ਨਵੀਂ ਦਿੱਲੀ: ਵਕੀਲ ਜਸਪਾਲ ਸਿੰਘ ਮੰਝਪੁਰ ਨੇ ਹੇਠ ਦਿੱਲੀ ਦੀ ਐਨ.ਆਈ.ਏ. ਵਿਸ਼ੇਸ਼ ਅਦਾਲਤ (ਪਟਿਆਲਾ ਹਾਊਸ) ਵਿੱਚ ਚੱਲ ਰਹੀ ਕਥਿਤ ‘ਟਾਰਗਟ ਕਿਲਿੰਗ’ ਮਾਮਲਿਆਂ ਵਿਚ ਮੁਕੱਦਮੇ ਦੀ ਕਾਰਵਾਈ ਬਾਰੇ ਤਾਜਾ ਜਾਣਕਾਰੀ ਇਕ ਵਿਖਤ (ਵੀਡੀਓ) ਰਾਹੀਂ ਜਾਰੀ ਕੀਤੀ ਹੈ। ਇਹਨਾਂ ਮੁਕੱਦਮਿਆਂ ਵਿੱਚ ਬਰਤਾਨਵੀ ਨਾਗਰਿਕ ਜਗਤਾਰ ਸਿੰਘ “ਜੱਗੀ” ਜੌਹਲ ਦੇ ਨਾਲ-ਨਾਲ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ ਅਤੇ ਅਮਨਿੰਦਰ ਸਿੰਘ ਸਮੇਤ ਕਈ ਹੋਰ ਵਿਅਕਤੀ ਨਾਮਜ਼ਦ ਹਨ।

ਸੁਪਰੀਮ ਕੋਰਟ ਦੀਆਂ ਹਦਾਇਤਾਂ ਅਤੇ ਮੁਕੱਦਮੇ ਦੀ ਕਾਰਵਾਈ:
੧੧ ਦਸੰਬਰ ੨੦੨੫ ਨੂੰ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ, ਹੇਠਲੀ ਅਦਾਲਤ ਨੂੰ ਇਹਨਾਂ ਮੁਕੱਦਮਿਆਂ ਦਾ ਨਿਪਟਾਰਾ ਛੇਤੀ ਕਰਨ ਦੀ ਹਦਾਇਤ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਖਾਸ ਤੌਰ ‘ਤੇ “ਸੁਰੱਖਿਅਤ/ਗੁਪਤ ਗਵਾਹਾਂ” ਦੀ ਪੁੱਛ-ਗਿੱਛ ‘ਤੇ ਧਿਆਨ ਕੇਂਦਰਿਤ ਕਰਦੇ ਹੋਏ, ਜਿੱਥੋਂ ਤੱਕ ਸੰਭਵ ਹੋ ਸਕੇ, ਰੋਜ਼ਾਨਾ ਸੁਣਵਾਈ ਕਰਨ ਦਾ ਹੁਕਮ ਦਿੱਤਾ ਸੀ।

ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਹੇਠਲੀ ਅਦਾਲਤ ਨੇ ਇਹਨਾਂ ਹਦਾਇਤਾਂ ਦੀ ਸਰਗਰਮੀ ਨਾਲ ਪਾਲਣਾ ਕੀਤੀ ਹੈ। ੧੧ ਦਸੰਬਰ ੨੦੨੫ ਤੋਂ ੧੯ ਫਰਵਰੀ ੨੦੨੬ ਦੇ ਵਿਚਕਾਰ, ਕੁੱਲ ੧੨ (ਬਾਰ੍ਹਾਂ) ਪੇਸ਼ੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਛੇ ਸੁਰੱਖਿਅਤ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ।
ਜੱਗੀ ਜੌਹਲ ਨਾਲ ਸਬੰਧਤ ਗਵਾਹਾਂ ਦੀ ਸਥਿਤੀ
ਜਾਣਕਾਰੀ ਅਨੁਸਾਰ, ੧੯ ਫਰਵਰੀ ਤੱਕ ਕਿਸੇ ਵੀ ਸੁਰੱਖਿਅਤ ਗਵਾਹ ਨੇ ਖਾਸ ਤੌਰ ‘ਤੇ ਜਗਤਾਰ ਸਿੰਘ ਜੌਹਲ ਦੇ ਖਿਲਾਫ ਬਿਆਨ ਨਹੀਂ ਦਿੱਤਾ ਹੈ। ਐਨ.ਆਈ.ਏ. ਦਾ ਕਹਿਣਾ ਹੈ ਕਿ ਉਸਦੇ ਖਿਲਾਫ ਗਵਾਹੀ ਦੇਣ ਲਈ ਦੋ ਸੁਰੱਖਿਅਤ ਗਵਾਹ ਮਿੱਥੇ ਗਏ ਹਨ। ਹਾਲਾਂਕਿ, ਤਾਜ਼ਾ ਕਾਰਵਾਈ ਦੌਰਾਨ, ਐਨ.ਆਈ.ਏ. ਦੇ ਇੱਕ ਅਧਿਕਾਰੀ ਨੇ ਅਦਾਲਤ ਨੂੰ ਇਹਨਾਂ ਦੋ ਗਵਾਹਾਂ ਬਾਰੇ ਇਹ ਅਹਿਮ ਜਾਣਕਾਰੀ ਦਿੱਤੀ ਕਿ ਇੱਕ ਗਵਾਹ ਦੀ ਮੌਤ ਹੋ ਚੁੱਕੀ ਹੈ ਅਤੇ ਦੂਜਾ ਗਵਾਹ ਇਸ ਸਮੇਂ ਵਿਦੇਸ਼ ਵਿੱਚ ਰਹਿੰਦਾ ਹੈ।
ਇਸ ਜਾਣਕਾਰੀ ਦੇ ਜਵਾਬ ਵਿੱਚ, ਅਦਾਲਤ ਨੇ ਐਨ.ਆਈ.ਏ. ਨੂੰ ਆਉਣ ਵਾਲੀਆਂ ਪੇਸ਼ੀਆਂ ਦੌਰਾਨ ਵੇਰਵਾ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਏਜੰਸੀ ਨੂੰ ਇਹ ਸਪੱਸ਼ਟ ਕਰਨਾ ਪਵੇਗਾ ਕਿ ਵਿਦੇਸ਼ ਵਿੱਚ ਰਹਿਣ ਵਾਲਾ ਗਵਾਹ ਕਦੋਂ ਇੰਡੀਆ ਆਵੇਗਾ ਜਾਂ ਉਸਦੀ ਗਵਾਹੀ ਦਰਜ ਕਰਨ ਲਈ ਕਿਹੜੇ ਬਦਲਵੇਂ ਕਾਨੂੰਨੀ ਪ੍ਰਬੰਧ ਕੀਤੇ ਜਾਣਗੇ।
ਬਾਘਾਪੁਰਣਾ ਦੇ ਬਰੀ ਹੋਏ ਕੇਸ ਨਾਲ ਸਮਾਨਤਾਵਾਂ
ਵਕੀਲ ਮੰਝਪੁਰ ਨੇ ਮੌਜੂਦਾ ਗਵਾਹੀਆਂ ਦੀ ਸਥਿਤੀ ਅਤੇ ਮੋਗਾ ਵਿਖੇ ਜੌਹਲ ਦੇ ਪਿਛਲੇ ਮੁਕੱਦਮੇ (ਠਾਣਾ ਬਾਘਾਪੁਰਾਣਾ ਦੀ ਮੁਢਲੀ ਇਤਲਾਹ ਰਿਪੋਰਟ ਸੰਖਿਆ ੧੯੩/੧੬) ਵਿਚਕਾਰ ਇੱਕ ਖਾਸ ਸਮਾਨਤਾ ਨੂੰ ਉਜਾਗਰ ਕੀਤਾ। ਉਸ ਮੁਕੱਦਮੇ ਵਿੱਚ ਵੀ, ਸਰਕਾਰੀ ਪੱਖ ਦੋ ਨਿੱਜੀ ਗਵਾਹਾਂ ‘ਤੇ ਨਿਰਭਰ ਸੀ; ਗਵਾਹੀ ਦੇਣ ਤੋਂ ਪਹਿਲਾਂ ਇੱਕ ਦੀ ਮੌਤ ਹੋ ਗਈ ਸੀ, ਅਤੇ ਅਦਾਲਤ ਨੇ ਅੰਤ ਵਿੱਚ ਦੂਜੇ ਦੀ ਗਵਾਹੀ ਨੂੰ ਭਰੋਸੇਯੋਗ ਨਾ ਮੰਨਦਿਆਂ ਰੱਦ ਕਰ ਦਿੱਤਾ ਸੀ, ਜਿਸ ਦੇ ਨਤੀਜੇ ਵਜੋਂ ਜੌਹਲ ਨੂੰ ਬਰੀ ਕਰ ਦਿੱਤਾ ਗਿਆ ਸੀ।
ਬਚਾਅ ਪੱਖ ਨੇ ਉਮੀਦ ਜਤਾਈ ਕਿ ਮੌਜੂਦਾ ਐਨ.ਆਈ.ਏ. ਕਾਰਵਾਈ ਦਾ ਵੀ ਅਜਿਹਾ ਹੀ ਨਤੀਜਾ ਨਿਕਲੇਗਾ, ਅਤੇ ਉਹਨਾਂ ਨੂੰ ਜੌਹਲ ਦੇ ਜਲਦ ਬਰੀ ਹੋਣ ਅਤੇ ਘਰ ਵਾਪਸੀ ਦੀ ਆਸ ਹੈ।