ਇਰਾਨ-ਇਜ਼ਰਾਈਲ ਜੰਗਬੰਦੀ ਤੋਂ ਬਾਅਦ ਹੁਣ ਇਹ ਸਵਾਲ ਖਾਸ ਤੌਰ ਉੱਤੇ ਵਿਚਾਰਿਆ ਜਾ ਰਿਹਾ ਹੈ ਕਿ ਆਖਿਰ ਇਸ ਵਿਚ ਹਾਰ ਕਿਸ ਦੀ ਹੋਈ ਹੈ? ਕਿਸੇ ਦੇ ਹੱਕ ਜਾਂ ਵਿਰੋਧ ਵਿੱਚ ਫੈਸਲਾ ਸੁਣਾਉਣ ਦੀ ਥਾਂ ਇਥੇ ਇਕ ਸੰਤੁਲਿਤ ਪਹੁੰਚ ਅਪਨਾਉਂਦਿਆਂ ਇਸ ਮਸਲੇ ਦਾ ਬਹੁਪੱਖੀ ਪਰ ਸੰਖੇਪ ਵਿਸ਼ਲੇਸ਼ਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਕਿ ਇਸ ਮਸਲੇ ਨੂੰ ਸੁਹਿਰਦਤਾ ਨਾਲ ਵਿਚਾਰਿਆ ਜਾ ਸਕੇ।

ਇਰਾਨ ਅਤੇ ਇਜ਼ਰਾਈਲ ਵਿਚਾਲੇ ਹੋਈ ਹਾਲੀਆ ਜੰਗ, ਜੋ ਕਈ ਮੁਹਾਜ਼ਾਂ ਤੇ ਜਿਵੇਂ ਡਰੋਨ, ਮਿਜ਼ਾਈਲ, ਸਾਇਬਰ ਜੰਗ ਅਤੇ ਪ੍ਰੋਕਸੀਆਂ (Proxies) ਰਾਹੀਂ ਲੜੀ ਗਈ, ਹੁਣ ਜੰਗ-ਬੰਦੀ ਨਾਲ ਰੁਕੀ ਜਾਪਦੀ ਹੈ। ਪਰ ਸਵਾਲ ਇਹ ਹੈ ਕਿ ਕੌਣ ਜਿੱਤਿਆ, ਹਾਰਿਆ ਕੌਣ ਅਤੇ ਇਹ ਸਾਰਾ ਸੰਘਰਸ਼ ਦਰਅਸਲ ਦੱਸਦਾ ਕੀ ਹੈ?
ਇਜ਼ਰਾਈਲ: ਤਕਨੀਕੀ ਕਾਬਲਿਆਤ, ਪਰ ਰਣਨੀਤਕ ਪਛਾੜ
ਇਜ਼ਰਾਈਲ ਨੇ ਆਪਣੀ ਸੰਚਾਰ ਜਾਸੂਸੀ (Signal Intelligence), ਡਰੋਨ ਅਤੇ ਹਵਾਈ ਹਮਲਿਆਂ ਰਾਹੀਂ ਇਰਾਨ ਦੇ ਕਈ ਅਹਿਮ ਢਾਂਚਿਆਂ ਅਤੇ ਚੋਟੀ ਦੇ ਫੌਜੀ ਜਰਨੈਲਾਂ ਅਤੇ ਵਿਗਿਆਨੀਆਂ ਨੂੰ ਨਿਸ਼ਾਨਾ ਬਣਾਇਆ। ਪਰ ਇਸ ਕਾਮਯਾਬੀ ਦੇ ਨਾਲ ਕੁਝ ਰਣਨੀਤਕ ਨੁਕਸਾਨ ਵੀ ਸਾਹਮਣੇ ਆਏ ਹਨ-
ਅਤਿ-ਆਧੁਨਿਕ ਰੱਖਿਆ ਪ੍ਰਣਾਲੀ ਦੇ ਬਾਵਜੂਦ ਨੁਕਸਾਨ: ਇਜ਼ਰਾਈਲ ਦੇ ਆਇਰਨ ਡੋਮ (Iron Dome), ਡੇਵਿਡ ਸਲਿੰਗ (David’s Sling) ਅਤੇ ਐਫ-35 ਜਿਹੇ ਨਿਗਰਾਨੀ ਜਾਂ ਗਸ਼ਤੀ ਲੜਾਕੂ ਜ਼ਹਾਜ ਵਰਗੇ ਰੱਖਿਆ ਤੰਤਰ ਦੇ ਬਾਵਜੂਦ ਇਰਾਨ ਦੀਆਂ ਮਿਜ਼ਾਈਲਾਂ ਨੇ ਤੇਲ-ਅਵੀਵ ਅਤੇ ਹਾਈਫਾ ਵਰਗੇ ਇਜ਼ਰਾਈਲੀ ਸ਼ਹਿਰਾਂ ਤੱਕ ਮਾਰ ਕੀਤੀ ਹੈ। ਇਹ ਗੱਲ ਦੁਨੀਆ ਨੇ ਪਹਿਲੀ ਵਾਰ ਵੇਖੀ ਹੈ।
ਅਮਰੀਕਾ ਉੱਤੇ ਨਿਰਭਰਤਾ: ਇਜ਼ਰਾਈਲ ਦੀ ਹਵਾਈ ਰੱਖਿਆ ਜਿਸ ਹੱਦ ਤੱਕ ਕਾਮਯਾਬ ਹੋਈ ਹੈ ਉਸ ਵਿਚ ਅਮਰੀਕਾ ਦੇ ਇਰਾਕ, ਜਾਰਡਨ ਅਤੇ ਲਾਲ ਸਾਗਰ ਵਿੱਚ ਤੈਨਾਤ ਜਹਾਜ਼ਾਂ ਦੀ ਕਾਫੀ ਵੱਡੀ ਭੂਮਿਕਾ ਰਹੀ ਹੈ। ਇਸ ਨੇ ਇਹ ਦਰਸਾਅ ਦਿੱਤਾ ਹੈ ਕਿ ਇਜ਼ਰਾਈਲ ਦੀ ਰੱਖਿਆ ਅਜੇ ਵੀ ਅਮਰੀਕਾ ’ਤੇ ਨਿਰਭਰ ਹੈ।
ਆਰਥਕ ਖੇਤਰ ਨਿਸ਼ਾਨਾ ਬਣੇ: ਇੱਥੇ ਗੱਲ ਜਿਕਰਯੋਗ ਹੈ ਇਰਾਨ ਨੇ ਇਜ਼ਰਾਈਲ ਦੇ ਆਰਥਿਕ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਕਈ ਅਮਰੀਕਨ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇ ਨੁਕਸਾਨ ਇਸੇ ਰਫਤਾਰ ਨਾਲ ਹੁੰਦਾ ਰਿਹਾ ਤਾਂ ਇਜ਼ਰਾਈਲ ਲਈ ਹਾਈਫਾ ਤੇ ਤੇਲ-ਅਵੀਵ ਵਰਗੇ ਸ਼ਹਿਰਾਂ ਦੀ ਮੁੜ ਉਸਾਰੀ ਮੁਸ਼ਕਲ ਹੋ ਜਾਵੇਗੀ। ਉਹ ਇਹ ਗੱਲ ਮੰਨਦੇ ਹਨ ਕਿ ਇਹੀ ਕਾਰਨ ਹੈ ਜੋ ਇਜ਼ਰਾਈਲ ਅਮਰੀਕਾ ਦੀ ਸਿੱਧੀ ਦਖਲ ਅੰਦਾਜ਼ੀ ਦੀ ਮੰਗ ਕਰਦਾ ਹੈ।
ਨੈਤਿਕ ਪੱਖੋਂ ਪਛਾੜ: ਜਦੋਂ ਇਜ਼ਰਾਈਲ ਨੇ ਇਰਾਨ ’ਤੇ ਹਮਲੇ ਕੀਤੇ, ਉਸੇ ਸਮੇਂ ਇਰਾਨ ਅਤੇ ਅਮਰੀਕਾ ਵਿਚਕਾਰ ਪਰਮਾਣੂ ਮਾਮਲਿਆਂ ਬਾਰੇ ਗਲਬਾਤ ਚੱਲ ਰਹੀ ਸੀ। ਇਸ ਨਾਲ ਦੁਨੀਆਂ ਪੱਧਰ ‘ਤੇ ਇਜ਼ਰਾਈਲ ਦੀ ਕਾਰਵਾਈ ਉੱਤੇ ਕਈ ਸਵਾਲ ਖੜੇ ਹੋਏ ਹਨ ਤੇ ਉਸ ਨੂੰ ਨੈਤਿਕ ਪੱਖੋਂ ਪਛਾੜ ਪਈ ਹੈ।
ਨਤੀਜਾ: ਇਜ਼ਰਾਈਲ ਨੂੰ ਤਕਨੀਕੀ ਸਫਲਤਾ ਮਿਲੀ ਹੈ ਪਰ ਰਣਨੀਤਕ ਪੱਧਰ ’ਤੇ ਪਛਾੜ ਪਈ ਹੈ।
ਇਰਾਨ: ਘਰੇਲੂ ਚਣੌਤੀਆਂ ਦੇ ਬਾਵਜੂਦ ਰਣਨੀਤਕ ਦ੍ਰਿੜਤਾ
ਇਰਾਨ ਨੇ ਘੱਟ ਸਾਧਨਾਂ ਦੇ ਬਾਵਜੂਦ ਆਪਣੇ ਆਪ ਨੂੰ ਇੱਕ ਖੇਤਰੀ ਤਾਕਤ ਵਜੋਂ ਸਾਬਤ ਕੀਤਾ ਹੈ। ਹਾਲਾਂਕਿ ਉਹਨੂੰ ਵਿਗਿਆਨੀਆਂ, ਫੌਜੀ ਜਰਨੈਲਾਂ, ਅਤੇ ਅਹਿਮ ਇਮਾਰਤੀ ਢਾਂਚਿਆਂ ਦਾ ਭਾਰੀ ਨੁਕਸਾਨ ਝੱਲਣਾ ਪਿਆ ਪਰ ਉਹ ਝੁਕਿਆ ਨਹੀਂ।
ਰਣਨੀਤਕ ਰੋਕ (Strategic Deterrence) ਇੱਕ ਹੱਦ ਤੱਕ ਸਾਬਤ ਹੋਈ: ਇਰਾਨ ਨੇ ਦਿਖਾ ਦਿੱਤਾ ਕਿ ਉਹ ਮਿਜ਼ਾਈਲ ਤਾਕਤ, ਪ੍ਰੋਕਸੀ, ਅਤੇ ਸਾਇਬਰ ਹਮਲਿਆਂ ਰਾਹੀਂ ਇਜ਼ਰਾਈਲ ਨੂੰ ਗੋਡਿਆ ਭਾਰ ਲਿਆ ਸਕਦਾ ਹੈ।
ਇਰਾਨ ਕੋਲ ਮਿਜ਼ਾਇਲ ਭੰਡਾਰ ਤਾਂ ਬਹੁਤ ਵੱਡਾ ਹੈ ਪਰ ਉਹ ਹਵਾਈ ਰੱਖਿਆ ਪ੍ਰਣਾਲੀ ਵਿਚ ਹਾਲੇ ਫਾਡੀ ਹੈ। ਉਸਦਾ ਪੱਛਮੀ ਮੋਰਚਾ ਅਤੇ ਕੇਂਦਰੀ ਕੋਰੀਡੋਰ (central corridor) ਇਜ਼ਰਾਈਲ ਦੀ ਹਵਾਈ ਕਾਰਵਾਈ ਅੱਗੇ ਅਸੁਰੱਖਿਅਤ (vulnerable) ਸਾਬਤ ਹੋਇਆ।
ਭਾਂਵੇਂ ਇਜ਼ਰਾਈਲ ਈਰਾਨ ਦੇ ਹਵਾਈ ਖੇਤਰ ਵਿੱਚ ਦਾਖਲ ਨਹੀਂ ਹੋ ਸਕਿਆ ਅਤੇ ਉਸ ਦੇ ਹਵਾਈ ਹਮਲੇ ਇਰਾਕ, ਸੀਰੀਆ ਅਤੇ ਅਜ਼ਬਾਈਜਾਨ ਦੇ ਹਵਾਈ ਖੇਤਰ ਵਿੱਚੋਂ ਹੋਏ। ਜਿਵੇਂ ਇੰਡੀਆ ਅਤੇ ਪਾਕਿਸਤਾਨ ਨੇ ਹਾਲੀਆ ਜੰਗ ਵਿੱਚ ਕੀਤਾ ਸੀ।
ਜੇਕਰ ਇਰਾਨ ਕੋਲ ਰੂਸੀ ਹਵਾਈ ਰੱਖੀਆ ਤੰਤਰ ‘ਐਸ-400’ ਜਿਹੀ ਹਵਾਈ ਰੱਖਿਆ ਪ੍ਰਣਾਲੀ ਹੁੰਦੀ ਤਾਂ ਇਰਾਨ ਦਾ ਨੁਕਸਾਨ ਘੱਟ ਹੋਣਾ ਸੀ।
ਪ੍ਰੋਕਸੀ ਤੰਤਰ ਕਾਇਮ ਰਿਹਾ: ਹਿਜ਼ਬੁਲਾਹ, ਹੂਥੀ, ਅਤੇ ਇਰਾਕ ਦੀ ਪੀ.ਐਮ.ਐਫ. (Popular Mobilization Forces) ਦੇ ਇਰਾਨ ਦੇ ਹਮਾਇਤੀ ਢਾਂਚੇ ਕਾਇਮ ਰਹੇ ਹਨ ਅਤੇ ਕਈ ਥਾਵਾਂ ’ਤੇ ਹੋਰ ਮਜ਼ਬੂਤ ਹੋਏ ਹਨ।
ਇਰਾਨ ਦੀ ਘਰੇਲੂ ਸਥਿਤੀ: ਇਰਾਨ ਨੂੰ ਸਮਾਜਿਕ ਪੱਧਰ ਉੱਤੇ ਕਈ ਅੰਦਰੂਨੀ ਚੁਣੌਤੀਆਂ ਦਰਪੇਸ਼ ਹਨ ਪਰ ਇਸ ਜੰਗ ਦੌਰਾਨ ਇਰਾਨ ਜ਼ਿਆਦਾ ਇੱਕਜੁਟ ਨਜ਼ਰ ਆਇਆ। ਜਿਸ ਦੀ ਹਾਮੀ ਪੱਛਮੀ ਵਿਸ਼ਲੇਸਕਾਂ ਨੇ ਵੀ ਭਰੀ ਹੈ। ਜੇ ਆਪਸੀ ਸਮਝ ਇਸੇ ਤਰਾਂ ਬਣੀ ਰਹਿੰਦੀ ਹੈ ਤਾਂ ਇਹ ਇਰਾਨ ਦੀ ਇੱਕ ਵੱਡੀ ਪ੍ਰਾਪਤੀ ਹੋਵੇਗੀ।
ਬਾਹਰੀ ਦੁਨੀਆ ਵਿਚ ਹਮਦਰਦੀ ਬਣੀ: ਇਰਾਨ ਉੱਤੇ ਹਮਲਾ ਉਸ ਵੇਲੇ ਹੋਇਆ ਸੀ ਜਦੋਂ ਉਹ ਅਮਰੀਕਾ ਨਾਲ ਪਰਮਾਣੂ ਮਾਮਲਿਆਂ ਬਾਰੇ ਗੱਲਬਾਤ ਕਰ ਰਿਹਾ ਸੀ। ਇਸ ਨਾਲ ਇਰਾਨ ਪ੍ਰਤੀ ਹਰਮਦਰਦੀ ਵਧੀ ਹੈ, ਖਾਸ ਕਰਕੇ ‘ਆਲਮੀ ਦੱਖਣ’ (ਗਲੋਬਲ ਸਾਊਥ) ਦੇਸ਼ਾਂ ਵਿਚ। ਇਹਨਾ ਦੇਸ਼ਾਂ ਨੇ ਇਰਾਨ ਨੂੰ ਇੱਕ ਪੀੜਤ ਵਜੋਂ ਵੇਖਣਾ ਸ਼ੁਰੂ ਕੀਤਾ ਹੈ।
ਨਤੀਜਾ: ਇਰਾਨ ਦੇ ਵੱਡੇ ਨੁਕਸਾਨ ਹੋਏ ਹਨ, ਪਰ ਉਹ ਇਸ ਵਿਚੋਂ ਫਿਰ ਵੀ ਸਾਬਤ ਬਚ ਨਿੱਕਲਿਆ (ਸਰਵਾਈਵ ਕਰ ਗਿਆ) ਹੈ। ਇਰਾਨ ਨੇ ਸਾਬਤ ਕੀਤਾ ਕਿ ਉਹ ਮੁੜ ਖੜਾ ਹੋ ਸਕਦਾ ਹੈ।
ਆਲਮੀ ਤਸਵੀਰ: ਨਵੀਂ ਰਣਨੀਤਕ ਹਕੀਕਤ
ਅਮਰੀਕਾ ਨੇ ਜੰਗ ਨੂੰ ਹੋਰ ਵਧਣ ਤੋਂ ਤਾਂ ਰੋਕ ਲਿਆ, ਪਰ ਮੱਧ-ਪੂਰਬ ਵਿੱਚ ਉਸਦੀ ਜੰਗ ਰੋਕਣ ਦੀ ਸਮਰੱਥਾ (deterrence matrix) ਵਿੱਚ ਕਮੀ ਸਾਫ ਨਜ਼ਰ ਆਈ ਹੈ।
ਇਨ੍ਹਾਂ ਹਾਲਾਤਾਂ ਤੋਂ ਇਹ ਸੰਕੇਤ ਮਿਲਦੇ ਹਨ ਕਿ ਜੇ ਸੰਸਾਰ ਪੱਧਰ ਤੇ ਕੋਈ ਵੱਡਾ ਜੰਗੀ ਟਕਰਾਅ ਹੋਇਆ ਤਾਂ ਅਮਰੀਕਾ ਦੇ ਲਈ ਹਰ ਮੋਰਚੇ ’ਤੇ ਇੱਕੋ ਸਮੇਂ ਲੜ ਹੁਣ ਪਹਿਲਾਂ ਵਾਂਙ ਸੁਖਾਲਾ ਨਹੀਂ ਰਹਿ ਗਿਆ।
ਚੀਨ ਅਤੇ ਰੂਸ: ਬਿਰਤਾਂਤ ਦੀ ਜੰਗ ਵਿਚ ਰੂਸ ਅਤੇ ਚੀਨ ਨੇ ਬਾਜੀ ਮਾਰੀ ਹੈ। ਉਹਨਾਂ ਨੇ ਪੱਛਮ ਦੇ ਕਥਿਤ ਦੋਹਰੇ ਮਾਪਦੰਡ ਵਾਲੀ ਨੀਤੀ ਨੂੰ ਦੁਨੀਆਂ ਸਾਹਮਣੇ ਨਸ਼ਰ ਕੀਤਾ।
ਖਾੜੀ ਦੇਸ਼: ਸਾਉਦੀ ਅਰਬ, ਯੂ.ਏ.ਈ. ਵਰਗੇ ਦੇਸ਼ ਨਿਰਪੱਖ ਰਹੇ, ਜੋ ਦਰਸਾਉਂਦਾ ਹੈ ਕਿ ਅਮਰੀਕੀ ਪ੍ਰਭਾਵ ਤੋਂ ਇਲਾਵਾ ਇੱਕ ਨਵਾਂ ਖੇਤਰੀ ਨਿਜ਼ਾਮ (Post-American Regional Order) ਬਣ ਰਿਹਾ ਹੈ।
ਜਿੱਤ ਕਿਸੇ ਦੀ ਨਹੀਂ, ਪਰ ਸਬਕ ਸਾਰਿਆਂ ਲਈ
ਇਸ ਜੰਗ-ਬੰਦੀ ਨੇ ਜੰਗ ਖਤਮ ਨਹੀਂ ਕੀਤੀ, ਸਿਰਫ ਰੋਕੀ ਹੈ ਅਤੇ ਜੰਗਬੰਦੀ ਅਗਲੇਰੀ ਰਣਨੀਤੀ ਲਈ ਯੋਗ ਸਬਕ ਛੱਡ ਗਈ ਹੈ:-
- ਇਜ਼ਰਾਈਲ ਅਜੇ ਵੀ ਤਕਨੀਕੀ ਤਾਕਤ ਹੈ, ਪਰ ਉਹ ਅਛੋਹ ਨਹੀਂ ਹੈ ਭਾਵ ਕਿ ਅਜਿਹਾ ਨਹੀਂ ਹੈ ਕਿ ਇਜ਼ਰਾਈਲ ਨੂੰ ਨਿਸ਼ਾਨਾ ਹੀ ਨਹੀਂ ਬਣਾਇਆ ਜਾ ਸਕਦਾ।
- ਇਰਾਨ ਅਜੇ ਵੀ ਰਣਨੀਤਕ ਤੌਰ ਉੱਤੇ ਘਿਰਿਆ ਹੋਇਆ ਹੈ, ਪਰ ਉਸ ਦੀ ਕਾਰਵਾਈ ਕਰਨ ਦੀ ਸਮਰੱਥਾ ਘਟ ਨਹੀਂ ਹੋਈ। ਪੱਛਮ (Global North) ਹਾਲੇ ਵੀ ਦਬਦਬਾ ਰੱਖਦਾ ਹੈ, ਪਰ ਹਰ ਪਾਸੇ ਲੜਨ ਦੀ ਸਥਿਤੀ ’ਚ ਨਹੀਂ ਹੈ।
- ਇਹ ਸਿਰਫ ਮਿਜ਼ਾਈਲਾਂ ਦੀ ਜੰਗ ਨਹੀਂ ਸੀ, ਇਹ ਬਿਰਤਾਂਤ, ਧਾਰਨਾ, ਅਤੇ ਸਹਿਣਸ਼ੀਲਤਾ ਦੀ ਜੰਗ ਸੀ। ਇਸ ਜੰਗ ਦੀ ਅਸਲ ਜਿੱਤ ਹਾਲੇ ਆਉਣ ਵਾਲੇ ਸਮੇਂ ’ਚ ਨਿਸ਼ਚਿਤ ਹੋਵੇਗੀ।
ਵੱਲੋਂ: ਅੱਠ ਖੂੰਜਾ ਪੜਚੋਲ
⊕ ਵੀਡੀਓ ਦੇਖੋ – ਜੰਗਾਂ ਦੇ ਦੌਰ ਸ਼ੁਰੂ: ਬਦਲ ਰਹੇ ਹਾਲਾਤ ਵਿਚ ਸਿੱਖ ਕੀ ਕਰਨ? ਭਾਈ ਮਨਧੀਰ ਸਿੰਘ ਦੀ ਤਕਰੀਰ