ਲੇਖ

ਤਰੱਕੀ ਅਤੇ ਬਿਜਲ-ਕੂੜਾ

February 17, 2023 | By

ਨਵੀਂ ਦਿੱਲੀ ਦੇ ਬਾਹਰਵਾਰ ਸੀਲਮਪੁਰ ਭਾਰਤ ਦਾ ਸਭ ਤੋਂ ਵੱਡਾ ਬਿਜਲ-ਕੂੜੇ ਦਾ ਬਾਜ਼ਾਰ ਹੈ ਜਿੱਥੇ ਲਗਭਗ 50,000 ਲੋਕ ਧਾਤਾਂ ਨੂੰ ਕੱਢਦੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਬੱਚੇ ਐਸੇ ਹਨ ਜੋ ਬਿਜਲ-ਕੂੜੇ ਨੂੰ ਤੋੜ ਕੇ, ਕੱਢ ਕੇ ਅਤੇ ਮੁੜ ਵਰਤੋਂ ਯੋਗ ਬਣਾ ਕੇ ਰੋਜ਼ੀ-ਰੋਟੀ ਕਮਾਉਂਦੇ ਹਨ। ਆਪਣੇ ਨੰਗੇ ਹੱਥਾਂ ਨਾਲ ਸਰਕਟ ਬੋਰਡ ਅਤੇ ਯੰਤਰਾਂ ਦੇ ਹੋਰ ਹਿੱਸਿਆਂ ਨੂੰ ਤੋੜਦੇ ਹਨ, ਬਿਨਾਂ ਕਿਸੇ ਸੁਰੱਖਿਆ ਪਹਿਰਾਵੇ ਦੇ ਧਾਤ ਕੱਢਣ ਲਈ ਸੜਕ ਕਿਨਾਰੇ ਸਮੱਗਰੀ ਨੂੰ ਸਾੜ ਦਿੰਦੇ ਹਨ ਅਤੇ ਫਿਰ ਨਿਕਲੀਆਂ ਉਹਨਾਂ ਕੀਮਤੀ ਧਾਤਾਂ ਨੂੰ ਵੇਚ ਦਿੰਦੇ ਹਨ। ਸੀਲਮਪੁਰ ਵਿਖੇ ਇਹ ਵਿਸ਼ਾਲ ਉਦਯੋਗ ਗੈਰ ਰਸਮੀ ਅਤੇ ਅਨਿਯੰਤ੍ਰਿਤ ਹੈ।

ਭਾਰਤ ਦੀ ਬਿਜਲ-ਕੂੜੇ ਦੀ ਸਮੱਸਿਆ
ਗਲੋਬਲ ਈ-ਵੇਸਟ ਮਾਨੀਟਰ 2020 ਰਿਪੋਰਟ ਦੇ ਅਨੁਸਾਰ, ਵਿਸ਼ਵ ਨੇ 2019 ਵਿੱਚ 53.6 ਮਿਲੀਅਨ ਮੀਟ੍ਰਿਕ ਟਨ ਬਿਜਲ-ਕੂੜਾ ਸੁੱਟਿਆ। ਭਾਰਤ ਨੇ 3.2 ਮਿਲੀਅਨ ਮੀਟ੍ਰਿਕ ਟਨ ਬਿਜਲ-ਕੂੜਾ ਪੈਦਾ ਕੀਤਾ, ਜਿਸ ਵਿੱਚੋਂ ਜ਼ਿਆਦਾਤਰ ਬਿਨਾਂ ਕਿਸੇ ਨਿਯਮਾਂ ਦੇ ਸੀਲਮਪੁਰ ਵਿੱਚ ਆਉਂਦਾ ਹੈ। ਹਰ ਰੋਜ਼, ਰੱਦ ਕੀਤੇ ਕੰਪਿਊਟਰਾਂ, ਡੈਸਕਟਾਪਾਂ, ਸਕਰੀਨਾਂ, ਮੋਬਾਈਲ ਫੋਨਾਂ ਅਤੇ ਏਅਰ ਕੰਡੀਸ਼ਨਰਾਂ ਨਾਲ ਭਰੇ ਟਰੱਕ ਸਵੇਰੇ-ਸਵੇਰੇ ਭਰ ਕੇ ਪਹੁੰਚਦੇ ਹਨ। ਚੁੱਕਣ ਵਾਲੇ ਇਸ ਕੂੜੇ ਵਿੱਚੋਂ ਸਰਕਟ ਬੋਰਡਾਂ, ਬੈਟਰੀਆਂ ਅਤੇ ਕੈਪਸੀਟਰਾਂ ਨੂੰ ਛਾਂਟਦੇ ਹਨ। ਇਸ ਵਿੱਚੋਂ ਕੁਝ ਨੂੰ ਰਸਾਇਣਕ ਘੋਲ ਵਿੱਚ ਡੁਬੋਇਆ ਜਾਂਦਾ ਹੈ ਜਾਂ ਥੋੜ੍ਹੀ ਮਾਤਰਾ ਵਿੱਚ ਸੋਨਾ, ਤਾਂਬਾ ਅਤੇ ਹੋਰ ਧਾਤਾਂ ਪ੍ਰਾਪਤ ਕਰਨ ਲਈ ਸਾੜ ਦਿੱਤਾ ਜਾਂਦਾ ਹੈ। ਇਸ ਨਾਲ ਮਜ਼ਦੂਰਾਂ ਨੂੰ ਜ਼ਹਿਰੀਲੇ ਪਦਾਰਥਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਭਾਰਤ ਨੇ ਇਸ ਅਨਿਯੰਤ੍ਰਿਤ ਉਦਯੋਗ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ ਅਤੇ 2011 ਅਤੇ 2016 ਵਿੱਚ ਕਾਨੂੰਨਾਂ ਦੀ ਇੱਕ ਲੜੀ ਪੇਸ਼ ਕੀਤੀ ਜਿਸ ਵਿੱਚ ਸਾਰਾ ਬਿਜਲ-ਕੂੜੇ ਦੀ ਮੁੜ ਵਰਤੋਂ ਵਾਲੀ ਅਤੇ ਰਜਿਸਟ੍ਰੇਸ਼ਨ ਨੂੰ ਲਾਜ਼ਮੀ ਕੀਤਾ ਗਿਆ ਹੈ, ਨਾਲ ਹੀ ਕਰਮਚਾਰੀਆਂ ਨੂੰ ਕੂੜੇ ਨੂੰ ਖਤਮ ਕਰਦੇ ਸਮੇਂ ਸੁਰੱਖਿਆ ਉਪਕਰਣਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਹਾਲਾਂਕਿ, ਕਾਰਕੁਨਾਂ ਦਾ ਕਹਿਣਾ ਹੈ ਕਿ ਬਿਜਲ ਕੂੜੇ ਸਬੰਧੀ ਨੀਤੀਆਂ ਨੂੰ ਕਾਗਜ਼ੀ ਰੂਪ ਵਿੱਚ ਪੂਰਨ ਤੌਰ ‘ਤੇ ਮਜ਼ਬੂਤ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ ਪਰ ਲਾਗੂ ਕਰਨ ਵੇਲੇ ਕੋਈ ਵੀ ਸਖਤੀ ਕਿਤੇ ਵੀ ਦਿਖਾਈ ਨਹੀਂ ਦਿੰਦੀ। ਸਿੱਟੇ ਵਜੋਂ ਭਾਰਤ ਵਿੱਚ ਜਿਆਦਾਤਰ ਬਿਜਲ-ਕੂੜਾ ਬਾਜ਼ਾਰ ਅਨਿਯੰਤ੍ਰਿਤ ਹੀ ਹੈ।ਤਰੱਕੀ ਦੇ ਨਾਂ ਉੱਤੇ ਇੰਨੀ ਵੱਡੀ ਮਾਤਰਾ ਵਿੱਚ ਬਿਜਲ ਕੂੜੇ ਦਾ ਆਉਣਾ ਜਿਥੇ ਉਸ ਕੂੜੇ ਨਾਲ ਸਬੰਧ ਰੱਖਣ ਵਾਲੇ ਕਾਮਿਆਂ ਦੀ ਸਿਹਤ ਉੱਤੇ ਸਿੱਧੇ ਤੌਰ ਉੱਤੇ ਮਾਰੂ ਅਸਰ ਪਾ ਰਿਹਾ ਹੈ, ਉਥੇ ਹੀ ਪਾਣੀ, ਹਵਾ, ਜ਼ਮੀਨ ਅਤੇ ਪੂਰੇ ਵਾਤਾਵਰਣ ਲਈ ਵੱਡੀ ਸਮੱਸਿਆ ਬਣ ਕੇ ਸਾਹਮਣੇ ਆ ਰਿਹਾ ਹੈ।

 

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,