September 12, 2024 | By ਸਿੱਖ ਸਿਆਸਤ ਬਿਊਰੋ
ਖਡੂਰ ਸਾਹਿਬ (9 ਸਤੰਬਰ 2024): ਗੁਰਮੁਖੀ ਟਕਸਾਲ (ਪਟਿਆਲਾ) ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ (ਲੁਧਿਆਣਾ) ਵੱਲੋਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ‘ਗੁਰਿਆਈ ਪੁਰਬ’ ਨੂੰ ਸਮਰਪਿਤ ‘ਗੁਰਮੁਖੀ ਦਿਵਸ’ ਨੂੰ ਮੁੱਖ ਰੱਖਦੇ ਹੋਏ, ਕਾਰ ਸੇਵਾ ਖਡੂਰ ਸਾਹਿਬ ਦੇ ਸਹਿਯੋਗ ਨਾਲ ਸ੍ਰੀ ਖਡੂਰ ਸਾਹਿਬ ਵਿਖੇ ਦੋ-ਰੋਜ਼ਾ ਕਾਰਜਸ਼ਾਲਾ ਕਰਵਾਈ ਗਈ। ਇਸ ਮੌਕੇ ਸਗਾਮਗ ਦਾ ਆਗਾਜ਼ ਬਾਬਾ ਸੇਵਾ ਸਿੰਘ, ਕਾਰ ਸੇਵਾ ਖਡੂਰ ਸਾਹਿਬ ਵੱਲੋਂ ਅਸੀਸ ਦੇ ਸ਼ਬਦ ਸਾਂਝੇ ਕਰਨ ਨਾਲ ਹੋਇਆ।
ਕਾਰਜਸ਼ਾਲਾ ਦੇ ਪਹਿਲੇ ਦਿਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਟਡੀਜ ਇਨ ਸਿੱਖਿਜ਼ਮ ਦੇ ਡਾਇਰੈਕਟਰ ਡਾਕਟਰ ਚਮਕੌਰ ਸਿੰਘ ਨੇ ਗੁਰਮੁਖੀ ਭਾਸ਼ਾ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਧਰਮ ਅਧਿਐਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਗੁਰਮੇਲ ਸਿੰਘ ਨੇ ਲਿਖਤ ਪ੍ਰਬੰਧ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ।
ਕਾਰਜਸ਼ਾਲਾ ਦੇ ਦੂਜੇ ਹੱਲੇ ਵਿਚ ਗੁਰਮਤਿ ਸਾਹਿਤ ਦੀ ਦਸ਼ਾ ਤੇ ਦਿਸ਼ਾ ਵਿਸ਼ੇ ‘ਤੇ ਆਪਸੀ ਵਿਚਾਰ ਵਟਾਂਦਰਾ ਹੋਇਆ। ਇਸ ਮੌਕੇ ਕਾਰਜਸ਼ਾਲਾ ਵਿਚ ਭਾਗ ਲੈਣ ਵਾਲੇ ਲਗਭਗ 250 ਲੇਖਕਾਂ, ਖੋਜਾਰਥੀਆਂ ਤੇ ਵਿਦਿਆਰਥੀਆਂ ਨੇ ਆਪਣੀ ਸ਼ਮੂਲੀਅਤ ਕੀਤੀ। ਕਾਰਜਸ਼ਾਲਾ ਦੇ ਦੂਜੇ ਦਿਨ ਵੱਖ ਵੱਖ ਵਿਦਵਾਨਾਂ ਦੇ ਭਾਸ਼ਣ ਹੋਏ। ਇਸ ਮੌਕੇ ਡਾਕਟਰ ਕੰਵਲਜੀਤ ਸਿੰਘ ਜੀ ਨੇ ਬੜੇ ਭਾਵਪੂਰਤ ਸ਼ਬਦਾਂ ਵਿਚ ਸਾਹਿਤਿਕ ਸ਼ਬਦ ਸਾਧਨਾ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ।
ਕਾਰਜਸ਼ਾਲਾ ਦੇ ਦੂਜੇ ਅਤੇ ਅੰਤਿਮ ਦਿਨ ਬਾਅਦ ਦੁਪਹਿਰ ਸਮਾਪਤੀ ਸਮਾਰੋਹ ਸਮੇਂ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਸੰਗਤ ਨੂੰ ਅਸੀਸ ਬਖਸ਼ਦੇ ਹੋਏ ਗੁਰਮਤਿ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਨਾ ਕੀਤੀ।
ਇਸ ਤੋਂ ਬਾਅਦ ਬਾਬਾ ਸੇਵਾ ਸਿੰਘ ਜੀ ਨੇ ਆਪਣੇ ਕਰ ਕਮਲਾ ਨਾਲ ‘ਗੁਰਮੁਖੀ: ਵਿਰਸਾ ਅਤੇ ਵਰਤਮਾਨ (ਹਥ-ਲਿਖਤਾਂ ਦੇ ਪ੍ਰਸੰਗ ਵਿਚ)’ ਪੁਸਤਕ ਸੰਗਤ ਅਰਪਣ ਕੀਤੀ।
ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਹੁਦੇਦਾਰ ਸਰਦਾਰ ਪਿਰਥੀ ਸਿੰਘ, ਪਰਮਜੀਤ ਸਿੰਘ ਸੁਚਿੰਤਨ ਅਤੇ ਗੁਰਮੁਖੀ ਟਕਸਾਲ ਤੋਂ ਡਾ. ਗੁਰਸੇਵਕ ਸਿੰਘ, ਡਾ. ਤੇਜਿੰਦਰ ਪਾਲ ਸਿੰਘ ਆਦਿ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਡਾ. ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਸਮੁੱਚਾ ਸਮਾਗਮ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਮਿਹਰਾਮਤ ਸਦਕਾ, ਸ੍ਰੀ ਗੁਰੂ ਅੰਗਦ ਦੇਵ ਕਾਲਜ , ਖਡੂਰ ਸਾਹਿਬ ਵਿਖੇ ਉਲੀਕਿਆ ਗਿਆ। ਇਸ ਮੌਕੇ ਨਿਸ਼ਾਨ ਏ ਸਿੱਖੀ ਦੇ ਪ੍ਰਿੰਸੀਪਲ ਵਰਿਆਮ ਸਿੰਘ ਨੇ ਆਏ ਸਾਰੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਮੁੱਚਾ ਪ੍ਰੋਗਰਾਮ ਸਿੱਖ ਪੰਥ ਦੇ ਮਹਾਨ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਜੀ ਅਤੇ ਸਰਦਾਰ ਨਿਰਵੈਰ ਸਿੰਘ ਜੀ ਯੂ. ਐੱਸ. ਏ. ਦੇ ਸਹਿਯੋਗ ਨਾਲ ਹੋਇਆ।
ਇਸ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਸਰਦਾਰ ਬਲਜੀਤ ਸਿੰਘ ਚੇਅਰਮੈਨ, ਪਿਰਥੀ ਸਿੰਘ, ਹਰਮੋਹਿੰਦਰ ਸਿੰਘ, ਸ਼ਿਵਰਾਜ ਸਿੰਘ, ਡਾ. ਅਮਨਦੀਪ ਕੌਰ ਮਾਹਲ, ਡਾ. ਜਤਿੰਦਰ ਪਾਲ ਸਿੰਘ, ਜਸਪਾਲ ਸਿੰਘ, ਵਿਕਰਮਜੀਤ ਸਿੰਘ, ਡਾ. ਮੁਹੱਬਤ ਸਿੰਘ, ਬੀਬਾ ਰਮਨਦੀਪ ਕੌਰ, ਭਾਈ ਹਰਵਿੰਦਰ ਸਿੰਘ ਅਤੇ ਡਾ ਹਰੀ ਸਿੰਘ ਜਾਚਕ ਆਦਿ ਸ਼ਾਮਿਲ ਸਨ।
Related Topics: Gurmat samagam, Kar sewa Khadoor sahib, Khadoor Sahib