May 13, 2024 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: 1980-1990ਵਿਆਂ ਦੇ ਸਿੱਖ ਸੰਘਰਸ਼ ਵਿਚ ਸ਼ਹੀਦ ਹੋਣ ਵਾਲੀਆਂ ਬੀਬੀਆਂ ਦੀ ਦਾਸਤਾਨ ਬਿਆਨ ਕਰਦੀ ਕਿਤਾਬ “ਕੌਰਨਾਮਾ: ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ” ਨੂੰ ਸੰਸਾਰ ਭਰ ਵਿਚ ਪੰਥਕ ਹਲਕਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 6 ਮਈ ਨੂੰ ਪਿੰਡ ਪੰਜਵੜ੍ਹ ਵਿਖੇ ਸ਼ਹੀਦ ਭਾਈ ਪਰਮਜੀਤ ਸਿੰਘ ਦੀ ਯਾਦ ਵਿਚ ਹੋਏ ਸ਼ਹੀਦੀ ਸਮਾਗਮ ਮੌਕੇ ਜਾਰੀ ਕੀਤੀ ਗਈ ਇਹ ਕਿਤਾਬ ਬੀਤੇ ਦਿਨ (12 ਮਈ ਨੂੰ) ਅਮਰੀਕਾ, ਕਨੇਡਾ ਅਤੇ ਜਰਮਨੀ ਵਿਚ ਵੀ ਜਾਰੀ ਕੀਤੀ ਗਈ ਹੈ।
ਸਿਆਟਲ, ਨਿਊਯਾਰਕ, ਬਰੈਂਪਟਨ, ਵਿੰਡਸਰ ਤੇ ਫਰੈਂਕਫੋਰਟ ਵਿਚ “ਕੌਰਨਾਮਾ” ਕਿਤਾਬ ਜਾਰੀ:
ਅਮਰੀਕਾ ਵਿਚ ਕੌਰਨਾਮਾ ਕਿਤਾਬ ਨਿਊਯਾਰਕ ਅਤੇ ਸਿਆਟਲ ਵਿਖੇ, ਕਨੇਡਾ ਦੇ ਸ਼ਹਿਰ ਵਿੰਡਸਰ ਤੇ ਬਰੈਂਪਟਨ ਅਤੇ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਸਥਿਤ ਗੁਰਦੁਆਰਾ ਸਾਹਿਬਾਨ ਵਿਚ ਭਾਈ ਪਰਮਜੀਤ ਸਿੰਘ ਪੰਜਵੜ੍ਹ ਨਮਿਤ ਹੋਏ ਸ਼ਹੀਦੀ ਸਮਾਗਮਾਂ ਦੌਰਾਨ ਜਾਰੀ ਕੀਤੀ ਗਈ।
ਸ਼ਹੀਦ ਬੀਬੀਆਂ ਦਾ ਇਤਿਹਾਸ ਸਾਂਭਣ ਦਾ ਕਾਰਜ:
ਜ਼ਿਕਰਯੋਗ ਹੈ ਕਿ ਇਹ ਸ਼ਹੀਦ ਬੀਬੀਆਂ ਦਾ ਇਤਿਹਾਸ ਖੋਜਣ ਅਤੇ ਸਾਂਭਣ ਦਾ ਕਾਰਜ ਭਾਈ ਪਰਮਜੀਤ ਸਿੰਘ ਪੰਜਵੜ੍ਹ ਨੇ ਆਪਣੀ ਸ਼ਹਾਦਤ ਤੋਂ ਪਹਿਲਾਂ ਸ਼ੁਰੂ ਕਰਵਾਇਆ ਸੀ ਪਰ ਅਕਾਲ ਪੁਰਖ ਦੇ ਭਾਵੇ ਵਿਚ ਉਹ ਇਹ ਕਾਰਜ ਨੇਪਰੇ ਚੜ੍ਹਦਾ ਨਾ ਵੇਖ ਸਕੇ ਅਤੇ 6 ਮਈ 2023 ਨੂੰ ਉਹਨਾ ਨੂੰ ਲਾਹੌਰ ਵਿਚ ਜਲਾਵਤਨੀ ਦੌਰਾਨ ਸ਼ਹੀਦ ਕਰ ਦਿੱਤਾ ਗਿਆ।
“ਕੌਰਨਾਮਾ” ਬਿਆਨਣ ਦਾ ਕਾਰਜ ਜਾਰੀ ਰਹੇਗਾ:
ਪੰਥ ਸੇਵਕ ਭਾਈ ਦਲਜੀਤ ਸਿੰਘ ਦੀ ਨਿਗਰਾਨੀ ਵਿਚ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਵੱਲੋਂ ਲਿਖੀ ਗਈ ਕਿਤਾਬ “ਕੌਰਨਾਮਾ: ਖਾੜਕੂ ਸੰਘਰਸ਼ ਦੀਆਂ ਸ਼ਹੀਦ ਬੀਬੀਆਂ ਦੀ ਗਾਥਾ” ਸ਼ਹੀਦ ਬੀਬੀਆਂ ਦਾ ਇਤਿਹਾਸ ਸਾਂਭਣ ਦੇ ਕਾਰਜ ਤਹਿਤ ਛਪੀ ਪਹਿਲੀ ਕਿਤਾਬ ਹੈ ਜਿਸ ਵਿਚ ਕੁੱਲ 65 ਬੀਬੀਆਂ ਦੇ ਜੀਵਨ ਬ੍ਰਿਤਾਂਤ ਬਿਆਨ ਕੀਤੇ ਗਏ ਹਨ।
ਇਸ ਕਾਰਜ ਵਿਚ ਭਾਈ ਪਰਮਜੀਤ ਸਿੰਘ ਪੰਜਵੜ੍ਹ ਵੱਲੋਂ ਜਿੰਮੇਵਾਰੀ ਲਗਾਏ ਜਾਣ ਤੋਂ ਬਾਅਦ ਇਸ ਕਾਰਜ ਨੂੰ ਮੁਕੰਮਲ ਕਰਵਾਉਣ ਲਈ ਯਤਨਸ਼ੀਲ ਜਰਮਨ ਵਿਚ ਰਹਿ ਰਹੇ ਜਲਾਵਤ ਸਿੱਖ ਆਗੂ ਭਾਈ ਗੁਰਮੀਤ ਸਿੰਘ ਖਨਿਆਨ ਨੇ ਸਿੱਖ ਸਿਆਸਤ ਨੂੰ ਦੱਸਿਆ ਕਿ “ਕੌਰਨਾਮਾ” ਲੜੀ ਤਹਿਤ ਸ਼ਹੀਦ ਬੀਬੀਆਂ ਦੇ ਜੀਵਨ ਬ੍ਰਿਤਾਂਤ ਇਕੱਤਰ ਕਰਨ ਤੇ ਬਿਆਨਣ ਦਾ ਕਾਰਜ ਪੰਥ ਸੇਵਕ ਭਾਈ ਦਲਜੀਤ ਸਿੰਘ ਦੀ ਯੋਗ ਨਿਗਰਾਨੀ ਹੇਠ ਅੱਗੇ ਵੀ ਜਾਰੀ ਰਹੇਗਾ।
Related Topics: Baljinder Singh Kotbhara, Kaurnama, New Book Kaurnama, Shaheed Bhai Paramjit Singh Panjwar