ਮੋਹਾਲੀ: ਸ਼੍ਰੋਮਣੀ ਸਿੱਖ ਸੰਸਥਾਵਾਂ ਦੇ ਮੌਜੂਦਾ ਪ੍ਰਬੰਧ ਅਤੇ ਹਾਲੀਆ ਘਟਨਾਕ੍ਰਮ ਨੂੰ ਲੈ ਕੇ ਵੱਖ-ਵੱਖ ਸਿੱਖ ਆਗੂਆਂ ਨੇ ਗੰਭੀਰ ਸਵਾਲ ਚੁੱਕਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਜ਼ਿੰਮੇਵਾਰ ਅਹੁਦੇਦਾਰਾਂ ਦੀ ਭੂਮਿਕਾ ’ਤੇ ਇਤਰਾਜ਼ ਜਤਾਇਆ ਹੈ। ਪੱਤਰਕਾਰ ਵਾਰਤਾ ਦੌਰਾਨ ਆਗੂਆਂ ਨੇ ਕਿਹਾ ਕਿ ਸਿੱਖ ਸੰਸਥਾਵਾਂ ਦੀ ਭਰੋਸੇਯੋਗਤਾ ਅਤੇ ਵਕਾਰ ਨੂੰ ਠੇਸ ਪਹੁੰਚਣ ਵਾਲੇ ਵਰਤਾਰੇ ਖ਼ਿਲਾਫ਼ ਕੌਮ ਨੂੰ ਲਾਮਬੰਦ ਕੀਤਾ ਜਾਵੇਗਾ।
ਆਗੂਆਂ ਨੇ ਇਸ ਸੰਘਰਸ਼ ਦੇ ਤੀਸਰੇ ਪੜਾਅ ਵਜੋਂ 11 ਅਕਤੂਬਰ 2026 ਨੂੰ 251 ਮੈਂਬਰੀ ਸਿੱਖ ਜੱਥੇ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠੇ ਹੋਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਇਸ ਮੌਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੁੜ ਬੇਨਤੀ ਪੱਤਰ ਸੌਂਪਿਆ ਜਾਵੇਗਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ।

ਅਲਾਇੰਸ ਆਗੂ ਪਰਮਪਾਲ ਸਿੰਘ ਸਭਰਾਅ ਨੇ ਕਿਹਾ ਕਿ ਇਸ ਘਟਨਾਕ੍ਰਮ ਦੌਰਾਨ ਜਿਸ ਢੰਗ ਨਾਲ ਸਿੱਖਾਂ ਦੀ ਸ਼੍ਰੋਮਣੀ ਸੰਸਥਾ ਦੇ ਵਕਾਰ ਨੂੰ ਢਾਹ ਲੱਗੀ ਹੈ ਅਤੇ ਇਹ ਸਿੱਖ ਕੌਮ ਦੀ ਨਾਮੋਸ਼ੀ ਦਾ ਕਾਰਨ ਬਣਿਆ ਹੈ, ਉਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਉਹਨਾਂ ਦੀ ਨਾਕਾਮੀ ਹੈ ਜਾਂ ਉਹ ਵੀ ਇਸ ਸਿਆਸੀ ਸਾਜ਼ਿਸ਼ ਦਾ ਹਿੱਸਾ ਹਨ।
ਉਹਨਾਂ ਕਿਹਾ ਕਿ ਬਤੌਰ ਸਕੱਤਰ ਧਰਮ ਪ੍ਰਚਾਰ ਕਮੇਟੀ ਬਲਵਿੰਦਰ ਸਿੰਘ ਕਾਹਲਵਾਂ ਵੱਲੋਂ ਬਹਿਰੀਨ ਵਾਲੀ ਬੀਬੀ ਨੂੰ ਧਰਮ ਪ੍ਰਚਾਰ ਕਮੇਟੀ ਦੇ ਫੰਡ ਵਿੱਚੋਂ ਇੱਕ ਲੱਖ ਰੁਪਏ ਦਿੱਤੇ ਗਏ ਹਨ, ਜਦਕਿ ਉਹੀ ਬਲਵਿੰਦਰ ਸਿੰਘ ਕਾਹਲਵਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬਣਾਈ ਜਾਂਚ ਕਮੇਟੀ ਦੇ ਕੋਆਰਡੀਨੇਟਰ ਲਾਏ ਗਏ ਹਨ।
ਪਰਮਪਾਲ ਸਿੰਘ ਸਭਰਾਅ ਨੇ ਸਵਾਲ ਕੀਤਾ ਕਿ ਜਿਸ ਸਕੱਤਰ ਦੀ ਇਸ ਮਾਮਲੇ ਵਿੱਚ ਜਾਂਚ ਹੋਣੀ ਬਣਦੀ ਹੈ ਕਿ ਬੀਬੀ ਨੂੰ ਇੱਕ ਲੱਖ ਰੁਪਏ ਕਿਸ ਨੇ ਅਤੇ ਕਿਉਂ ਦਿੱਤੇ, ਉਸੇ ਨੂੰ ਜਾਂਚ ਕਮੇਟੀ ਦਾ ਕੋਆਰਡੀਨੇਟਰ ਕਿਵੇਂ ਲਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਕੋਈ ਵਿਅਕਤੀ ਆਪਣੀ ਹੀ ਜਾਂਚ ਕਿਵੇਂ ਕਰ ਸਕਦਾ ਹੈ।
ਉਹਨਾਂ ਦੋਸ਼ ਲਾਇਆ ਕਿ ਪ੍ਰਧਾਨ ਧਾਮੀ ਦੀ ਇਹ ਕਾਰਵਾਈ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕਿਸੇ ਵੱਡੀ ਸਿਆਸੀ ਸਾਜ਼ਿਸ਼ ਦੀ ਪਰਦਾਪੋਸ਼ੀ ਕੀਤੀ ਜਾ ਰਹੀ ਹੈ, ਜਿਸ ਕਾਰਨ ਸ਼੍ਰੋਮਣੀ ਸਿੱਖ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਠੇਸ ਪਹੁੰਚ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਵਿੱਚ ਪ੍ਰਧਾਨ ਧਾਮੀ ਨੂੰ ਸ਼੍ਰੋਮਣੀ ਸੰਸਥਾ ਦੇ ਸ਼੍ਰੋਮਣੀ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਇਖਲਾਕੀ ਅਧਿਕਾਰ ਨਹੀਂ ਅਤੇ ਉਹਨਾਂ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।
ਇਸ ਮੌਕੇ ਸਿੱਖ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਜੇ ਸ਼੍ਰੋਮਣੀ ਸੰਸਥਾਵਾਂ ਦੇ ਮੁੱਖ ਆਗੂ ਹੀ ਇਹਨਾਂ ਸੰਸਥਾਵਾਂ ਲਈ ਖ਼ਤਰਾ ਬਣ ਜਾਣ ਤਾਂ ਸਿੱਖ ਸਿਧਾਂਤਾਂ ਅਤੇ ਸਿੱਖ ਪਰੰਪਰਾਵਾਂ ਦੀ ਰਾਖੀ ਕੌਣ ਕਰੇਗਾ। ਉਹਨਾਂ ਕਿਹਾ ਕਿ ਇਸ ਵੇਲੇ ਸਮੁੱਚੀ ਕੌਮ ਨੂੰ ਲਾਮਬੰਦ ਹੋ ਕੇ ਆਪਣੀਆਂ ਸ਼੍ਰੋਮਣੀ ਸੰਸਥਾਵਾਂ ਦੀ ਪਹਿਰੇਦਾਰੀ ਕਰਨ ਦੀ ਲੋੜ ਹੈ ਤਾਂ ਜੋ ਮੌਜੂਦਾ ਪ੍ਰਬੰਧ ਵਿੱਚ ਆ ਰਹੀ ਗਿਰਾਵਟ ਨੂੰ ਠੱਲ੍ਹ ਪਾਉਣ ਲਈ ਸੰਘਰਸ਼ ਵਿੱਢਿਆ ਜਾ ਸਕੇ। ਉਹਨਾਂ ਇਸ ਲਈ ਸਾਂਝੇ ਕੌਮੀ ਉਪਰਾਲੇ ਦੀ ਲੋੜ ’ਤੇ ਜ਼ੋਰ ਦਿੱਤਾ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੁੜੈਣ ਨੇ ਕਿਹਾ ਕਿ ਅੰਤਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਜਿਸ ਢੰਗ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਵਿਰੋਧੀ ਧਿਰ ਦੇ ਮੈਂਬਰ ਨੂੰ ਬਾਹਰ ਕੱਢਿਆ ਗਿਆ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਰੋਧੀ ਧਿਰ ਦੇ ਮੈਂਬਰ ਖ਼ਿਲਾਫ਼ ਚਿੱਠੀ ਜਾਰੀ ਕੀਤੀ ਗਈ, ਉਹ ਪ੍ਰਧਾਨ ਧਾਮੀ ਨੂੰ ਇਸ ਵਰਤਾਰੇ ਲਈ ਜਵਾਬਦੇਹ ਬਣਾਉਣ ਦੀ ਥਾਂ ਉਹਨਾਂ ਨੂੰ ਸਹਿ ਦੇਣ ਵਾਲੀ ਕਾਰਵਾਈ ਹੈ।
ਉਹਨਾਂ ਇਸ ਕਾਰਵਾਈ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਜੇ ਸਿਰਮੌਰ ਤਖ਼ਤ ਦੇ ਜਥੇਦਾਰ ਸਾਹਿਬ ਕਮੇਟੀ ਤੋਂ ਜਵਾਬ ਮੰਗਣ ਦੀ ਥਾਂ ਕਥਿਤ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨਗੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਨਸਾਫ਼ ਦੀ ਪਰੰਪਰਾ ਦੀ ਰਾਖੀ ਕੌਣ ਕਰੇਗਾ। ਸ਼੍ਰੋਮਣੀ ਸੰਸਥਾਵਾਂ ਦੇ ਆਗੂਆਂ ਵੱਲੋਂ ਇਨਸਾਫ਼ ਦੇਣ ਦੀ ਥਾਂ ਜਵਾਬਤਲਬੀ ਕਰਨ ਵਾਲਿਆਂ ਦੀ ਜ਼ੁਬਾਨਬੰਦੀ ਦੀ ਕਾਰਵਾਈ ਨਿੰਦਣਯੋਗ ਹੈ ਅਤੇ ਇਹ ਸਿੱਖ ਪੰਥ ਦੇ ਉੱਚ ਅਹੁਦਿਆਂ ’ਤੇ ਬੈਠੇ ਕੌਮੀ ਆਗੂਆਂ ਨੂੰ ਸ਼ੋਭਾ ਨਹੀਂ ਦਿੰਦੀ। ਉਹਨਾਂ ਕਿਹਾ ਕਿ ਇਹਨਾਂ ਕਾਰਵਾਈਆਂ ਖ਼ਿਲਾਫ਼ ਸੰਘਰਸ਼ ਕਰਨ ਲਈ ਕੌਮ ਨੂੰ ਲਾਮਬੰਦ ਕੀਤਾ ਜਾਵੇਗਾ।
ਜਥੇਬੰਦੀ ਦੇ ਆਗੂਆਂ ਨੇ ਮੁੜ ਕਿਹਾ ਕਿ ਤਕਰੀਬਨ 13 ਸਾਲ ਤੋਂ ਸ਼੍ਰੋਮਣੀ ਕਮੇਟੀ ਦੀ ਚੋਣ ਨਹੀਂ ਹੋਈ। ਉਹਨਾਂ ਦੋਸ਼ ਲਾਇਆ ਕਿ ਕਮੇਟੀ ਦਾ ਮੌਜੂਦਾ ਪ੍ਰਬੰਧ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਕੇ ਸ਼੍ਰੋਮਣੀ ਸੰਸਥਾਵਾਂ ਲਈ ਖ਼ਤਰਾ ਬਣ ਚੁੱਕਾ ਹੈ। ਇਸ ਵੇਲੇ ਵੱਡੀ ਲੋੜ ਹੈ ਕਿ ਕੇਂਦਰ ਸਰਕਾਰ ਜਲਦ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਏ ਤਾਂ ਜੋ ਸਿੱਖਾਂ ਨੂੰ ਮੌਜੂਦਾ ਪ੍ਰਬੰਧ ਤੋਂ ਮੁਕਤੀ ਮਿਲ ਸਕੇ।
ਆਗੂਆਂ ਨੇ ਕਿਹਾ ਕਿ ਸਿੱਖ ਕੌਮ ਇਹ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ ਕਿ ਕੋਈ ਵੀ ਆਗੂ ਜਾਂ ਸਿਆਸੀ ਪਾਰਟੀ ਸਿੱਖਾਂ ਦੀਆਂ ਸ਼੍ਰੋਮਣੀ ਸੰਸਥਾਵਾਂ ਨੂੰ ਆਪਣੀ ਕੁਰਸੀ ਦੇ ਲਾਲਚ ਲਈ ਵਰਤੇ ਜਾਂ ਸਿਆਸੀ ਸਾਜ਼ਿਸ਼ਾਂ ਲਈ ਇਹਨਾਂ ਦੇ ਵਕਾਰ ਨੂੰ ਦਾਅ ’ਤੇ ਲਾਵੇ।
ਪੱਤਰਕਾਰ ਵਾਰਤਾ ਵਿੱਚ ਮੌਜੂਦ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਹ ਉਸ ਵਰਤਾਰੇ ਨੂੰ ਬਰਦਾਸ਼ਤ ਨਹੀਂ ਕਰਨਗੇ, ਜਿਸ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਇਸ ਰਾਹੀਂ ਸਿੱਖ ਪਰੰਪਰਾਵਾਂ ਅਤੇ ਸਿਧਾਂਤਾਂ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਇਸ ਵਰਤਾਰੇ ਖ਼ਿਲਾਫ਼ ਸੰਘਰਸ਼ ਦੇ ਤੀਸਰੇ ਪੜਾਅ ਵਜੋਂ 11 ਅਕਤੂਬਰ 2026, ਦਿਨ ਐਤਵਾਰ ਨੂੰ 251 ਮੈਂਬਰੀ ਸਿੱਖ ਜੱਥਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਠਾ ਹੋਵੇਗਾ। ਇਸ ਦੌਰਾਨ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਕ ਵਾਰ ਫਿਰ ਬੇਨਤੀ ਪੱਤਰ ਸੌਂਪਿਆ ਜਾਵੇਗਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ।
ਇਸ ਮੌਕੇ ਪਰਮਪਾਲ ਸਿੰਘ, ਜਰਨੈਲ ਸਿੰਘ ਗੜ੍ਹਦੀਵਾਲਾ, ਅਮਰਜੀਤ ਸਿੰਘ ਕਿਸ਼ਨਪੁਰਾ, ਪਰਮਜੀਤ ਸਿੰਘ ਰਾਏਪੁਰ, ਹਰਪਾਲ ਸਿੰਘ ਚੱਡਾ, ਬੀਬੀ ਹਰਜੀਤ ਕੌਰ ਤਲਵੰਡੀ, ਸਤਪਾਲ ਸਿੰਘ ਸਿਦਕੀ, ਕਵਲਜੀਤ ਸਿੰਘ, ਮਨਜੀਤ ਸਿੰਘ ਠੁਕਰਾਲ, ਜਗਜੀਤ ਸਿੰਘ ਗਾਬਾ, ਪਰਮਜੀਤ ਸਿੰਘ ਕਾਨਪੁਰੀ, ਗੁਰਦੀਪ ਸਿੰਘ ਲੱਕੀ, ਹਰਪ੍ਰੀਤ ਸਿੰਘ ਰੋਬੀਨ, ਸਜਿੰਦਰ ਸਿੰਘ ਸੰਤ ਨਗਰ, ਹਰਪ੍ਰੀਤ ਸਿੰਘ ਫਗਵਾੜਾ, ਹਰਜੋਤ ਸਿੰਘ ਲੱਕੀ, ਨਵਜੋਤ ਸਿੰਘ ਸ਼ੈਰੀ, ਬਚਨ ਸਿੰਘ ਕਾਦੀਆਂ, ਕੁਲਵਿੰਦਰ ਸਿੰਘ ਚੀਮਾ, ਹਰਪ੍ਰੀਤ ਸਿੰਘ ਬਸਤੀ ਸੇਖ, ਸੁਰਜੀਤ ਸਿੰਘ, ਜਸਵਿੰਦਰ ਸਿੰਘ ਜੱਸਾ, ਸਤਨਾਮ ਸਿੰਘ ਲਾਇਲ, ਜਸਵਿੰਦਰ ਸਿੰਘ ਲੰਮਾ ਪਿੰਡ, ਪਰਮਿੰਦਰ ਸਿੰਘ ਲੁਧਿਆਣਾ, ਬਲਬੀਰ ਸਿੰਘ ਅਤੇ ਪ੍ਰੀਤਮ ਸਿੰਘ ਸਮੇਤ ਹੋਰ ਆਗੂ ਹਾਜ਼ਰ ਸਨ।