March 13, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ (13 ਮਾਰਚ, 2011): ਹੋਂਦ ਕਤਲੇਆਮ ਦੇ ਸਾਕੇ ਨੂੰ 26 ਵਰ੍ਹੇ ਬਾਅਦ ਦੁਨੀਆ ਸਾਹਮਣੇ ਉਜਗਰ ਕਰਨ ਵਾਲੇ ਸਿੱਖ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਨੌਕਰ ਖੁੱਸਣ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬੀਤੇ ਦਿਨ ਮਨਵਿੰਦਰ ਸਿੰਘ ਨੇ ਖੁਦ ਕੁਝ ਅਖਬਾਰਾਂ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਜਦੋਂ ਉਹ ਛੁੱਟੀ ਖਤਮ ਹੋਣ ਉਪਰੰਤ ਆਪਣੀ ਨੌਕਰੀ ਉੱਤੇ ਵਾਪਸ ਪਰਤੇ ਤਾਂ ਗੁੜਗਾਵਾਂ ਸਥਿਤ ਇਸ ਫੈਕਟਰੀ ਦੀ ਸੰਚਾਲਕ ਕੰਪਨੀ ਦੇ ਅਧਿਕਾਰੀਆਂ ਨੇ ਉਸ ਉੱਤੇ ਨੌਕਰੀ ਛੱਡਣ ਲਈ ਦਬਾਅ ਪਾਇਆ। ਇਹ ਖਬਰ ਅਖਬਾਰਾਂ ਵਿਚ ਨਸ਼ਰ ਹੋ ਜਾਣ ਉੱਤੇ ਇਸ ਮਸਲੇ ਦੀ ਸੰਜ਼ੀਦਗੀ ਨੂੰ ਸਮਝਣ ਵਾਲੇ ਵਿਅਕਤੀ ਅਜਿਹੇ ਅਸਾਰਾਂ ਤੋਂ ਚਿੰਤਤ ਹਨ, ਤੇ ਸਿੱਖਾਂ ਨਾਲ ਭਾਰਤ ਵਿਚ ਪਿਛਲੇ ਸਮੇਂ ਵਾਪਰੀਆਂ ਅਜਿਹੀਆਂ ਕਾਰਵਾਈਆਂ ਦੀਆਂ ਉਦਾਹਰਣਾ ਉਨਹਾਂ ਦੀ ਚਿੰਤਾ ਵਿੱਚ ਵੱਡਾ ਵਾਧਾ ਕਰਦੀਆਂ ਹਨ, ਜਿਨ੍ਹਾਂ ਵਿਚੋਂ ਹਾਲੀਆਂ ਉਦਾਰਹਣ ਸਿੱਖ ਪੱਤਰਕਾਰ ਜਰਨੈਲ ਸਿੰਘ ਦੀ ਹੀ ਹੈ। ਸੋ ਅਜਿਹੇ ਹਾਲਾਤਾਂ ਵਿਚ ਸ਼੍ਰੋਮਣੀ ਕਮੇਟੀ ਤੇ ਸਿੱਖ ਕਾਰੋਬਾਰੀਆਂ ਦਾ ਨੈਤਿਕ ਫਰਜ਼ ਹੈ ਕਿ ਉਹ ਇਸ ਨੌਜਵਾਨ ਨੂੰ ਬੇਰੁਜ਼ਗਾਰੀ ਦੀ ਮਾਰ ਤੋਂ ਬਚਾਉਣ ਲਈ ਅੱਗੇ ਆਉਣ। ਕੁਝ ਅਜਿਹੇ ਹੀ ਵਿਚਾਰ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਅੱਜ ਇਸ ਬਿਆਨ ਰਾਹੀਂ ਪ੍ਰਗਟਾਏ ਹਨ।
“ਹੋਂਦ ਕਤਲੇਆਮ ਨੂੰ ਅਪਣੇ ਲੇਖ ਰਾਹੀਂ ਲੋਕਾਂ ਸਾਹਮਣੇ ਲਿਆਉਣ ਵਾਲੇ ਇੰਜੀਨੀਅਰ ਸ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਉਦਯੋਗਪਤੀਆਂ ਦਾ ਫ਼ਰਜ਼ ਬਣਦਾ ਹੈ ਕਿ ਸ. ਗਿਆਸਪੁਰਾ ਨੂੰ ਉਸਦੀ ਕਾਬਲੀਅਤ ਦੇ ਅਧਾਰ ’ਤੇ ਯੋਗ ਨੌਕਰੀ ਮੁਹੱਈਆ ਕਰਵਾਉਣ।” ਇਹ ਮੰਗ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਅਤੇ ਜਨਰਲ ਸਕੱਤਰ ਭਾਈ ਅਮਰੀਕ ਸਿੰਘ ਈਸੜੂ ਨੇ ਕਿਹਾ ਕਿ ਇਹ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਅੱਜ ਤੱਕ ਵੀ ਸਥਾਪਤੀ ਦੀ ਸਿੱਖਾਂ ਪ੍ਰਤੀ ਸੋਚ ਨਹੀਂ ਬਦਲ ਸਕੀ। ਉਸਦੀ ਅੱਜ ਵੀ ਸਿੱਖਾਂ ਪ੍ਰਤੀ ਉਹੀ ਸੋਚ ਹੈ ਜੋ 26 ਸਾਲ ਪਹਿਲਾਂ ਦਰਬਾਰ ਸਾਹਿਬ ’ਤੇ ਹਮਲੇ ਸਮੇਂ ਅਤੇ ਸਿੱਖ ਨਸ਼ਲਕੁਸ਼ੀ ਸਮੇਂ ਸੀ।
ਉਨ੍ਹਾਂ ਕਿਹਾ ਕਿ 26 ਸਾਲਾਂ ਬਾਅਦ ਵੀ ਇਸ ਕਾਂਡ ਦੇ ਸਾਹਮਣੇ ਅਉੁਣ ਤੋਂ ਸਿੱਖ ਵਿਰੋਧੀ ਫਿਰਕੂ ਤਾਕਤਾਂ ਸਕਤੇ ਵਿੱਚ ਹਨ ਇਸੇ ਲਈ ਕੁਝ ਦਿਨ ਪਹਿਲਾਂ ਸ. ਗਿਆਸਪੁਰਾ ਦੇ ਘਰ ’ਤੇ ਹਮਲਾ ਕੀਤਾ ਗਿਆ ਤੇ ਕੀਮਤੀ ਸਮਾਨ ਲੁੱਟਿਆ ਗਿਆ। ਸ. ਗਿਆਸਪੁਰਾ ਨੂੰ ਸਬੰਧਿਤ ਫਰਮ ਵਿੱਚੋਂ ਹਟਵਾਉਣ ਪਿੱਛੇ ਵੀ ਇਸੇ ਫਿਰਕੂ ਲਾਬੀ ਦਾ ਦਬਾਅ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਨਾਲ ਹੋ ਰਹੀ ਵਧੀਕੀ ਉਸਦੇ ਕਿਸੇ ਨਿੱਜੀ ਮਾਮਲੇ ਨਾਲ ਸਬੰਧਿਤ ਨਹੀਂ ਹੈ ਤੇ ਨਾ ਹੀ ਇਹ ਕੋਈ ਆਮ ਵਰਤਾਰਾ ਹੈ ਸਗੋਂ ਇਹ ਵਰਤਾਰਾ ਇੱਕ ਸਮੁੱਚੀ ਕੌਮ ਦੀ ਹੋਣੀ ਨਾਲ ਸਬੰਧਿਤ ਹੈ। ਇਸ ਲਈ ਅਜਿਹੀਆਂ ਚਾਲਾਂ ਰਾਹੀਂ ਕੌਮੀ ਸਦਭਾਵਨਾ ਵਿੱਚ ਵਿਗਾੜ ਪਾ ਰਹੀਆਂ ਤਾਕਤਾਂ ਦਾ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਸਖ਼ਤ ਨੋਟਿਸ ਲੈ ਕੇ ਅਜਿਹੀਆਂ ਸ਼ਕਤੀਆਂ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ।
Related Topics: Akali Dal Panch Pardhani, Hondh Massacre, Shiromani Gurdwara Parbandhak Committee (SGPC)