਉੱਥੇ ਲੰਮੇ ਸਮੇਂ ਤੋ ਰਹਿ ਰਹੇ ਹਨ। ਉਹ ਝੁਕਿਆ ਅਤੇ ਕੁਝ ਬੁੱੜਬੜਾਇਆ ਜਿਵੇਂ ਉਹ ਗੁੱਸੇ ਵਿੱਚ ਹੋਵੇ , ਪਰ ਸਭ ਤੋਂ ਬਜ਼ੁਰਗ ਨੇ ਉਸਦਾ ਹੱਥ ਫੜ ਲਿਆ ਅਤੇ ਮੁਸਕਰਾਇਆ ਅਤੇ ਫਿਰ ਲੰਬਾ ਚੁੱਪ ਸੀ। ਸਭ ਤੋਂ ਬਜ਼ੁਰਗ ਨੇ ਸਿਰਫ਼ ਆਖਿਆ , ‘ਸਾਡੇ ‘ਤੇ ਰਹਿਮ ਕਰੋ’ ਅਤੇ ਮੁਸਕਰਾਇਆ।

ਜਦੋਂ ਮਛੇਰਾ ਇਹ ਗੱਲਾਂ ਕਰ ਰਿਹਾ ਸੀ , ਉਸ ਸਮੇਂ ਦੌਰਾਨ ਜਹਾਜ ਟਾਪੂ ਦੇ ਬਿਲਕੁਲ ਨੇੜੇ ਚਲਾ ਗਿਆ ਸੀ।

ਉੱਥੇ , ਹੁਣ ਤੁਸੀਂ ਇਸਨੂੰ ਸਾਫ ਵੇਖ ਸਕਦੇ ਹੋ, ਹੱਥ ਨਾਲ ਇਸ਼ਾਰਾ ਕਰਦਿਆ ਵਪਾਰੀ ਨੇ ਆਖਿਆ।

ਬਿਸ਼ਪ ਨੇ ਤੱਕਿਆ ਅਤੇ ਹੁਣ ਅਸਲ ਵਿੱਚ ਉਸਨੂੰ ਇਕ ਹਨੇਰੀ ਲਕੀਰ ਵਿਖਾਈ ਦਿੱਤੀ – ਜਿਹੜਾ ਕੇ ਇਕ ਟਾਪੂ ਸੀ। ਕੁਝ ਸਮਾਂ ਇਸਨੂੰ ਵੇਖਣ ਤੋਂ ਬਾਅਦ, ਉਸਨੇ ਜਹਾਜ਼ ਦੇ ਅਗਲੇ ਹਿੱਸੇ ਨੂੰ ਛੱਡ ਦਿੱਤਾ ਅਤੇ ਕਿਨਾਰੇ ਵੱਲ ਨੂੰ ਜਾਂਦਿਆਂ, ਜਹਾਜ਼ ਚਾਲਕ ਨੂੰ ਪੁੱਛਿਆ:

ਉਹ ਕਿਹੜਾ ਟਾਪੂ ਹੈ ?

ਉਸਦਾ ਕੋਈ ਨਾਮ ਨਹੀਂ ਹੈ , ਬੰਦੇ ਨੇ ਜਵਾਬ ਦਿੱਤਾ। ਸਮੁੰਦਰ ਵਿੱਚ ਇਸ ਤਰ੍ਹਾਂ ਦੇ ਬਹੁਤ ਹਨ।

ਕੀ ਇਹ ਸੱਚ ਹੈ ਕਿ ਉੱਥੇ ਸੰਨਿਆਸੀ ਰਹਿੰਦੇ ਹਨ ਜੋ ਆਪਣੀਆਂ ਆਤਮਾਵਾਂ ਦੀ ਮੁਕਤੀ ਲਈ ਰਹਿ ਰਹੇ ਹਨ ?

ਇਸ ਤਰ੍ਹਾਂ ਕਿਹਾ ਜਾਂਦਾ ਹੈ ਪਰ ਮੈਂ ਨਹੀਂ ਜਾਣਦਾ ਕੀ ਇਹ ਸੱਚ ਹੈ ਜਾਂ ਨਹੀਂ। ਮਛੇਰੇ ਕਹਿੰਦੇ ਹਨ ਕਿ ਉਨ੍ਹਾਂ ਨੇ ਉਨ੍ਹਾਂ ਨੂੰ ਵੇਖਿਆ ਹੈ; ਪਰ ਜ਼ਾਹਰ ਹੈ ਕਿ ਉਹ ਗੱਪਾਂ ਮਾਰ ਰਹੇ ਹੋਣਗੇ।

ਮੈਨੂੰ ਇਸ ਟਾਪੂ ‘ਤੇ ਉਤਰਨਾ ਚਾਹੁੰਦਾ ਹਾਂ ਅਤੇ ਉਨ੍ਹਾਂ ਨੂੰ ਵੇਖਣਾ ਚਾਹੁੰਦਾ ਹਾਂ , ਬਿਸ਼ਪ ਨੇ ਕਿਹਾ। ਮੈਂ ਇਸਦਾ ਕਿਵੇਂ ਪ੍ਰਬੰਧ ਕਰ ਸਕਦਾ ਹਾਂ?

ਜਹਾਜ਼ ਟਾਪੂ ਦੇ ਜ਼ਿਆਦਾ ਨੇੜੇ ਨਹੀਂ ਜਾ ਸਕਦਾ, ਜਹਾਜ਼ ਚਾਲਕ ਨੇ ਜਵਾਬ ਦਿੱਤਾ। ਪਰ ਤੁਹਾਨੂੰ ਛੋਟੀ ਕਿਸ਼ਤੀ ਵਿੱਚ ਸਵਾਰ ਕਰਕੇ ਉੱਥੇ ਭੇਜਿਆ ਜਾ ਸਕਦਾ ਹੈ ਪਰ ਇਹ ਠੀਕ ਰਹੇਗਾ ਕੇ ਤੁਸੀਂ ਇਸ ਬਾਰੇ ਕੈਪਟਨ ਨਾਲ ਗੱਲ ਕਰ ਲਵੋ।

ਕੈਪਟਨ ਨੂੰ ਬੁਲਾਇਆ ਗਿਆ ਅਤੇ ਉਹ ਆ ਗਿਆ।

ਮੈਂ ਇਨ੍ਹਾਂ ਸੰਨਿਆਸੀਆ ਨੂੰ ਵੇਖਣਾ ਚਾਹੁੰਦਾ ਹਾਂ, ਬਿਸ਼ਪ ਨੇ ਕਿਹਾ। ਕੀ ਮੈਨੂੰ ਕੰਢੇ ਤੱਕ ਪਹੁੰਚਾਇਆ ਜਾ ਸਕਦਾ ਹੈ ?

ਕੈਪਟਨ ਨੇ ਉਸਨੂੰ ਰੋਕਣ ਦੀ ਕੌਸ਼ਿਸ਼ ਕੀਤੀ।

ਬਿਲਕੁਲ ਇਹ ਕੀਤਾ ਜਾ ਸਕਦਾ ਹੈ , ਉਸਨੇ ਕਿਹਾ, ਪਰ ਇਸ ਵਿੱਚ ਅਸੀਂ ਕਾਫ਼ੀ ਸਮਾਂ ਖਰਾਬ ਕਰ ਦੇਵਾਂਗੇ। ਜੇਕਰ ਮੈਂ ਕਹਿਣ ਦੀ ਹਿਮਾਕਤ ਕਰਾ ਤਾਂ ਉਹ ਬਜ਼ੁਰਗ ਆਦਮੀ ਤੁਹਾਡੀ ਖੇਚਲ ਦੇ ਯੋਗ ਨਹੀਂ ਹਨ ਜੋ ਤੁਸੀ ਉਠਾ ਰਹੇ ਹੋ। ਮੈਂ ਸੁਣਿਆ ਹੈ ਕਿ ਉਹ ਮੂਰਖ ਬੁੱਢੇ ਹਨ , ਜੋ ਕੁਝ ਵੀ ਨਹੀਂ ਸਮਝਦੇ ਅਤੇ ਮੱਛੀ ਤੋਂ ਵੀ ਘੱਟ ਬੋਲਦੇ ਹਨ ਭਾਵ ਇੱਕ ਸ਼ਬਦ ਵੀ ਨਹੀਂ ਬੋਲਦੇ।

ਮੈਂ ਉਨ੍ਹਾਂ ਨੂੰ ਵੇਖਣਾ ਚਾਹੁੰਦਾ ਹਾਂ, ਬਿਸ਼ਪ ਨੇ ਕਿਹਾ ਅਤੇ ਮੈਂ ਤੁਹਾਡੀ ਖੱਜਲ ਖੁਆਰੀ ਅਤੇ ਸਮੇਂ ਦੇ ਨੁਕਾਸ ਲਈ ਭੁਗਤਾਨ ਕਰ ਦੇਵਾਗਾ। ਕਿਰਪਾ ਕਰਕੇ ਮੈਨੂੰ ਇੱਕ ਕਿਸ਼ਤੀ ਦੇ ਦਿਓ।

ਇਸ ਦੇ ਲਈ ਕੋਈ ਮਦਦ ਨਹੀ ਸੀ , ਸਾਨੂੰ ਇਸ ਤਰ੍ਹਾਂ ਹੁਕਮ ਦਿੱਤਾ ਗਿਆ ਸੀ। ਮਲਾਹ ਨੇ ਪਾਲਾ ਨੂੰ ਠੀਕ ਕੀਤਾ, ਸਟੀਅਰਮੈਨ ਨੇ ਟੋਪ ਪਹਿਨਿਆ ਅਤੇ ਜਹਾਜ਼ ਨੂੰ ਟਾਪੂ ਵੱਲ ਨੂੰ ਸੇਧਤ ਕੀਤਾ ਗਿਆ।

ਬੇੜੀ ਦੇ ਅੱਗੇ ਬਿਸ਼ਪ ਲਈ ਇਕ ਕੁਰਸੀ ਰੱਖੀ ਗਈ ਅਤੇ ਉਹ ਕੁਰਸੀ ‘ਤੇ ਬੈਠ ਗਿਆ ਅਤੇ ਅੱਗੇ ਵੱਲ ਨੂੰ ਵੇਖਣ ਲੱਗਾ। ਸਾਰੇ ਯਾਤਰੀ ਬੇੜੀ ‘ਤੇ ਇਕੱਠੇ ਹੋਏ ਅਤੇ ਟਾਪੂ ਵੱਲ ਨੂੰ ਤੱਕਣ ਲੱਗੇ। ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਵਧੇਰੇ ਤੇਜ਼ ਸੀ ਉਹ ਟਾਪੂ ‘ਤੇ ਪੱਥਰ ਵੇਖ ਸਕਦੇ ਸਨ ਅਤੇ ਫਿਰ ਕੱਲ ਝੋਪੜੀ ਵਿਖਾਈ ਦਿੱਤੀ। ਅਖੀਰ ਵਿੱਚ ਇੱਕ ਆਦਮੀ ਨੇ ਸੰਨਿਆਸੀਆ ਨੂੰ ਵੇਖਿਆ। ਕੈਪਟਨ ਇੱਕ ਦੂਰਬੀਨ ਲੈ ਕੇ ਆਇਆ ਅਤੇ ਇਸ ਵਿੱਚੋਂ ਆਪ ਵੇਖਣ ਤੋਂ ਬਾਅਦ ਇਹ ਦੂਰਬੀਨ ਉਸਨੇ ਬਿਸ਼ਪ ਨੂੰ ਦੇ ਦਿੱਤੀ।

ਇਹ ਕਾਫ਼ੀ ਠੀਕ ਹੈ। ਉੱਥੇ ਕੰਢੇ ‘ਤੇ ਤਿੰਨ ਆਦਮੀ ਖੜੇ ਹਨ। ਉੱਥੇ , ਉਸ ਵੱਡੇ ਪੱਥਰ ਦੇ ਥੌੜਾ ਸੱਜੇ ਪਾਸੇ।

ਬਿਸ਼ਪ ਨੇ ਦੂਰਬੀਨ ਚੁੱਕੀ ਅਤੇ ਇਸ ਨੂੰ ਉਸ ਦਿਸ਼ਾ ਵੱਲ ਕੀਤਾ ਅਤੇ ਉਸਨੇ ਤਿੰਨ ਆਦਮੀਆਂ ਨੂੰ ਵੇਖਿਆ; ਇੱਕ ਲੰਬਾ , ਇੱਕ ਛੋਟਾ ਅਤੇ ਇੱਕ ਬਹੁਤ ਛੋਟਾ ਅਤੇ ਝੁਕਿਆ ਹੋਇਆ , ਉਹ ਕਿਨਾਰੇ ‘ਤੇ ਖੜੇ ਸਨ ਇੱਕ ਦੂਜੇ ਦਾ ਹੱਥ ਫੜੀ।

ਕਪਤਾਨ ਬਿਸ਼ਪ ਵੱਲ ਨੂੰ ਮੁੜਿਆ।

ਜਹਾਜ ਇਸ ਤੋਂ ਹੋਰ ਨੇੜੇ ਨਹੀਂ ਜਾ ਸਕਦਾ। ਜੇਕਰ ਤੁਸੀਂ ਕੰਢੇ ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਛੋਟੀ ਕਿਸ਼ਤੀ ਵਿੱਚ ਜਾਣਾ ਚਾਹੀਦਾ ਹੈ ਓਦੋਂ ਤੱਕ ਅਸੀਂ ਇੱਥੇ ਹੀ ਲੰਗਰ ਸੁੱਟ ਕੇ ਜਹਾਜ਼ ਨੂੰ ਰੋਕ ਲੈਦੇ ਹਾਂ।

ਤਾਰ ਜਲਦੀ ਨਾਲ ਛੱਡ ਦਿੱਤੀ ਗਈ , ਲੰਗਰ ਹੇਠਾਂ ਸੁੱਟਿਆ ਗਿਆ। ਜਿਸ ਦੇ ਨਾਲ ਇਕ ਝਟਕਾ ਲੱਗਿਆ ਅਤੇ ਜਹਾਜ਼ ਕੰਬ ਗਿਆ। ਇਕ ਬੇੜੀ ਹੇਠਾਂ ਉਤਾਰੀ ਗਈ , ਬੇੜੀ ਚਾਲਕ ਛਾਲ ਮਾਰ ਕੇ ਇਸ ਵਿੱਚ ਬੈਠ ਗਿਆ ਅਤੇ ਬਿਸ਼ਪ ਪੌੜੀ ਰਾਹੀਂ ਹੇਠਾਂ ਉੱਤਰਿਆ ਅਤੇ ਆਪਣੀ ਸੀਟ ਤੇ ਬੈਠ ਗਿਆ। ਬੰਦਿਆਂ ਨੇ ਆਪਣੇ ਜਹਾਜ਼ ਚਾਲਕਾਂ ਨੂੰ ਖਿੱਚਿਆ ਅਤੇ ਬੇੜੀ ਟਾਪੂ ਵੱਲ ਜਾਣ ਲੱਗੀ। ਜਦੋਂ ਉਹ ਪੱਥਰ ਸੁੱਟਣ ਦੀ ਦੂਰੀ ‘ਤੇ ਆਏ, ਉਨ੍ਹਾਂ ਨੇ ਤਿੰਨ ਬਜ਼ੁਰਗਾਂ ਨੂੰ ਵੇਖਿਆ : ਇੱਕ ਲੰਬੇ ਕੱਦ ਦਾ ਜਿਸਨੇ ਆਪਣੇ ਲੱਕ ਦੁਆਲੇ ਸਿਰਫ ਚਟਾਈ ਬੰਨ੍ਹੀ ਹੋਈ ਸੀ , ਛੋਟੇ ਕੱਦ ਵਾਲਾ ਫਟੇ ਹੋਏ ਕਿਸਾਨਾਂ ਵਾਲੇ ਕੋਟ ਵਿੱਚ ਸੀ ਅਤੇ ਸਭ ਤੋਂ ਬੁੱਢਾ ਉਮਰ ਕਰਕੇ ਪਿੱਠ ਵਿੱਚ ਪਏ ਹੋਏ ਕੁੱਬ ਕਰਕੇ ਝੁਕਿਆ ਹੋਇਆ ਸੀ ਅਤੇ ਉਸਨੇ ਪੁਰਾਣਾ ਕਸਾਕ ਪਹਿਨਿਆ ਹੋਇਆ ਸੀ- ਤਿੰਨੋ ਜਣੇ ਇੱਕ ਦੂਜੇ ਦਾ ਹੱਥ ਫੜੀ ਖੜੇ ਸਨ।

ਜਹਾਜ਼ ਚਾਲਕ ਕਿਨਾਰੇ ਵੱਲ ਨੂੰ ਖਿੱਚੇ ਗਏ ਅਤੇ ਬਿਸ਼ਪ ਦੇ ਬਾਹਰ ਨਿਕਲਣ ਤੱਕ ਉਸਨੇ ਕਿਸ਼ਤੀ ਦੇ ਕੁੰਡਿਆਂ ਨੂੰ ਫੜੀ ਰੱਖਿਆ।

ਬੁੱਢੇ ਆਦਮੀ ਉਸ ਅੱਗੇ ਸਤਿਕਾਰ ਵਜੋਂ ਝੁਕੇ ਅਤੇ ਉਸਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ , ਜਿਸ ਦੇ ਦਰਮਿਆਨ ਉਹ ਹੋਰ ਹੇਠਾਂ ਵੱਲ ਝੁੱਕ ਗਏ। ਫਿਰ ਬਿਸ਼ਪ ਨੇ ਉਨ੍ਹਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ।

ਮੈਂ ਸੁਣਿਆ ਹੈ , ‘ਉਸਨੇ ਕਿਹਾ , ਕਿ ਤੁਸੀ ਧਰਮੀ ਪੁਰਸ਼ ਹੋ ਜੋਕਿ ਆਪਣੀਆਂ ਆਤਮਾਵਾਂ ਨੂੰ ਬਚਾਉਣ ਲਈ ਇੱਥੇ ਰਹਿ ਰਹੇ ਹੋ ਅਤੇ ਆਪਣੇ ਸਾਥੀਆ ਲਈ ਵੀ ਸਾਡੇ ਪ੍ਰਭੂ ਮਸੀਹ ਅੱਗੇ ਅਰਦਾਸ ਕਰਦੇ ਹੋ।’ ਮੈਂ, ਮਸੀਹ ਦਾ ਇੱਕ ਅਯੋਗ ਸੇਵਕ, ਰੱਬ ਦੀ ਦਇਆ ਨਾਲ ਉਸਦੇ ਇੱਜੜ ਨੂੰ ਉਸਦੀਆਂ ਸਿੱਖਿਆਵਾਂ ਸਿਖਾਉਣ ਲਈ ਬੁਲਾਇਆ ਗਿਆ ਹਾਂ। ਮੈਂ ਤੁਹਾਨੂੰ ਰੱਬ ਦੇ ਸੇਵਕਾਂ ਨੂੰ ਵੇਖਣਾ ਚਾਹੁੰਦਾ ਸੀ ਅਤੇ ਨਾਲ ਹੀ ਤੁਹਾਨੂੰ ਸਿੱਖਾਉਣ ਲਈ ਜੋ ਮੈਂ ਕਰ ਸਕਦਾ ਹਾਂ , ਕਰਨਾ ਚਾਹੁੰਦਾ ਹਾਂ।

ਬੁੱਢੇ ਆਦਮੀ ਨੇ ਮੁਸਕਰਾਉਦਿਆ ਇਕ ਦੂਜੇ ਵੱਲ ਵੇਖਿਆ, ਪਰ ਚੁੱਪ ਰਿਹਾ।

ਮੈਨੂੰ ਦੱਸੋ , ਬਿਸ਼ਪ ਨੇ ਆਖਿਆ, ਤੁਸੀ ਆਪਣੀਆਂ ਆਤਮਾਵਾਂ ਨੂੰ ਬਚਾਉਣ ਲਈ ਕੀ ਕਰਦੇ ਹੋ ਅਤੇ ਤੁਸੀਂ ਇਸ ਟਾਪੂ ‘ਤੇ ਰਹਿੰਦਿਆਂ ਰੱਬ ਦੀ ਸੇਵਾ ਕਿਵੇਂ ਕਰਦੇ ਹੋ।

ਦੂਜੇ ਸੰਨਿਆਸੀ ਨੇ ਹਉਕਾ ਭਰਿਆ ਅਤੇ ਸਭ ਤੋਂ ਬਜ਼ੁਰਗ ਵੱਲ ਵੇਖਿਆ। ਬਾਅਦ ਵਾਲਾ ਥੋੜਾ ਮੁਸਕਰਾਇਆ ਅਤੇ ਆਖਿਆ:

ਅਸੀਂ ਨਹੀਂ ਜਾਣਦੇ ਪ੍ਰਭੂ ਦੀ ਸੇਵਾ ਕਿਵੇਂ ਕਰਨੀ ਹੈ ਅਸੀਂ ਪ੍ਰਭੂ ਦੇ ਸੇਵਕ ਸਿਰਫ ਆਪਣੀ ਸੇਵਾ ਅਤੇ ਗੁਜ਼ਾਰਾ ਕਰਦੇ ਹਾਂ।

ਪਰ ਤੁਸੀਂ ਪ੍ਰਭੂ ਅੱਗੇ ਅਰਦਾਸ ਕਿਵੇਂ ਕਰਦੇ ਹੋ? ਬਿਸ਼ਪ ਨੇ ਪੁੱਛਿਆ।

ਅਸੀਂ ਇਸ ਤਰ੍ਹਾਂ ਅਰਦਾਸ ਕਰਦੇ ਹਾਂ, ਸੰਨਿਆਸੀ ਨੇ ਜਵਾਬ ਦਿੱਤਾ।
‘ ਤਿੰਨ ਤੁਸੀਂ ਹੋ , ਤਿੰਨ ਅਸੀਂ ਹਾਂ , ਸਾਰੇ ‘ਤੇ ਮਿਹਰ ਕਰੋ।’

ਜਦੋਂ ਬਜ਼ੁਰਗ ਆਦਮੀ ਨੇ ਇਸ ਤਰ੍ਹਾਂ ਕਿਹਾ ਤਾਂ ਤਿੰਨਾਂ ਸੰਨਿਆਸੀਆ ਨੇ ਆਪਣੀਆਂ ਅੱਖਾਂ ਸਵੱਰਗ ਵੱਲ ਚੁੱਕੀਆਂ ਅਤੇ ਦੁਹਰਾਇਆ :

‘ਤਿੰਨ ਤੁਸੀਂ ਹੋ, ਤਿੰਨ ਅਸੀਂ ਹਾਂ, ਸਾਰੇ ‘ਤੇ ਮਿਹਰ ਕਰੋ।’

ਬਿਸ਼ਪ ਮੁਸਕਰਾਇਆ।

ਤੁਸੀਂ ਪੱਕਾ ਪਵਿੱਤਰ ਤ੍ਰਿਏਕ ਬਾਰੇ ਕੁਝ ਸੁਣਿਆ ਹੋਇਆ ਹੈ , ਉਸਨੇ ਕਿਹਾ। ਪਰ ਤੁਸੀਂ ਸਹੀ ਤਰੀਕੇ ਨਾਲ ਅਰਦਾਸ ਨਹੀਂ ਕਰ ਰਹੇ। ਧਰਮੀ ਪੁਰਸ਼ੋ ਤੁਸੀ ਮੇਰਾ ਪਿਆਰ ਜਿੱਤ ਲਿਆ ਹੈ। ਮੈਂ ਵੇਖ ਰਿਹਾ ਹਾਂ ਕੇ ਤੁਸੀਂ ਪ੍ਰਭੂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਪਰ ਤੁਸੀ ਇਸ ਗੱਲ ਤੋਂ ਅਣਜਾਣ ਹੋ ਕੇ ਉਸਦੀ ਸੇਵਾ ਕਿਵੇਂ ਕਰਨੀ ਹੈ। ਇਹ ਅਰਦਾਸ ਕਰਨ ਦਾ ਸਹੀ ਢੰਗ ਨਹੀਂ ਹੈ; ਮੇਰੇ ਵੱਲ ਧਿਆਨ ਦਿਓ, ਮੈਂ ਤੁਹਾਨੂੰ ਸਿਖਾਵਾਂਗਾ। ਮੈਂ ਤੁਹਾਨੂੰ ਕੋਈ ਆਪਣਾ ਤਰੀਕਾ ਨਹੀਂ ਸਿਖਾਵਾਂਗਾ ਸਗੋਂ ਉਹ ਢੰਗ ਦੱਸਾਂਗਾ ਜੋ ਪਵਿੱਤਰ ਗ੍ਰੰਥ ਵਿੱਚ ਰੱਬੀ ਹੁਕਮ ਵਾਂਗ ਸਾਰਿਆਂ ਲਈ ਅਰਦਾਸ ਕਰਨ ਲਈ ਦਰਜ ਹੈ।

ਬਿਸ਼ਪ ਨੇ ਸੰਨਿਆਸੀਆ ਨੂੰ ਇਹ ਸਮਝਾਉਣਾ ਸ਼ੁਰੂ ਕੀਤਾ ਕਿ ਕਿਵੇਂ ਰੱਬ ਨੇ ਆਪਣੇ ਆਪ ਨੂੰ ਮਨੁੱਖ ਅੱਗੇ ਜ਼ਾਹਰ ਕੀਤਾ ਸੀ ਨਾਲ ਹੀ ਉਨ੍ਹਾਂ ਨੂੰ ਪਰਮਾਤਮਾ ਪਿਤਾ, ਪਰਮਾਤਮਾ ਪੁੱਤਰ ਅਤੇ ਪਰਮਾਤਮਾ ਪਵਿੱਤਰ ਆਤਮਾ ਬਾਰੇ ਦੱਸਿਆ।

ਪਰਮੇਸ਼ਵਰ ਪੁੱਤਰ ਹੇਠਾਂ ਧਰਤੀ ‘ਤੇ ਆਇਆ ਮਨੁੱਖ ਨੂੰ ਬਚਾਉਣ ਲਈ , ਉਸਨੇ ਕਿਹਾ , ‘ਅਤੇ ਇਸ ਤਰ੍ਹਾਂ ਉਸਨੇ ਸਾਨੂੰ ਸਾਰਿਆਂ ਨੂੰ ਸਿਖਾਇਆ ਕੇ ਅਰਦਾਸ ਕਿਵੇਂ ਕਰਨੀ ਹੈ। ਸੁਣੋ ਅਤੇ ਮੇਰੇ ਪਿੱਛੇ ਦੁਹਰਾਓ : ‘ਸਾਡੇ ਪਿਤਾ’।

ਸਵਰਗ ਦੇ ਵਿੱਚ ਕਿਹੜੀ ਕਲਾ , ਬਿਸ਼ਪ ਨੇ ਜਾਰੀ ਰੱਖਿਆ।

ਪਹਿਲੇ ਸੰਨਿਆਸੀ ਨੇ ਦੁਹਰਾਇਆ, ‘ ਸਵਰਗ ਦੇ ਵਿੱਚ ਕਿਹੜੀ ਕਲਾ , ‘ ਪਰ ਦੂਜੇ ਤੋਂ ਸ਼ਬਦਾਂ ਵਿੱਚ ਗਲਤੀ ਹੋ ਗਈ ਅਤੇ ਲੰਮੇ ਕੱਦ ਵਾਲਾ ਸੰਨਿਆਸੀ ਵੀ ਠੀਕ ਤਰੀਕੇ ਨਾਲ ਨਹੀਂ ਕਹਿ ਸਕਿਆ। ਉਸਦੀਆਂ ਮੁੱਛਾਂ ਦੇ ਵਾਲ ਜ਼ਿਆਦਾ ਵਧੇ ਹੋਏ ਹੋਣ ਕਰਕੇ ਮੂੰਹ ਵਿੱਚ ਪੈ ਰਹੇ ਸਨ ਜਿਸ ਕਰਕੇ ਉਹ ਸਫਾਈ ਨਾਲ ਬੋਲ ਨਹੀ ਸਕਿਆ। ਸਭ ਤੋਂ ਬਜ਼ੁਰਗ ਸੰਨਿਆਸੀ ਵੀ ਮੂੰਹ ਵਿੱਚ ਦੰਦ ਨਾ ਹੋਣ ਕਰਕੇ ਸਿਰਫ ਅਸਪਸ਼ਟ ਜਿਹਾ ਬੁੜਬੁੜਾਇਆ।

ਬਿਸ਼ਪ ਨੇ ਸ਼ਬਦ ਮੁੜ ਦੁਹਰਾਏ ਅਤੇ ਬਜ਼ੁਰਗਾਂ ਨੇ ਉਨ੍ਹਾਂ ਸ਼ਬਦਾ ਨੂੰ ਉਸਦੇ ਪਿੱਛੇ ਪਿੱਛੇ ਦੁਹਰਾਇਆ। ਬਿਸ਼ਪ ਇੱਕ ਪੱਥਰ ‘ਤੇ ਬੈਠ ਗਿਆ ਅਤੇ ਬਜ਼ੁਰਗ ਆਦਮੀ ਉਸਦੇ ਸਾਹਮਣੇ ਖੜੇ , ਉਸਦੇ ਮੂੰਹ ਵੱਲ ਵੇਖਦੇ ਹੋਏ ਦੁਹਰਾ ਰਹੇ ਸਨ ਜਿਵੇਂ ਉਹ ਉਚਾਰ ਰਿਹਾ ਸੀ। ਸਾਰਾ ਦਿਨ ਬਿਸ਼ਪ ਨੇ ਮਜਦੂਰੀ ਕੀਤੀ , ਇੱਕੋ ਹੀ ਸ਼ਬਦ ਵੀਹ , ਤੀਹ , ਸੋ ਵਾਰੀ ਤੋਂ ਵੱਧ ਵਾਰੀ ਉਚਾਰਿਆ ਅਤੇ ਬਜ਼ੁਰਗ ਆਦਮੀ ਉਸਦੇ ਪਿੱਛੇ ਦੁਹਰਾ ਕਰ ਰਹੇ ਸਨ। ਉਹ ਗਲਤੀ ਕਰਦੇ ਅਤੇ ਉਹ ਉਨ੍ਹਾਂ ਦੀ ਗਲਤੀ ਦਾ ਸੁਧਾਰ ਕਰਦਾ ਅਤੇ ਉਨ੍ਹਾਂ ਨੂੰ ਮੁੜ ਸ਼ੁਰੂ ਕਰਨ ਲਈ ਆਖਦਾ।

ਬਿਸ਼ਪ ਉਥੋ ਉਦੋਂ ਤੱਕ ਨਹੀਂ ਗਿਆ ਜਦੋਂ ਤੱਕ ਉਸਨੇ ਉਨ੍ਹਾਂ ਨੂੰ ਸਾਰੀ ਅਰਦਾਸ ਸਿਖਾ ਨਹੀਂ ਦਿੱਤੀ ਤਾਜੋ ਉਹ ਉਸ ਤੋਂ ਬਾਅਦ ਨਾ ਸਿਰਫ਼ ਦੁਹਰਾ ਸਕਣ ਸਗੋਂ ਇਸ ਨੂੰ ਉਹ ਆਪਣੇ ਆਪ ਕਹਿ ਸਕਣ। ਵਿਚਕਾਰ ਵਾਲਾ ਸੰਨਿਆਸੀ ਪਹਿਲਾ ਬੰਦਾ ਸੀ ਜੋ ਪੂਰੇ ਤੌਰ ‘ਤੇ ਸਿੱਖ ਗਿਆ ਸੀ ਅਤੇ ਉਹ ਇਕੱਲਿਆਂ ਅਰਦਾਸ ਦੇ ਬੋਲਾਂ ਨੂੰ ਦੁਹਰਾ ਸਕਦਾ ਸੀ। ਬਿਸ਼ਪ ਨੇ ਉਸਨੂੰ ਵਾਰ ਵਾਰ ਉਚਾਰਨ ਕਰਨ ਲਈ ਕਿਹਾ ਅਤੇ ਇਸ ਤਰ੍ਹਾਂ ਅਖ਼ੀਰ ਵਿੱਚ ਬਾਕੀ ਵੀ ਕਹਿਣ ਲੱਗ ਪਏ।

ਹਨੇਰਾ ਹੋ ਰਿਹਾ ਸੀ ਅਤੇ ਚੰਦਰਮਾ ਪਾਣੀ ਦੇ ਉੱਪਰ ਵਿਖਾਈ ਦੇ ਰਿਹਾ ਸੀ , ਹਨੇਰਾ ਜ਼ਿਆਦਾ ਹੋਣ ਤੋਂ ਪਹਿਲਾਂ ਬਿਸ਼ਪ ਕਿਸ਼ਤੀ ਵੱਲ ਮੁੜਨ ਲਈ ਉੱਠਿਆ। ਜਦੋਂ ਉਸਨੇ ਬਜ਼ੁਰਗਾਂ ਤੋਂ ਵਿਦਾਈ ਲਈ ਤਾਂ ਉਹ ਸਾਰੇ ਉਸਦੇ ਅੱਗੇ ਜਮੀਨ ‘ਤੇ ਝੁੱਕ ਗਏ। ਉਸਨੇ ਉਨ੍ਹਾਂ ਨੂੰ ਉਠਾਇਆ ਅਤੇ ਹਰੇਕ ਨੂੰ ਚੁੰਮਿਆ ਅਤੇ ਨਾਲ ਹੀ ਉਨ੍ਹਾਂ ਨੂੰ ਅਰਦਾਸ ਕਰਨ ਦੀ ਤਾਕੀਦ ਦਿੱਤੀ ਜਿਵੇਂ ਉਸ ਨੇ ਉਨ੍ਹਾਂ ਨੂੰ ਸਿਖਾਇਆ ਸੀ। ਫਿਰ ਉਹ ਕਿਸ਼ਤੀ ਵਿੱਚ ਚੜ ਗਿਆ ਅਤੇ ਜਹਾਜ਼ ਵੱਲ ਨੂੰ ਵਾਪਿਸ ਮੁੜ ਗਿਆ।

ਜਿਵੇਂ ਹੀ ਉਹ ਕਿਸ਼ਤੀ ਵਿੱਚ ਬੈਠਿਆ ਅਤੇ ਫਿਰ ਜਹਾਜ਼ ਵਿੱਚ ਚੜ੍ਹਾਉਣ ਲਈ ਖਿੱਚਿਆ ਗਿਆ ਇਸ ਸਮੇਂ ਦੌਰਾਨ ਉਹ ਤਿੰਨੋਂ ਹੀ ਸੰਨਿਆਸੀਆਂ ਵਲੋਂ ਅਰਦਾਸ ਕਰਨ ਦੀਆਂ ਉੱਚੀਆਂ ਅਵਾਜ਼ਾਂ ਸੁਣ ਸਕਦਾ ਸੀ। ਜਿਵੇਂ ਹੀ ਕਿਸ਼ਤੀ ਜਹਾਜ਼ ਦੇ ਨੇੜੇ ਪਹੁੰਚੀ ਹੁਣ ਉਨ੍ਹਾਂ ਦੀਆਂ ਅਵਾਜ਼ਾਂ ਸੁਣਾਈ ਨਹੀਂ ਸੀ ਦੇ ਰਹੀਆਂ, ਪਰ ਚੰਨ ਦੀ ਲੋਅ ਵਿੱਚ ਅਜੇ ਵੀ ਉਨ੍ਹਾਂ ਨੂੰ ਵੇਖਿਆ ਜਾ ਸਕਦਾ ਸੀ, ਬਿਲਕੁਲ ਉਸੇ ਹੀ ਤਰ੍ਹਾਂ ਖੜੇ ਜਿਵੇਂ ਉਹ ਉਨ੍ਹਾਂ ਨੂੰ ਕਿਨਾਰੇ ‘ਤੇ ਛੱਡ ਕੇ ਆਇਆ ਸੀ , ਸਭ ਤੋਂ ਛੋਟਾ ਵਿਚਕਾਰ , ਲੰਬਾ ਸੱਜੇ ਪਾਸੇ , ਵਿਚਕਾਰ ਵਾਲਾ ਖੱਬੇ ਪਾਸੇ। ਜਿਵੇਂ ਹੀ ਬਿਸ਼ਪ ਜਹਾਜ਼ ‘ਤੇ ਪਹੁੰਚਿਆ ਅਤੇ ਜਹਾਜ਼ ‘ਤੇ ਸਵਾਰ ਹੋਇਆ, ਜਹਾਜ਼ ਦਾ ਲੰਗਰ ਚੁੱਕਿਆ ਗਿਆ ਅਤੇ ਪਾਲਾ ਨੂੰ ਲਹਿਰਾਇਆ ਗਿਆ। ਪਾਲਾ ਵਿੱਚ ਹਵਾ ਭਰੀ ਅਤੇ ਜਹਾਜ਼ ਚੱਲ ਪਿਆ ਅਤੇ ਬਿਸ਼ਪ ਬੈਠ ਗਿਆ ਅਤੇ ਟਾਪੂ ਵੱਲ ਨੂੰ ਵੇਖਣ ਲੱਗਾ ਜਿਸਨੂੰ ਉਹ ਛੱਡ ਚੁੱਕਾ ਸੀ। ਥੋੜੇ ਸਮੇਂ ਲਈ ਹੀ ਸਹੀ ਪਰ ਉਹ ਅਜੇ ਵੀ ਉਨ੍ਹਾਂ ਸੰਨਿਆਸੀਆ ਨੂੰ ਵੇਖ ਸਕਦਾ ਸੀ , ਪਰ ਫਿਰ ਉਹ ਦਿਖਣੋਂ ਅਲੋਪ ਹੋ ਗਏ ਪਰ ਟਾਪੂ ਅਜੇ ਵੀ ਦਿਖਾਈ ਦੇ ਰਿਹਾ ਸੀ। ਅਖੀਰ ਵਿੱਚ ਟਾਪੂ ਵੀ ਵਿਖਾਈ ਦੇਣੋਂ ਹੱਟ ਗਿਆ ਅਤੇ ਚੰਨ ਦੀ ਰੋਸ਼ਨੀ ਵਿੱਚ ਲਹਿਰਾਉਂਦਾ ਸਿਰਫ ਸਮੁੰਦਰ ਹੀ ਦਿਖਾਈ ਦੇ ਰਿਹਾ ਸੀ।

ਸ਼ਰਧਾਲੂ ਸੋਣ ਲਈ ਲੇਟ ਗਏ ਅਤੇ ਡੈਕ ‘ਤੇ ਬਿਲਕੁਲ ਚੁੱਪ ਸੀ।ਬਿਸ਼ਪ ਦਾ ਅਜੇ ਸੌਣ ਦਾ ਮੰਨ ਨਹੀਂ ਸੀ , ਉਹ ਇਕੱਲਾ ਬੈਠਾ ਸਮੁੰਦਰ ਵੱਲ ਤੱਕ ਰਿਹਾ ਸੀ ਜਿੱਥੋਂ ਟਾਪੂ ਦਿਖਣਾ ਅਲੋਪ ਹੋ ਗਿਆ ਸੀ ਅਤੇ ਉਨ੍ਹਾਂ ਭਲੇ ਬਜ਼ੁਰਗ ਆਦਮੀਆਂ ਬਾਰੇ ਸੋਚ ਰਿਹਾ ਸੀ। ਉਸਨੇ ਸੋਚਿਆ ਕਿ ਉਹ ਪਰਮੇਸ਼ਰ ਦੀ ਅਰਦਾਸ ਸਿੱਖ ਕੇ ਕਿੰਨੇ ਖੁੱਸ਼ ਹੋਏ ਹੋਣਗੇ ਅਤੇ ਉਹ ਰੱਬ ਦਾ ਧੰਨਵਾਦ ਵੀ ਕਰ ਰਿਹਾ ਸੀ ਜਿਸ ਨੇ ਉਸਨੂੰ ਉਨ੍ਹਾਂ ਭਲੇ ਪੁਰਸ਼ਾਂ ਨੂੰ ਸਿਖਾਉਣ ਅਤੇ ਮਦਦ ਕਰਨ ਲਈ ਉਸ ਨੂੰ ਭੇਜਿਆ।

ਇਸ ਤਰ੍ਹਾਂ ਬੈਠਾ ਬਿਸ਼ਪ, ਸੋਚਦਾ ਹੋਇਆ ਸਮੁੰਦਰ ਵੱਲ ਤੱਕ ਰਿਹਾ ਸੀ ਜਿੱਥੇ ਉਹ ਟਾਪੂ ਅਲੋਪ ਹੋ ਗਿਆ ਸੀ। ਚੰਨ ਦੀਆਂ ਰੌਸ਼ਨੀਆਂ ਉਸਦੀਆਂ ਅੱਖਾਂ ਸਾਹਮਣੇ ਚਮਕ ਰਹੀਆਂ ਸਨ। ਅਚਾਨਕ ਉਸਨੇ ਕੁਝ ਚਿੱਟਾ ਅਤੇ ਚਮਕਦਾਰ ਦੇਖਿਆ ਉਸ ਚਮਕਦਾਰ ਰਾਸਤੇ ‘ਤੇ ਜਿਹੜਾ ਚੰਦਰਮਾ ਦੀ ਰੋਸ਼ਨੀ ਕਾਰਨ ਸਮੁੰਦਰ ‘ਤੇ ਬਣਿਆ ਹੋਇਆ ਸੀ।ਕੀ ਇਹ ਕੋਈ ਸੀਗਲ ਸੀ ਜਾਂ ਕੋਈ ਛੋਟੀ ਕਿਸ਼ਤੀ ਜਾਂ ਚਮਕਦਾਰ ਜਹਾਜ? ਬਿਸ਼ਪ ਨੇ ਹੈਰਾਨੀਜਨਕ ਹਾਲਤ ਵਿੱਚ ਆਪਣੀਆਂ ਅੱਖਾ ਇਸ ‘ਤੇ ਟਿਕਾਈਆਂ।

ਇਹ ਕੋਈ ਕਿਸ਼ਤੀ ਹੋਣੀ ਚਾਹੀਦੀ ਹੈ ਜੋ ਸਾਡਾ ਪਿੱਛਾ ਕਰ ਰਹੀ ਹੈ, ਉਸਨੇ ਸੋਚਿਆ, ਪਰ ਇਹ ਬੜੀ ਤੇਜ਼ੀ ਨਾਲ ਸਾਡੇ ਤੋਂ ਅੱਗੇ ਲੰਘ ਰਹੀ ਹੈ। ਇੱਕ ਮਿੰਟ ਪਹਿਲਾਂ ਇਹ ਸਾਡੇ ਤੋਂ ਬਹੁਤ ਦੂਰ ਸੀ ਪਰ ਹੁਣ ਇਹ ਸਾਡੇ ਬਹੁਤ ਨੇੜੇ ਪਹੁੰਚ ਗਈ ਹੈ। ਇਹ ਇਕ ਕਿਸ਼ਤੀ ਨਹੀਂ ਹੋ ਸਕਦੀ ਕਿਉਂਕਿ ਮੈਨੂੰ ਕੋਈ ਹੋਰ ਜਹਾਜ਼ ਨਹੀਂ ਵਿਖਾਈ ਦੇ ਰਿਹਾ , ਪਰ ਇਹ ਜੋ ਕੁਝ ਵੀ ਹੋਵੇ, ਇਹ ਸਾਡਾ ਪਿੱਛਾ ਕਰ ਰਿਹਾ ਹੈ ਅਤੇ ਸਾਨੂੰ ਫੜ ਰਿਹਾ ਹੈ।

ਉਹ ਸਮਝ ਨਹੀਂ ਸਕਿਆ ਕਿ ਇਹ ਕੀ ਹੈ। ਨਾ ਤਾ ਇਹ ਕੋਈ ਕਿਸ਼ਤੀ ਹੈ ਨਾ ਹੀ ਕੋਈ ਪੰਛੀ ਹੈ ਅਤੇ ਨਾ ਹੀ ਕੋਈ ਮੱਛੀ ਹੈ! ਇਕ ਬੰਦੇ ਲਈ ਇਹ ਬਹੁੱਤ ਵੱਡਾ ਸੀ ਅਤੇ ਇਸ ਤੋਂ ਬਿਨਾਂ ਇਕ ਆਦਮੀ ਤਾਂ ਸਮੁੰਦਰ ਵਿੱਚ ਨਹੀਂ ਹੋ ਸਕਦਾ।

ਬਿਸ਼ਪ ਉੱਠਿਆ ਅਤੇ ਉਸਨੇ ਕਪਤਾਨ ਨੂੰ ਕਿਹਾ :

ਉੱਥੇ ਵੇਖੋ , ਇਹ ਕੀ ਹੈ , ਮੇਰੇ ਦੋਸਤ ? ਇਹ ਕੀ ਹੈ? ਬਿਸ਼ਪ ਨੇ ਮੁੜ ਦੁਹਰਾਇਆ, ਭਾਵੇਕਿ ਉਹ ਹੁਣ ਸਪਸ਼ਟ ਵੇਖ ਸਕਦਾ ਸੀ ਕਿ ਇਹ ਕੀ ਸੀ- ਤਿੰਨੋ ਸੰਨਿਆਸੀ ਪਾਣੀ ਉੱਤੇ ਦੋੜ ਰਹੇ ਸਨ , ਸਾਰੇ ਚਿੱਟੇ ਚਮਕ ਰਹੇ ਸਨ, ਉਨ੍ਹਾਂ ਦੀਆਂ ਸਲੇਟੀ ਦਾੜ੍ਹੀਆਂ ਵੀ ਚਮਕ ਰਹੀਆਂ ਸਨ ਅਤੇ ਜਹਾਜ਼ ਦੇ ਨੇੜੇ ਉਹ ਇੰਨੀ ਤੇਜ਼ੀ ਨਾਲ ਆ ਰਹੇ ਸਨ ਜਿਵੇਂ ਜਹਾਜ਼ ਚੱਲ ਹੀ ਨਾ ਰਿਹਾ ਹੋਵੇ।

ਸਟੀਅਰਮੈਨ ਨੇ ਵੇਖਿਆ ਅਤੇ ਡਰੇ ਹੋਏ ਨੇ ਪਤਵਾਰ ਨੂੰ ਛੱਡ ਦਿੱਤਾ।

ਹੇ ਪ੍ਰਭੂ, ਸੰਨਿਆਸੀ ਸਾਡੇ ਪਿੱਛੇ ਪਾਣੀ ‘ਤੇ ਇਸ ਤਰ੍ਹਾਂ ਭੱਜੇ ਆ ਰਹੇ ਹਨ ਜਿਵੇਂ ਇਹ ਸੁੱਕੀ ਜ਼ਮੀਨ ਹੋਵੇ।

ਯਾਤਰੀ ਉਸਨੂੰ ਸੁਣਦਿਆਂ ਸਾਰ ਹੀ ਛਾਲਾਂ ਮਾਰ ਉੱਪਰ ਆਏ ਅਤੇ ਕਿਨਾਰੇ ਵੱਲ ਇਕੱਠੇ ਹੋ ਗਏ। ਉਨ੍ਹਾਂ ਨੇ ਸੰਨਿਆਸੀਆ ਨੂੰ ਹੱਥ ਵਿੱਚ ਹੱਥ ਪਾ ਕੇ ਆਉਂਦੇ ਵੇਖਿਆ ਅਤੇ ਬਾਹਰਲੇ ਪਾਸੇ ਵਾਲੇ ਦੋ ਸੰਨਿਆਸੀ ਜਹਾਜ਼ ਨੂੰ ਰੁਕਣ ਦਾ ਇਸ਼ਾਰਾ ਕਰ ਰਹੇ ਸਨ। ਤਿੰਨੋ ਹੀ ਇਕੱਠੇ ਬਿਨਾ ਪੈਰ ਹਿਲਾਏ ਪਾਣੀ ‘ਤੇ ਖਿਸਕ ਰਹੇ ਸਨ। ਜਹਾਜ਼ ਰੋਕਣ ਤੋਂ ਪਹਿਲਾਂ ਹੀ ਸੰਨਿਆਸੀ ਉੱਥੇ ਪਹੁੰਚ ਗਏ ਸਨ ਅਤੇ ਸਿਰਾ ਨੂੰ ਉੱਪਰ ਚੁੱਕਦਿਆਂ ਹੋਇਆ ਤਿੰਨਾਂ ਨੇ ਇੱਕ ਅਵਾਜ਼ ਵਿੱਚ ਕਹਿਣਾ ਸ਼ੁਰੂ ਕੀਤਾ:

‘ਅਸੀਂ ਤੁਹਾਡੀ ਸਿੱਖਿਆ ਭੁੱਲ ਗਏ ਹਾਂ , ਪਰਮਾਤਮਾ ਦੇ ਸੇਵਕ। ਜਿੰਨਾ ਸਮਾਂ ਅਸੀਂ ਦੁਹਰਾ ਕਰਦੇ ਰਹੇ ਸਾਨੂੰ ਯਾਦ ਰਿਹਾ, ਪਰ ਜਦੋਂ ਥੋੜੇ ਸਮੇਂ ਲਈ ਅਸੀਂ ਉਚਾਰਨ ਬੰਦ ਕਰ ਦਿੱਤਾ ਤਾਂ ਇੱਕ ਸ਼ਬਦ ਵਿਸਰ ਗਿਆ ਅਤੇ ਹੁਣ ਇਹ ਸਭ ਟੁਕੜੇ ਟੁਕੜੇ ਹੋ ਗਿਆ ਹੈ। ਹੁਣ ਸਾਨੂੰ ਇਸਦਾ ਕੁਝ ਵੀ ਯਾਦ ਨਹੀਂ ਹੈ। ਕਿਰਪਾ ਕਰਕੇ ਸਾਨੂੰ ਮੁੜ ਸਿਖਾਓ।

ਬਿਸ਼ਪ ਨੇ ਆਪਣੇ ਆਪ ਨੂੰ ਸਲੀਬ ਕੀਤਾ ਅਤੇ ਜਹਾਜ਼ ਦੇ ਇੱਕ ਪਾਸੇ ਵੱਲ ਨੂੰ ਝੁਕਦੇ ਹੋਏ ਕਿਹਾ ;

ਤੁਹਾਡੀ ਆਪਣੀ ਅਰਦਾਸ ਪ੍ਰਮਾਤਮਾ ਤੱਕ ਪਹੁੰਚੇਗੀ , ਰੱਬ ਦੇ ਬੰਦਿਓ। ਤੁਹਾਨੂੰ ਸਿਖਾਉਣਾ ਮੇਰੇ ਵੱਸ ਦੀ ਗੱਲ ਨਹੀਂ ਹੈ। ਸਾਡੇ ਪਾਪੀਆ ਲਈ ਵੀ ਅਰਦਾਸ ਕਰਨਾ।

ਬਿਸ਼ਪ ਨੇ ਬਜ਼ੁਰਗ ਆਦਮੀਆਂ ਅੱਗੇ ਨੀਵਾਂ ਝੁੱਕ ਕੇ ਮੱਥਾ ਟੇਕਿਆ ਅਤੇ ਇਸ ਤੋਂ ਬਾਅਦ ਉਹ ਮੁੜੇ ਅਤੇ ਸਮੁੰਦਰ ਪਾਰ ਵਾਪਿਸ ਚਲੇ ਗਏ। ਜਿਸ ਥਾਂ ‘ਤੇ ਉਹ ਨਜ਼ਰ ਤੋਂ ਓਹਲੇ ਹੋਏ ਸਨ ਦਿਨ ਚੜਨ ਤੱਕ ਉਸ ਜਗ੍ਹਾ ‘ਤੇ ਇਕ ਰੋਸ਼ਨੀ ਚਮਕਦੀ ਰਹੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: