ਕੁਝ ਜ਼ਖ਼ਮ ਅਜਿਹੇ ਹੁੰਦੇ ਨੇ ਜੋ ਸਮੇਂ ਨਾਲ ਭਰਦੇ ਨਹੀਂ ਸਗੋਂ ਹੋਰ ਡੂੰਘੇ ਹੁੰਦੇ ਜਾਂਦੇ ਨੇ। ਜੂਨ 1984 ਦਾ ਤੀਜਾ ਘੱਲੂਘਾਰਾ ਵੀ ਸਿੱਖ ਕੌਮ ਲਈ ਅਜਿਹਾ ਹੀ ਇੱਕ ਜਖ਼ਮ ਹੈ, ਪਰ ਸਿੱਖਾਂ ਨੇ ਸਦਾ ਆਪਣੇ ਜਖ਼ਮਾਂ ਦੇ ਦਰਦ ਨਾਲ ਆਪਣੇ ਜ਼ਜ਼ਬੇ ਨੂੰ ਹੋਰ ਪੱਕਾ ਕੀਤਾ ਏ ਤੇ ਇਸੇ ਦਾ ਸਬੂਤ ਖਾਲਸੇ ਦੇ ਜੁਝਾਰੂ ਯੋਧਿਆਂ ਨੇ ਇੱਕ ਵਾਰ ਫਿਰ ਤੋਂ ਦਿੱਤਾ ਤੀਜੇ ਘੱਲੂਘਾਰੇ ਦੌਰਾਨ।
1 ਜੂਨ 1984 ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਪਵਿੱਤਰ ਦਿਹਾੜਾ ਸੀ ਲੱਖਾਂ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈਆਂ ਹੋਈਆਂ ਸਨ, ਬਜ਼ੁਰਗ, ਬੱਚੇ, ਮਾਵਾਂ, ਸਿੰਘ-ਸਿੰਘਣੀਆਂ — ਸਾਰੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨ ਆਏ ਸਨ, ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਭਾਰਤੀ ਫੌਜ ਇਸ ਪਵਿੱਤਰ ਦਿਹਾੜੇ ਦਾ ਵੀ ਆਦਰ ਨਹੀਂ ਕਰੇਗੀ ਸਗੋਂ ਇਸ ਬਹਾਨੇ ਸੈਂਕੜੇ ਮਾਸੂਮ ਸਿੱਖਾਂ ਨੂੰ ਹਕੂਮਤੀ ਕਹਿਰ ਦਾ ਨਿਸ਼ਾਨਾ ਬਣਾਇਆ ਜਾਵੇਗਾ।
ਦੁਪਹਿਰ ਦੇ ਸਾਢੇ ਬਾਰਾਂ ਵਜੇ ਤੋਂ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ, ਸਾਰਾ ਕੰਪਲੈਕਸ ਘੇਰ ਲਿਆ ਗਿਆ, ਪਾਣੀ, ਬਿਜਲੀ, ਖਾਣ ਪੀਣ ਸਭ ਕੁਝ ਬੰਦ ਕਰ ਦਿੱਤਾ ਗਿਆ, ਸ੍ਰੀ ਦਰਬਾਰ ਸਾਹਿਬ ਉੱਤੇ ਪਹਿਲੀ ਗੋਲੀਬਾਰੀ ਸ਼ੁਰੂ ਹੋਈ, ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰਲੀ ‘ਗੁਰੂ ਰਾਮਦਾਸ ਲੰਗਰ’ ਇਮਾਰਤ ਉੱਤੇ ਭਾਰਤੀ ਫੌਜ ਨੇ ਹਮਲਾ ਕੀਤਾ।
ਇਹ ਸਿਰਫ਼ ਇੱਕ ਫੌਜੀ ਅਪ੍ਰੇਸ਼ਨ ਨਹੀਂ ਸੀ। ਇਹ ਸਿੱਖ ਕੌਮ ਦੀ ਆਤਮਾ ‘ਤੇ ਹਮਲਾ ਕਰਨ ਦੀ ਕੋਝੀ ਕੋਸ਼ਿਸ਼ ਸੀ ਪਰ ਦੁਸ਼ਮਣ ਭੁੱਲ ਗਿਆ ਸੀ ਕਿ ਸਿੱਖ ਕੌਮ ਦੀ ਆਤਮਾ ਤਾਂ ਆਪਣੇ ਗੁਰੂ ਦੇ ਹੁਕਮ ਰੂਪੀ ਪਵਿੱਤਰ ਸ਼ਬਦਾਂ ਵਿੱਚ ਵਸਦੀ ਹੈ ਅਤੇ ਰੂਹਦਾਰੀ ਦੇ ਇਸ ਉੱਚੇ ਸੁੱਚੇ ਮਿਆਰ ਨੂੰ ਕਿਸੇ ਵੀ ਤਰੀਕੇ ਠੇਸ ਪਹੁੰਚਾਈ ਹੀ ਨਹੀਂ ਜਾ ਸਕਦੀ।
ਭਾਰਤੀ ਫੌਜ ਨੇ 1 ਜੂਨ ਨੂੰ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਸਨ ਪਰ ਹਕੂਮਤ ਅਤੇ ਖਾਲਸੇ ਵਿਚਕਾਰਲੀ ਇਹ ਜੰਗ 1984 ਤੋਂ ਸ਼ੁਰੂ ਨਹੀਂ ਹੋਈ, ਇਹ ਕਹਾਣੀ ਤਾਂ ਉਸ ਦਿਨ ਸ਼ੁਰੂ ਹੋ ਗਈ ਸੀ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਿਹਾ ਸੀ, ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਉੱਤੇ ਬੈਠੇ, ਜ਼ੁਲਮ ਆਪਣੀ ਇੰਤਹਾ ਤੇ ਸੀ ਪਰ ਗੁਰੂ ਸਾਹਿਬ ਦੇ ਮੁੱਖ ‘ਚੋਂ ਉਚਾਰੇ ਜਾ ਰਹੀ ਸੁਖਮਨੀ ਸਾਹਿਬ ਜੀ ਦੀ ਬਾਣੀ ਸਮੁੱਚੇ ਚਿਤਰਪਟ ਨੂੰ ਸਾਫ਼ ਕਰਦੀ ਹੋਈ ਪੂਰੀ ਦੁਨੀਆਂ ਨੂੰ ਦੱਸ ਰਹੀ ਸੀ ਕਿ ਸੱਚ ਦੀ ਕਦੇ ਵੀ ਹਾਰ ਨਹੀਂ ਹੋ ਸਕਦੀ।
ਜਦੋਂ ਜ਼ੁਲਮ ਨੇ ਹਰ ਹੱਦ ਪਾਰ ਕਰ ਦਿੱਤੀ ਤਾਂ ਛੇਵੇਂ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਧਾਰਨ ਕੀਤੀ, ਸੰਸਾਰ ਨੂੰ ਦੱਸਿਆ ਕਿ ਸਬਰ ਅਤੇ ਸ਼ਾਂਤੀ ਸਿੱਖ ਦੇ ਗੁਣ ਹਨ, ਪਰ ਜੇ ਕੋਈ ਨਿਰਦੋਸ਼ਾਂ ਉੱਤੇ ਜ਼ੁਲਮ ਕਰੇ ਤਾਂ ਉਸ ਜ਼ੁਲਮ ਦਾ ਮੁਕਾਬਲਾ ਕਰਨਾ ਵੀ ਧਰਮ ਹੈ।
ਨੌਵੇਂ ਪਾਤਸ਼ਾਹ, ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਕ ਦੂਜੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਵਾਰ ਦਿੱਤਾ, ਕਈ ਇਸ ਗੱਲ ਤੇ ਵੀ ਸਵਾਲ ਖੜੇ ਕਰਦੇ ਨੇ ਕਿ ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਖਾਤਰ ਕੁਰਬਾਨੀ ਦਿੱਤੀ,,, ਪਰ ਇਹ ਸਵਾਲ ਅਤੇ ਸ਼ੰਕੇ ਸਿਰਫ਼ ਸੌੜੇ ਦਿਮਾਗਾਂ ਜਾਂ ਜ਼ਿਅਦਾ ਚਤੁਰ ਚਲਾਕਾਂ ਦੇ ਨੇ ਜਿਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਨੇ ਕਿਸੇ ਧਰਮ ਨੂੰ ਦੇਖਕੇ ਨਹੀਂ ਸਗੋਂ ਦੱਬੇ ਕੁਚਲੇ ਜਾ ਰਹੇ ਲੋਕਾਂ ਨੂੰ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਅਤੇ ਇਹ ਸਿਧਾਂਤ ਸਦਾ ਤੋਂ ਸਿੱਖ ਕੌਮ ਦੀ ਜਾਨ ਰਿਹਾ ਹੈ, ਅੱਜ ਵੀ ਲਤਾੜੇ ਜਾ ਰਹੇ ਲੋਕਾਂ ਲਈ ਸਿੱਖ ਆਪਣੀ ਜਾਨ ਦੀ ਬਾਜ਼ੀ ਲਾਉਣ ਤੋਂ ਪਿੱਛੇ ਨਹੀਂ ਹਟਦੇ।
ਦਸਵੇਂ ਪਾਤਸ਼ਾਹ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦ ਖਾਲਸਾ ਸਾਜਿਆ ਤਾਂ ਸਿੱਖਾਂ ਤੋਂ ਸੀਸ ਮੰਗੇ, ਖਾਲਸਾ ਪੰਥ ਦੀ ਨੀਂਹ ਗੁਰੂ ਨੂੰ ਭੇਂਟ ਕੀਤੇ ਗਏ ਸੀਸਾਂ ਦੇ ਸਿਰ ਤੇ ਰੱਖੀ ਗਈ ਹੈ, ਇਸ ਲਈ ਗੁਰੂ ਦੇ ਇੱਕ ਹੁਕਮ ਤੇ ਜਾਨ ਵਾਰ ਦੇਣੀ ਤਾਂ ਸਿੱਖਾਂ ਦਾ ਮੁੱਢਲਾ ਫ਼ਰਜ਼ ਹੈ, ਸਿੱਖ ਦੀ ਹੋਂਦ ਦਾ ਸੱਚ ਹੀ ਕੁਰਬਾਨੀ ਹੈ।
ਇਹੀ ਕਾਰਨ ਹੈ ਕਿ ਜਦੋਂ ਅਸੀਂ ਛੋਟੇ ਘੱਲੂਘਾਰੇ ਨੂੰ ਵੇਖਦੇ ਹਾਂ, ਵੱਡੇ ਘੱਲੂਘਾਰੇ ਨੂੰ ਵੇਖਦੇ ਹਾਂ ਜਾਂ ਤੀਜੇ ਘੱਲੂਘਾਰੇ ਨੂੰ ਵੇਖਦੇ ਹਾਂ, ਤਾਂ ਇੱਕ ਗੱਲ ਸਾਂਝੀ ਦਿਖਾਈ ਦਿੰਦੀ ਹੈ — ਦੁਸ਼ਮਣਾਂ ਨੇ ਸਿੱਖਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਪਰ ਸਿੱਖ ਮਿਟੇ ਨਹੀਂ। ਉਹ ਹੋਰ ਮਜ਼ਬੂਤ ਹੋ ਕੇ ਉੱਭਰੇ।
31 ਅਕਤੂਬਰ ਤੋਂ ਨਵੰਬਰ 1984 ਤੱਕ — ਦਿੱਲੀ ਸਮੇਤ ਪੂਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸਰਕਾਰੀ ਸ਼ਹਿ ‘ਤੇ ਜਥੇਬੰਦ ਭੀੜਾਂ ਨੇ ਸਿੱਖਾਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਕੱਢ ਕੇ ਜ਼ਿੰਦਾ ਸਾੜਿਆ, ਸੈਂਕੜੇ ਗੁਰਦੁਆਰਾ ਸਹਿਬਾਨਾਂ ਤੇ ਹਮਲੇ ਕੀਤੇ ਗਏ, ਇਕੱਲੀ ਦਿੱਲੀ ਵਿੱਚ ਪੰਜ ਹਜ਼ਾਰ ਤੋਂ ਵੱਧ ਸਿੱਖ ਸ਼ਹੀਦ ਹੋਏ, ਅਤੇ ਫਿਰ ਅਗਲੇ ਦਹਾਕੇ ਤੱਕ ਪੰਜਾਬ ਵਿੱਚ ਫ਼ਰਜ਼ੀ ਮੁਕਾਬਲਿਆਂ ਦਾ ਉਹ ਦੌਰ ਚੱਲਿਆ ਜਿਸ ਨੇ ਅਣਗਿਣਤ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ,, ਮਾਵਾਂ ਆਪਣੇ ਪੁੱਤਾਂ ਦਾ ਆਖਰੀ ਵਾਰ ਚਿਹਰਾ ਦੇਸ਼ਣ ਨੂੰ ਵੀ ਤਰਸ ਗਈਆਂ,, ਪਰਿਵਾਰ ਗੁੰਮਸ਼ੁੰਦਾ ਦੱਸੇ ਜਾ ਰਹੇ ਪੁੱਤਾਂ ਦੀ ਉਡੀਕ ਕਰਦਾ ਰਿਹਾ ਪਰ ਉਹ ਨੌਜਵਾਨ ਕਦੇ ਵਾਪਿਸ ਨਹੀਂ ਆਏ,
ਅਕਾਦਮਿਕ ਖੋਜਕਾਰਾਂ ਨੇ ਲਿਖਿਆ ਹੈ ਕਿ 1984 ਦਾ ਸਦਮਾ ਸਿੱਖਾਂ ਦੀ ਸਮੂਹਿਕ ਯਾਦ ਵਿੱਚ ਇੰਨਾ ਡੂੰਘਾ ਧਸਿਆ ਹੋਇਆ ਹੈ ਕਿ ਉਹ ਪੀੜ੍ਹੀ ਦਰ ਪੀੜ੍ਹੀ ਤਬਦੀਲ ਹੋ ਰਿਹਾ ਹੈ। ਜਿਨ੍ਹਾਂ ਸਿੱਖਾਂ ਨੇ 1984 ਖੁਦ ਨਹੀਂ ਦੇਖਿਆ, ਉਹ ਵੀ ਉਸ ਦਰਦ ਨੂੰ ਮਹਿਸੂਸ ਕਰਦੇ ਨੇ।
ਦਿੱਲੀ ਦੀਆਂ ਵਿਧਵਾਵਾਂ ਦੇ ਕਲੋਨੀਆਂ — ਜਿੱਥੇ ਔਰਤਾਂ ਅੱਜ ਵੀ “ਚੁਰਾਸੀਏ” ਕਹਾਉਂਦੀਆਂ ਨੇ। ਉਹ ਮਾਵਾਂ ਜਿਨ੍ਹਾਂ ਦੇ ਪੁੱਤਰ ਅੱਜ ਵੀ ਲਾਪਤਾ ਨੇ — ਜਿਨ੍ਹਾਂ ਦੀਆਂ ਲਾਸ਼ਾਂ ਵੀ ਘਰ ਨਹੀਂ ਆਈਆਂ। ਉਹ ਸਿੱਖ ਜਿਨ੍ਹਾਂ ਦੇ ਪਰਿਵਾਰ ਉੱਜੜੇ, ਪਰ ਨਿਆਂ ਅੱਜ ਤੱਕ ਨਹੀਂ ਮਿਲਿਆ — ਇਹ ਸਭ ਜ਼ਖ਼ਮ ਅੱਲੇ ਨੇ।
ਖਾੜਕੂ ਸੰਘਰਸ਼ ਨੇ ਹਕੂਮਤ ਨੂੰ ਜਵਾਬ ਦਿੱਤਾ ਕਿ ਖਾਲਸੇ ਨੂੰ ਜ਼ੁਲਮਾਂ ਦਾ ਜਵਾਬ ਦੇਣਾ ਆਉਂਦਾ ਏ,,, ਸਿੰਘਾਂ ਨੇ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ ਅਤੇ ਦਿਖਾ ਦਿੱਤਾ ਕਿ ਅੱਜ ਵੀ ਇੱਕ ਸਿੱਖ, ਸਵਾ ਲੱਖ ਦੀ ਫੌਜ ਦਾ ਮੁਕਾਬਲਾ ਕਰ ਸਕਦਾ ਹੈ, ਜਦੋਂ ਜਬਰ ਜ਼ੁਲਮ ਦੀ ਹੱਦ ਟੱਪੀ ਜਾਂਦੀ ਹੈ ਤਾਂ ਖੁਦ ਅਕਾਲ ਪੁਰਖ ਆਪਣਾ ਥਾਪੜਾ ਦੇ ਕੇ ਜੰਗ ਦੇ ਮੈਦਾਨ ‘ਚ ਦੁਸ਼ਮਣਾਂ ਦੀਆਂ ਭਾਜੜਾਂ ਪਵਾਉਣ ਲਈ ਸਿੰਘ ਸਿੰਘਣੀਆਂ ਨੂੰ ਤਿਆਰ ਕਰਕੇ ਭੇਜ ਦਿੰਦੇ ਨੇ।
ਜੂਨ 1984 ‘ਚ ਹਕੂਮਤ ਨੇ ਆਪਣੀ ਪੂਰੀ ਵਾਹ ਲਾਈ ਸਿੱਖਾਂ ਦਾ ਹੌਸਲਾ ਢਾਉਣ ਦੀ ਅਤੇ ਸਿੱਖਾਂ ਨੂੰ ਖਤਮ ਕਰਨ ਦੀ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਖਾਂ ਨੇ ਹਕੂਮਤ ਦੀ ਹਰ ਚਾਲ ਫੇਲ੍ਹ ਕਰ ਦਿੱਤੀ, ਹਕੂਮਤ ਦੇ ਵਾਰ ਅੱਜ ਵੀ ਜਾਰੀ ਨੇ ਬਸ ਹਮਲਾ ਕਰਨ ਤਾ ਢੰਗ ਬਦਲਿਆ ਹੈ।
ਅੱਜ ਦੇ ਹਮਲੇ ਟੈਂਕਾਂ ਤੋਪਾਂ ਨਾਲ ਨਹੀਂ ਹੋ ਰਹੇ, ਬਿਰਤਾਂਤ ਦੇ ਰੂਪ ਵਿੱਚ ਜ਼ਿਆਦਾ ਹੋ ਰਹੇ ਨੇ, ਹੁਣ ਸ਼ਬਦ ਜੰਗ ਜ਼ੋਰਾਂ ‘ਤੇ ਹੈ, ਆਪਣੇ ਹਥਿਆਰਾਂ ਦੇ ਜ਼ੁਲਮ ਨੂੰ ਵਰਤਕੇ ਵੀ ਸਰਕਾਰ ਆਪਣਾ ਬਚਾਅ ਸ਼ਬਦ ਜੰਗ ਦੇ ਦਾਅ ਪੇਚਾਂ ਨਾਲ ਹੀ ਕਰਦੀ ਹੈ। ਸਿੱਖ ਇਤਿਹਾਸ ਵਿੱਚ ਬਦਲਾਅ, ਵਿੱਦਿਅਕ ਢਾਂਚੇ ਰਾਂਹੀ ਕਮਜ਼ੋਰ, ਹਕੂਮਤ ਪੱਖੀ ਅਤੇ ਪਦਾਰਥਵਾਦੀ ਮਨਾਂ ਦੀ ਘਾੜਤ, ਨਸ਼ਿਆਂ ਨਾਲ ਪੰਜਾਬ ਦੀ ਨੌਜਵਾਨੀ ਦਾ ਘਾਣ ਅਤੇ ਝੂਠੀਆਂ ਖ਼ਬਰਾਂ, ਅਧੂਰੇ ਸੱਚ ਅਤੇ ਮਨਘੜਤ ਬਿਰਤਾਤਾਂ ਦੀ ਭਰਮਾਰ ਨਾਲ ਮਨੋਵਿਗਿਆਨਿਕ ਹਮਲੇ,,, ਇਹ ਸਭ ਸ਼ਬਗ ਜੰਗ ਦੇ ਸੰਦ ਨੇ ਜੋ ਹਕੂਮਤ ਵਰਤ ਰਹੀ ਹੈ।
ਬੰਦੀ ਸਿੰਘ, ਕਾਨੂੰਨ ਮੁਤਾਬਿਕ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਅੱਜ ਵੀ ਜੇਲ੍ਹਾਂ ਵਿੱਚ ਬੰਦ ਨੇ, ਜਦੋਂ ਕਦੇ ਮਨ ਕਰੇ ਸਿੱਖਾਂ ਤੇ ਐੱਨ ਐੱਸ ਏ ਲਗਾ ਦਿੱਤੀ ਜਾਂਦੀ ਏ, ਬੇਦੋਸ਼ੇ ਸਿੱਖ ਨੌਜਵਾਨਾਂ ਦੇ ਫੇਕ ਐਨਕਾਊਂਟਰ ਅੱਜ ਵੀ ਜਾਰੀ ਨੇ ਅਤੇ ਇਸ ਸਭ ਤੋਂ ਉੱਪਰ ਸ਼ੋਸਲ ਮੀਡੀਆ ਅਤੇ ਹੋਰ ਸੂਚਨਾ ਸਾਧਨਾਂ ਰਾਂਹੀ ਝੂਠੇ ਬਿਰਤਾਂਤ ਸਿਰਜਣ ਦੀ ਦੌੜ ਲਗਾਤਾਰ ਜਾਰੀ ਹੈ।
ਪੰਜਾਬ ਅੱਜ ਇੱਕ ਵਾਰ ਫਿਰ ਉਸ ਮੋੜ ਉੱਤੇ ਖੜ੍ਹਾ ਹੈ ਜਿੱਥੇ ਇਤਿਹਾਸ ਸਾਨੂੰ ਸੁਚੇਤ ਹੋਣ ਦਾ ਸੱਦਾ ਦੇ ਰਿਹਾ ਹੈ। ਭਾਰਤ ਸਰਕਾਰ ਲਈ ਪੰਜਾਬ ਹੁਣ ਆਪਣੀ ਸੱਤਾ ਨੂੰ ਹੋਰ ਮਜ਼ਬੂਤ ਕਰਨ ਲਈ ਅਗਲਾ ਨਿਸ਼ਾਨਾ ਹੈ। ਪਾਣੀਆਂ ਦੀ ਲੁੱਟ, ਜ਼ਮੀਨਾਂ ਦੀ ਤਬਾਹੀ, ਨਸ਼ਿਆਂ ਦੀ ਭਰਮਾਰ, ਨੌਜਵਾਨੀ ਦਾ ਪਲਾਇਣ — ਇਹ ਸਭ ਇੱਕੋ ਸੋਚੀ ਸਮਝੀ ਸਾਜ਼ਿਸ਼ ਦੇ ਹਿੱਸੇ ਨੇ।
ਸਿੱਖ ਚਿੰਤਕ ਅਤੇ ਲੇਖਕ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਲਿਖਿਆ ਹੈ “ਜਦੋਂ ਕੋਈ ਕੌਮ ਆਪਣੀ ਭਾਸ਼ਾ ਭੁੱਲ ਜਾਂਦੀ ਹੈ, ਆਪਣਾ ਇਤਿਹਾਸ ਭੁੱਲ ਜਾਂਦੀ ਹੈ, ਆਪਣੇ ਸ਼ਹੀਦਾਂ ਦੇ ਨਾਮ ਭੁੱਲ ਜਾਂਦੀ ਹੈ — ਤਾਂ ਦੁਸ਼ਮਣ ਨੂੰ ਤੋਪਾਂ ਦੀ ਲੋੜ ਨਹੀਂ ਰਹਿੰਦੀ”
ਸਿੱਖ ਕੋਲੀਸ਼ਨ ਵਰਗੀਆਂ ਸੰਸਥਾਵਾਂ ਨੇ ਦਰਜ ਕੀਤਾ ਹੈ ਕਿ ਭਾਰਤੀ ਰਾਜ ਸ਼ਕਤੀਆਂ ਵੱਲੋਂ ਦੁਨੀਆਂ ਭਰ ਵਿੱਚ ਵਸਦੇ ਸਿੱਖ ਸੰਘਰਸ਼ੀਆਂ ਨੂੰ ਦਬਾਉਣ ਦੇ ਯਤਨ ਜਾਰੀ ਨੇ। ਸਰਕਾਰ ਇਸ ਲਈ ਕਿਸ ਹੱਦ ਤੱਕ ਜਾ ਸਕਦੀ ਹੈ, ਇਸ ਗੱਲ ਦਾ ਅੰਦਾਜ਼ਾ ਪਿਛਲੇ ਸਮੇਂ ਵਿੱਚ ਵਿਦੇਸ਼ਾਂ ਦੀ ਧਰਤੀ ਤੇ ਸਿੱਖ ਸੰਘਰਸ਼ੀਆਂ ਨੂੰ ਬਣਾਏ ਗਏ ਨਿਸ਼ਾਨੇ ਤੋਂ ਲਗਾਇਆ ਜਾ ਸਕਦਾ ਹੈ।
ਪਰ ਸ਼ਾਇਦ ਦੁਸ਼ਮਣ ਇਹ ਭੁੱਲ ਗਿਆ ਹੈ ਕਿ ਜਿਸ ਕੌਮ ਨੇ ਅਹਿਮਦ ਸ਼ਾਹ ਅਬਦਾਲੀ ਦੇ ਸਾਹਮਣੇ ਹਾਰ ਨਹੀਂ ਮੰਨੀ, ਉਹ ਇਸ ਹਕੂਮਤ ਅੱਗੇ ਕਿਵੇਂ ਝੁਕ ਜਾਵੇਗੀ।
ਸਿੱਖ ਚਿੰਤਕ ਅਤੇ ਵਿਦਵਾਨ ਡਾ. ਪਿਆਰਾ ਸਿੰਘ ਗਿੱਲ ਲਿਖਦੇ ਨੇ – “ਸਿੱਖ ਕੌਮ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਉਹ ਹਰ ਘੱਲੂਘਾਰੇ ਤੋਂ ਬਾਅਦ ਮੁੜ ਉੱਠੀ ਹੈ — ਨਾ ਸਿਰਫ਼ ਸਰੀਰਕ ਤੌਰ ‘ਤੇ, ਸਗੋਂ ਆਤਮਿਕ ਤੌਰ ‘ਤੇ ਵੀ”
ਇਹ ਸ਼ਬਦ ਅੱਜ ਦੇ ਵੇਲੇ ਹੋਰ ਵੀ ਡੂੰਘੇ ਅਰਥ ਰੱਖਦੇ ਨੇ। ਸੋਸ਼ਲ ਮੀਡੀਆ ‘ਤੇ ਸਿੱਖ ਧਾਰਮਿਕ ਸ਼ਖ਼ਸੀਅਤਾਂ ਅਤੇ ਸੰਘਰਸ਼ੀਆਂ ਦੀ ਬਾਤ ਪਾਉਣ ਵਾਲੇ ਖਾਤੇ ਬੰਦ ਕਰਵਾਏ ਜਾ ਰਹੇ ਨੇ, ਜੋ ਵੀ ਆਵਾਜ਼ ਹਕੂਮਤ ਨੂੰ ਚੁੱਭਦੀ ਹੈ ਉਸਨੂੰ ਚੁੱਪ ਕਰਵਾਉਣ ਲਈ ਹਰ ਹੀਲਾ ਵਰਤਿਆ ਜਾਂਦਾ ਹੈ, ਪੰਜਾਬੀ ਮਾਂ-ਬੋਲੀ ਨੂੰ ਸਕੂਲਾਂ ਵਿੱਚੋਂ ਹਾਸ਼ੀਏ ‘ਤੇ ਧੱਕਿਆ ਜਾ ਰਿਹਾ ਹੈ, ਅਤੇ ਸਿੱਖ ਨੌਜਵਾਨੀ ਨੂੰ ਆਪਣੇ ਗੁਰੂ ਘਰਾਂ, ਇਤਿਹਾਸ ਅਤੇ ਸਿੱਖੀ ਤੋਂ ਦੂਰ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ। ਇਹ ਉਹ ਸ਼ਬਦ-ਜੰਗ ਹੈ ਜਿਸ ਵਿੱਚ ਸਿੱਖਾਂ ਨੂੰ ਹੁਣ ਬਰਾਬਰ ਦੀ ਸ਼ਕਤੀ ਨਾਲ ਲੜਨਾ ਪਵੇਗਾ।
ਅੱਜ ਦਾ ਖਾਲਸਾ ਉਹੀ ਹੈ ਜੋ 1699 ਵਿੱਚ ਸਜਾਇਆ ਗਿਆ ਸੀ। ਜਿਸ ਦੀਆਂ ਰਗਾਂ ਵਿੱਚ ਗੁਰੂ ਅਰਜਨ ਦੇਵ ਜੀ ਦਾ ਸਬਰ ਵਹਿੰਦਾ ਹੈ, ਜਿਸ ਦੇ ਮੋਢਿਆਂ ‘ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੀਰੀ-ਪੀਰੀ ਵਾਲੀ ਕਿਰਪਾਨ ਹੈ, ਜਿਸ ਦੀ ਛਾਤੀ ਵਿੱਚ ਗੁਰੂ ਤੇਗ਼ ਬਹਾਦਰ ਜੀ ਵਾਲਾ ਉਹ ਦਿਲ ਹੈ ਜੋ ਦੂਜਿਆਂ ਲਈ ਵੀ ਤੜਫਦਾ ਹੈ, ਅਤੇ ਜਿਸ ਦੀ ਆਤਮਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਸਿੱਖਿਆ ਹੈ ਜੇ ਪਹਿਲਾਂ ਮਰ ਕੇ ਫਿਰ ਸਿੱਖ ਕਹਾਉਣ ਦਾ ਹੱਕ ਦਿੰਦੀ ਹੈ, “ਜਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰੁ ਧਰਿ ਤਲੀ ਗਲੀ ਮੇਰੀ ਆਉ।”
ਜੂਨ 1984 ਦੇ ਸ਼ਹੀਦਾਂ ਦੀਆਂ ਰੂਹਾਂ ਅੱਜ ਵੀ ਸਾਡੇ ਨਾਲ ਨੇ। ਉਹਨਾਂ ਦੀ ਸ਼ਹੀਦੀ ਨੂੰ ਸਿਜਦਾ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੱਜ ਵੱਲ ਦੇਖਣ ਦੀ ਲੋੜ ਹੈ। ਮੌਜੂਦਾ ਸਮੇਂ ਦੇ ਅੰਤਰਰਾਸ਼ਟਰੀ ਹਾਲਾਤਾਂ ਦਰਮਿਆਨ ਸਿੱਖਾਂ ਅਤੇ ਪੰਜਾਬ ਨੂੰ ਆਪਣੀ ਨੀਤੀਗਤ ਪਹੁੰਚ ਅਤੇ ਢਾਂਚਾਗਤ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਆਪਣੇ ਇਤਿਹਾਸ ਨਾਲ ਜੁੜਣ ਦਾ ਮੰਤਵ ਪਿੱਛੇ ਤੋਂ ਸਿੱਖ ਕੇ ਅੱਗੇ ਨੂੰ ਸੁਧਾਰਣਾ ਹੁੰਦਾ ਹੈ।
ਸਿੱਖ ਵਿਦਵਾਨ ਅਤੇ ਮਨੁੱਖੀ ਅਧਿਕਾਰ ਕਾਰਕੁਨ ਜਸਪਾਲ ਸਿੰਘ ਸਿੱਧੂ ਦੇ ਸ਼ਬਦਾਂ ਵਿੱਚ “1984 ਦਾ ਸਹੀ ਜਵਾਬ ਸਿਰਫ਼ ਸੋਗ ਮਨਾਉਣਾ ਨਹੀਂ — ਸਹੀ ਜਵਾਬ ਇਹ ਹੈ ਕਿ ਅਸੀਂ ਉਹ ਕੌਮ ਬਣੀਏ ਜਿਸਦਾ ਸੁਪਨਾ ਸਾਡੇ ਸ਼ਹੀਦਾਂ ਨੇ ਦੇਖਿਆ ਸੀ”
ਅੱਜ ਸਿੱਖਾਂ ਅਤੇ ਪੰਜਾਬ ਨੂੰ ਤਿੰਨ ਮੋਰਚਿਆਂ ‘ਤੇ ਇੱਕੋ ਵੇਲੇ ਸੁਚੇਤ ਰਹਿਣਾ ਪਵੇਗਾ – ਪਹਿਲਾ ਹੈ ਬੌਧਿਕ ਮੋਰਚਾ, ਆਪਣੇ ਬੱਚਿਆਂ ਨੂੰ ਗੁਰਮਤਿ, ਇਤਿਹਾਸ ਅਤੇ ਪੰਜਾਬੀ ਭਾਸ਼ਾ ਨਾਲ ਜੋੜਨਾ ਹੁਣ ਸਿਰਫ਼ ਧਾਰਮਿਕ ਫਰਜ਼ ਨਹੀਂ, ਕੌਮੀ ਬਚਾਅ ਵਜੋਂ ਸਮੇਂ ਲੋੜ ਹੈ। ਜੋ ਕੌਮ ਆਪਣੀ ਜ਼ੁਬਾਨ ਵਿੱਚ ਸੋਚਣਾ ਛੱਡ ਦਿੰਦੀ ਹੈ, ਉਹ ਹੌਲੀ ਹੌਲੀ ਆਪਣੀ ਆਤਮਾ ਵੀ ਗੁਆ ਬੈਠਦੀ ਹੈ।
ਦੂਜਾ ਹੈ ਸੰਸਥਾਗਤ ਮੋਰਚਾ, ਸਿੱਖ ਸੰਸਥਾਵਾਂ ਨੂੰ ਅੰਦਰੋਂ ਮਜ਼ਬੂਤ ਕਰਨ ਅਤੇ ਇੱਕਜੁਟ ਕਰਨ ਦੀ ਜ਼ਰੂਰਤ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੋਂ ਲੈ ਕੇ ਸਿੱਖ ਵਿੱਦਿਅਕ ਅਦਾਰਿਆਂ ਤੱਕ — ਜਿੱਥੇ ਵੀ ਭ੍ਰਿਸ਼ਟਾਚਾਰ ਅਤੇ ਕਾਇਰਤਾ ਵੜ ਗਈ ਹੈ, ਉੱਥੇ ਗੁਰਮਤਿ ਦੀ ਰੋਸ਼ਨੀ ਲਿਆਉਣੀ ਪੈਣੀ ਹੈ, ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਖਾਲਸਾਈ ਭਾਵਨਾ ਨਾਲ ਲਬਰੇਜ਼ ਸਿੰਘਾਂ ਦੇ ਹੱਥ ਦੇਣਾ ਪਵੇਗਾ।
ਤੀਜਾ ਹੈ ਅੰਤਰਰਾਸ਼ਟਰੀ ਮੋਰਚਾ, ਦੁਨੀਆਂ ਭਰ ਵਿੱਚ ਰਿਹਾ ਸਿੱਖ ਡਾਇਸਪੋਰਾ ਨੂੰ ਹੁਣ ਸਿਰਫ਼ ਆਰਥਿਕ ਸ਼ਕਤੀ ਵਜੋਂ ਨਹੀਂ, ਵਿਦੇਸ਼ੀ ਤਾਕਤ ਵਜੋਂ ਆਪਣਾ ਫਰਜ਼ ਹੋਰ ਤਨਦੇਹੀ ਨਾਲ ਨਿਭਾਉਣਾ ਚਾਹੀਦਾ ਹੈ। ਵਿਦੇਸ਼ਾਂ ‘ਚ ਵਸਦੇ ਸਿੱਖਾਂ ਨੂੰ ਕੌਮਾਂਤਰੀ ਪੱਧਰ ‘ਤੇ ਸਿੱਖ ਮਸਲਿਆਂ ਦੀ ਵਕਾਲਤ ਕਰਨੀ ਪਵੇਗੀ, ਅਤੇ ਭਾਰਤ ਸਰਕਾਰ ਦੇ ਝੂਠੇ ਬਿਰਤਾਂਤਾਂ ਦਾ ਤੱਥਾਂ ਅਧਾਰਿਤ ਜਵਾਬ ਦੇਣਾ ਪਵੇਗਾ।
ਹਮੇਸ਼ਾਂ ਦੀ ਤਰ੍ਹਾਂ ਅੱਜ ਵੀ ਸਾਡੀ ਤਾਕਤ ਗੁਰਬਾਣੀ, ਇਤਿਹਾਸ ਅਤੇ ਜਥੇਬੰਦਕ ਚੇਤਨਾ ਹੀ ਹੈ ਅਤੇ ਜੇਕਰ ਅਸੀਂ ਆਪਣੀ ਮਜ਼ਬੂਤੀ ਵੱਲ ਧਿਆਨ ਦੇਣ ਲੱਗ ਜਾਈਏ ਤਾਂ ਕਮੀਆਂ ਪੇਸ਼ੀਆਂ ਆਪਣੇ ਆਪ ਖ਼ਤਮ ਹੋ ਜਾਂਦੀਆਂ ਨੇ।