Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।
Sudden Heatwave Threatens Wheat Crop in Punjab, Decline in Yield Feared

ਪੰਜਾਬ ‘ਚ ਅਚਾਨਕ ਵਧੀ ਗਰਮੀ ਨਾਲ ਕਣਕ ਦੀ ਫ਼ਸਲ ‘ਤੇ ਵੱਡਾ ਸੰਕਟ, ਝਾੜ ‘ਚ ਭਾਰੀ ਗਿਰਾਵਟ ਦਾ ਖ਼ਦਸ਼ਾ

ਪੰਜਾਬ ‘ਚ ਅਚਾਨਕ ਵਧੀ ਗਰਮੀ ਨਾਲ ਕਣਕ ਦੀ ਫ਼ਸਲ ‘ਤੇ ਵੱਡਾ ਸੰਕਟ, ਝਾੜ ‘ਚ ਭਾਰੀ ਗਿਰਾਵਟ ਦਾ ਖ਼ਦਸ਼ਾ

ਲੁਧਿਆਣਾ: ਫਰਵਰੀ ਦੇ ਅੰਤ ਅਤੇ ਮਾਰਚ ਦੇ ਸ਼ੁਰੂ ‘ਚ ਅਚਾਨਕ ਵਧੀ ਗਰਮੀ ਨੇ ਕਣਕ ਦੀ ਫ਼ਸਲ ਦੀ ਪੈਦਾਵਾਰ ਲਈ ਗੰਭੀਰ ਖ਼ਤਰਾ ਪੈਦਾ ਕਰ ਦਿੱਤਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਅਨੁਸਾਰ ਇਸ ਮਹੀਨੇ ਤਾਪਮਾਨ ਆਮ ਨਾਲੋਂ 5 ਤੋਂ 7 ਡਿਗਰੀ ਸੈਲਸੀਅਸ ਵੱਧ ਰਹਿਣ ਦੀ ਸੰਭਾਵਨਾ ਹੈ, ਜੋ ਅਨਾਜ ਦੇ ਦਾਣਾ ਬਣਨ ਦੇ ਅਹਿਮ ਪੜਾਅ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜਦੋਂ ਕਿ ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਵੀ ਕਾਫੀ ਘੱਟ ਹੈ।

ਇਸ ਨਾਲ ਉੱਤਰੀ ਭਾਰਤ ਵਿਚ ਕਣਕ ਦੀ ਪੈਦਾਵਾਰ 10 ਤੋਂ 20 ਫ਼ੀਸਦੀ ਘਟਣ ਦੇ ਆਸਾਰ ਬਣ ਸਕਦੇ ਹਨ। ਇਸ ਗਰਮੀ ਦਾ ਅਸਰ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਤੇ ਉੱਤਰੀ ਭਾਰਤ ਦੇ ਹੋਰ ਰਾਜਾਂ ਵਿਚ ਵੀ ਪੈਣ ਦੀ ਸੰਭਾਵਨਾ ਹੈ। ਪੰਜਾਬ ਵਿਚ ਕਣਕ ਦੀ ਪੈਦਾਵਾਰ ਇਸ ਵਾਰ 12 ਤੋਂ 20 ਲੱਖ ਟਨ ਘੱਟ ਸਕਦੀ ਹੈ। ਬਠਿੰਡਾ, ਮੋਗਾ, ਸੰਗਰੂਰ ਅਤੇ ਲੁਧਿਆਣਾ ਆਦਿ ਦੀ ਕਰੀਬ 50 ਹਜ਼ਾਰ ਏਕੜ ਤੋਂ ਵੱਧ ਫ਼ਸਲ ਪ੍ਰਭਾਵਿਤ ਹੋਣ ਦੇ ਆਸਾਰ ਹਨ।

ਨੁਕਸਾਨ ਦਾ ਵਿਆਪਕ ਅਸਰ

ਪੰਜਾਬ ‘ਚ ਕਣਕ ਦੀ ਫ਼ਸਲ ਇਸ ਵੇਲੇ ਦਾਣਾ ਭਰਨ ਅਤੇ ਕਣਕ ਦੀ ਬਲੀ ਦੇ ਵਿਕਾਸ ਦੇ ਅਹਿਮ ਪੜਾਅ ‘ਤੇ ਹੈ, ਤਾਪਮਾਨ ਵਿਚ ਅਚਾਨਕ ਵਾਧੇ ਨਾਲ ਕਣਕ ਸੁੱਕ ਰਹੀ ਹੈ ਤੇ ਦਾਣੇ ਦਾ ਭਾਰ ਹਲਕਾ ਹੋ ਰਿਹਾ ਹੈ। ਇਹ ਨੁਕਸਾਨ 2022 ਵਾਲੀ ਤੇਜ਼ ਗਰਮੀ ਜਦੋਂ ਪੈਦਾਵਾਰ 5 ਤੋਂ 10 ਫ਼ੀਸਦੀ ਘਟੀ ਸੀ, ਤੋਂ ਵਧੇਰੇ ਹੋ ਸਕਦਾ ਹੈ।

ਖੰਨਾ ਨੇੜਲੇ ਪਿੰਡਾਂ ‘ਚ ਫ਼ਸਲ ਪੀਲੀ ਪੈ ਰਹੀ ਹੈ ਅਤੇ ਦਾਣੇ ਛੋਟੇ ਹੋ ਰਹੇ ਹਨ। ਕਿਸਾਨਾਂ ਦਲਜੀਤ ਸਿੰਘ ਨੌਲੜੀ ਅਤੇ ਅੰਮਿ੍ਤਪਾਲ ਸਿੰਘ ਬੈਨੀਪਾਲ ਨੇ ਕਿਹਾ ਕਿ ਅਚਾਨਕ ਵਧ ਰਹੇ ਤਾਪਮਾਨ ਕਾਰਨ ਕਣਕ ਦੇ ਪੱਤਿਆਂ ਤੇ ਬੱਲੀਆਂ ਦਾ ਰੰਗ ਪੀਲਾ ਪੈ ਰਿਹਾ ਹੈ, ਜਿਸ ਨਾਲ ਝਾੜ ਘਟਣਾ ਯਕੀਨੀ ਹੈ। ਇਹ ਕਣਕ ਦੇ ਦਾਣੇ ਨੂੰ ਮਾਜੂ (ਸੁੰਗੜਿਆ) ਦਾਣਾ ਬਣਾ ਦੇਵੇਗਾ। ਖੇਤੀ ਵਿਗਿਆਨਕਾਂ ਅਨੁਸਾਰ ਇਹ ਨੁਕਸਾਨ ਨਾ ਸਿਰਫ਼ ਪੈਦਾਵਾਰ ਨੂੰ ਘਟਾਏਗਾ, ਸਗੋਂ ਅਨਾਜ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰੇਗਾ। ਇਸ ਦਾ ਵੱਡਾ ਨੁਕਸਾਨ ਕਣਕ ਦਾ ਬੀਜ ਬਣਾਉਣ ਵਾਲਿਆਂ ‘ਤੇ ਹੋਵੇਗਾ। ਬਰਾਨੀ ਖੇਤਾਂ ‘ਚ ਨੁਕਸਾਨ ਵਧੇਰੇ ਹੈ, ਜਿਥੇ 30 ਫ਼ੀਸਦੀ ਤੱਕ ਫ਼ਸਲ ਨੂੰ ਸੌਕਾ ਪਿਆ ਹੈ। ਇਕ ਰਿਪੋਰਟ ਅਨੁਸਾਰ ਜੇ ਇਹ ਗਰਮੀ 15 ਦਿਨਾਂ ਤੱਕ ਹੋਰ ਚੱਲੀ ਤਾਂ ਨੁਕਸਾਨ 25 ਫ਼ੀਸਦੀ ਤੱਕ ਵੀ ਹੋ ਸਕਦਾ ਹੈ।

Sudden Heatwave Threatens Wheat Crop in Punjab, Decline in Yield Feared

ਕਿਸਾਨਾਂ ਦੀਆਂ ਚਿੰਤਾਵਾਂ ਤੇ ਆਰਥਿਕ ਪ੍ਰਭਾਵ

ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਬਲਵੀਰ ਸਿੰਘ ਰਾਜੇਵਾਲ ਅਤੇ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਇਕਦਮ ਵਧੀ ਗਰਮੀ ਨੇ ਕਿਸਾਨਾਂ ਦਾ ਮਾਮੂਲੀ ਨੁਕਸਾਨ ਨਹੀਂ ਕੀਤਾ ਸਗੋਂ ਇਕ ਵੱਡਾ ਝਟਕਾ ਦਿੱਤਾ ਹੈ। ਜੇਕਰ ਇਕ ਏਕੜ ਵਿਚ ਪੈਦਾਵਾਰ 5 ਤੋਂ 7 ਕੁਇੰਟਲ ਵੀ ਘਟਦੀ ਹੈ ਤਾਂ ਕਿਸਾਨ ਦੀ ਆਮਦਨੀ ਵਿਚ 20 ਤੋਂ 25 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਹੋਵੇਗਾ। ਰਾਜੇਵਾਲ ਨੇ ਤਾਂ ਕਣਕ ਦਾ ਝਾੜ 40 ਫ਼ੀਸਦੀ ਤੱਕ ਘਟਣ ਦਾ ਦਾਅਵਾ ਵੀ ਕੀਤਾ ਹੈ।

ਇਕ ਰਿਪੋਰਟ ਅਨੁਸਾਰ ਫਰਵਰੀ ਵਿਚ ਤਾਪਮਾਨ 25 ਤੋਂ 30 ਡਿਗਰੀ ਰਹਿਣ ਨਾਲ ਦਾਣੇ ਦਾ ਭਾਰ 10 ਫ਼ੀਸਦੀ ਤੱਕ ਘਟਿਆ ਹੈ। ਅੰਤਰਰਾਸ਼ਟਰੀ ਖ਼ਬਰ ਏਜੰਸੀ ਰਾਇਟਰਜ਼ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਗਰਮੀ ਵਿਸ਼ਵ ਭਰ ਵਿਚ ਖ਼ੁਰਾਕ ਦੀ ਮਹਿੰਗਾਈ ਵਧਾ ਸਕਦੀ ਹੈ। ਕਿਸਾਨ ਨੇਤਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨ ਦਾ ਮੁਆਇਨਾ ਕੀਤਾ ਜਾਵੇ ਅਤੇ ਤੁਰੰਤ ਮਦਦ ਦਿੱਤੀ ਜਾਵੇ।

ਮਾਹਿਰਾਂ ਦੀਆਂ ਸਿਫ਼ਾਰਸ਼ਾਂ

ਪੰਜਾਬ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਤੁਰੰਤ ਕਦਮ ਚੁੱਕਣ ਦੀ ਸਲਾਹ ਦਿੱਤੀ ਹੈ। ਮੁੱਖ ਸਿਫ਼ਾਰਸ਼ ਹੈ ਕਿ ਫ਼ਸਲ ‘ਤੇ ਹਰ 4-5 ਦਿਨ ਬਾਅਦ 2 ਫ਼ੀਸਦੀ ਪੋਟਾਸ਼ੀਅਮ ਨਾਈਟਰੇਟ (ਪੋਟਾਸ਼) ਦਾ ਸਪਰੇਅ ਜਾਂ ਨਾਈਟਰੋਜਨ ਭਰਪੂਰ ਯੂਰੀਆ ਦਾ 2 ਫ਼ੀਸਦੀ ਘੋਲ ਛਿੜਕਿਆ ਜਾਵੇ ਅਤੇ ਫ਼ਸਲ ਨੂੰ ਹਲਕੀ ਸਿੰਚਾਈ ਕਰਕੇ ਮਿੱਟੀ ਦੀ ਨਮੀ 40-50 ਫ਼ੀਸਦੀ ਕਾਇਮ ਰੱਖੀ ਜਾਵੇ। ਖੇਤੀ ਵਿਗਿਆਨੀ ਡਾ. ਅਨੁਰਾਗ ਕੁਮਾਰ ਨੇ ਕਿਹਾ ਕਿ ਫ਼ਸਲ ਨੂੰ ਪੋਸ਼ਣ ਪਹੁੰਚਾਉਣ ਨਾਲ ਇਹ ਨੁਕਸਾਨ 30 ਫ਼ੀਸਦੀ ਘੱਟ ਹੋ ਸਕਦਾ ਹੈ।

ਹਰਿਆਣਾ, ਮੱਧ ਪ੍ਰਦੇਸ਼ ਤੇ ਹੋਰ ਰਾਜਾਂ ‘ਚ ਵੀ ਖ਼ਤਰਾ

ਪੰਜਾਬ ਤੋਂ ਇਲਾਵਾ ਹਰਿਆਣਾ ਦੇ ਕੁਰੂਕਸ਼ੇਤਰ ਅਤੇ ਕੈਥਲ ਵਰਗੇ ਜ਼ਿਲਿ੍ਹਆਂ ‘ਚ ਤਾਪਮਾਨ 38 ਡਿਗਰੀ ਤੱਕ ਪਹੁੰਚ ਗਿਆ ਹੈ। ਇੱਥੇ ਨੁਕਸਾਨ 12-18 ਫ਼ੀਸਦੀ ਤੱਕ ਹੋਣ ਦਾ ਅੰਦਾਜ਼ਾ ਹੈ। ਜਦੋਂ ਕਿ ਮੱਧ ਪ੍ਰਦੇਸ਼ ‘ਚ ਇੰਦੌਰ ਅਤੇ ਭੋਪਾਲ ਵਰਗੇ ਖੇਤਰਾਂ ਵਿਚ ਵੀ ਫ਼ਸਲ ਪ੍ਰਭਾਵਿਤ ਹੋ ਰਹੀ ਹੈ।

ਕੇਂਦਰ ਸਰਕਾਰ ਦੀ ਭੂਮਿਕਾ, ਮਦਦ ਅਤੇ ਨੀਤੀਆਂ

ਕੇਂਦਰ ਸਰਕਾਰ ਨੇ 2026-27 ਲਈ ਕਣਕ ਖ਼ਰੀਦ ਦਾ ਟੀਚਾ 3.3 ਕਰੋੜ (3 ਕਰੋੜ 30 ਲੱਖ) ਟਨ ਰੱਖਿਆ ਹੋਇਆ ਹੈ, ਜੋ ਹੁਣ ਗਰਮੀ ਨਾਲ ਹੋਣ ਵਾਲੇ ਨੁਕਸਾਨ ਕਾਰਨ ਪੂਰਾ ਹੋਣਾ ਔਖਾ ਲੱਗਦਾ ਹੈ ਅਤੇ 2022 ਵਾਂਗ ਹੀ ਕਣਕ ਦੀ ਬਰਾਮਦ ‘ਤੇ ਪਾਬੰਦੀ ਲਗਾਉਣ ਦੇ ਚਰਚੇ ਵੀ ਹੋ ਰਹੇ ਹਨ। ਕੇਂਦਰੀ ਖੇਤੀ ਮੰਤਰਾਲੇ ਨੇ ਰਾਸ਼ਟਰੀ ਫ਼ਸਲ ਬੀਮਾ ਯੋਜਨਾ ਅਧੀਨ ਨੁਕਸਾਨੀਆਂ ਫ਼ਸਲਾਂ ਲਈ ਬੀਮਾ ਦਾਅਵੇ ਦਰਜ ਕਰਨ ਦੀ ਸਲਾਹ ਵੀ ਦਿੱਤੀ ਹੈ।

ਗੌਰਤਲਬ ਹੈ ਕਿ ਇਸ ਗਰਮੀ ਕਾਰਨ ਖੇਤੀ ਲਈ ਬਿਜਲੀ ਦੀ ਮੰਗ ਵੀ 20 ਫ਼ੀਸਦੀ ਤੱਕ ਵੱਧ ਸਕਦੀ ਹੈ। ਪਰ ਸਰਕਾਰ ਨੂੰ ਲੰਬੇ ਸਮੇਂ ਦੀਆਂ ਰਣਨੀਤੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਕਣਕ ਦੀਆਂ ਮੌਸਮ ਦਾ ਅਸਰ ਘੱਟ ਕਬੂਲਣ ਵਾਲੀਆਂ (Climate-resilient) ਕਿਸਮਾਂ ਵੱਲ ਧਿਆਨ ਦੇਣਾ ਚਾਹੀਦਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਆਪਣੀ ਨਵੀਂ ਕਿਤਾਬ 'ਨੋ ਵਨ ਹਰਡ ਦ ਹਾਰਵੈਸਟ ਕਰਾਈ' ਵਿੱਚ, 18 ਸਾਲਾ ਇਰਮ ਕੌਰ ਪੰਨੂ ਨੇ ਪੰਜਾਬ ਦੇ ਕਿਸਾਨੀ ਭਾਈਚਾਰੇ ਦੇ ਤਜਰਬਿਆਂ ਨੂੰ ਦਰਜ ਕੀਤਾ ਹੈ। ਮੁਲਾਕਾਤਾਂ ਅਤੇ ਜ਼ਮੀਨੀ ਤੱਥਾਂ
ਪੰਜਾਬ ਦੇ ਆਲੂ ਉਤਪਾਦਕ ਵੱਡੇ ਆਰਥਿਕ ਸੰਕਟ ਵਿੱਚ ਫਸ ਗਏ ਹਨ। ਲਾਗਤ 95 ਹਜ਼ਾਰ ਅਤੇ ਆਮਦਨ ਮਹਿਜ਼ 45 ਹਜ਼ਾਰ ਹੋਣ ਕਾਰਨ ਪ੍ਰਤੀ ਏਕੜ 50 ਹਜ਼ਾਰ ਰੁਪਏ ਦਾ ਸਿੱਧਾ ਨੁਕਸਾਨ ਹੋ
ਕਿਸਾਨ ਮਜ਼ਦੂਰ ਮੋਰਚਾ (ਭਾਰਤ) ਪੰਜਾਬ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਮਿਤੀ 5 ਦਸੰਬਰ 2025 ਨੂੰ ਰਾਜ ਭਰ ਵਿੱਚ ਸੰਕੇਤਕ ਰੇਲ ਰੋਕੋ ਅੰਦੋਲਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ
ਕਿਸਾਨ ਦੇ ਹੱਥ ਪਾਟੇ ਮੈਲੇ ਕਾਲੇ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: