Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਚਾਰ ਸੰਘਰਸ਼ੀ ਸਿੱਖ ਜਥੇਬੰਦੀਆਂ ਨੇ ਸਰਬੱਤ ਖਾਲਸਾ 1986 ਦੀ 40ਵੀਂ ਵਰ੍ਹੇਗੰਢ ’ਤੇ ਅਹਿਮ ਐਲਾਨ ਕੀਤੇ

ਚਾਰ ਸੰਘਰਸ਼ੀ ਸਿੱਖ ਜਥੇਬੰਦੀਆਂ ਨੇ ਸਰਬੱਤ ਖਾਲਸਾ 1986 ਦੀ 40ਵੀਂ ਵਰ੍ਹੇਗੰਢ ’ਤੇ ਅਹਿਮ ਐਲਾਨ ਕੀਤੇ

ਅੰਮ੍ਰਿਤਸਰ: ਚਾਰ ਆਜ਼ਾਦੀ ਪੱਖੀ ਸਿੱਖ ਜਥੇਬੰਦੀਆਂ– ਭਾਈ ਜਗਤਾਰ ਸਿੰਘ ਹਵਾਰਾ ਕਮੇਟੀ, ਦਲ ਖਾਲਸਾ, ਪੰਚ ਪ੍ਰਧਾਨੀ ਜਥਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਸਰਬੱਤ ਖਾਲਸਾ ਦੀ 40ਵੀਂ ਯਾਦ ਸਾਂਝੇ ਤੌਰ ’ਤੇ ਮਨਾਈ ਗਈ। ਇਸ ਮੌਕੇ 26 ਜਨਵਰੀ 2026 ਵਾਲੇ ਦਿਨ ਸ੍ਰੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਸੰਤੋਖਸਰ ਸਾਹਿਬ ਦੇ ਨਜ਼ਦੀਕ ਇੱਕ ਸਾਂਝਾ ਸਮਾਗਮ ਕੀਤਾ ਗਿਆ। ਇਸ ਸਮਾਗਮ ਨੂੰ ਚਾਰਾਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ ਤੇ ਇਸ ਮੌਕੇ ਚਾਰਾਂ ਜਥੇਬੰਦੀਆਂ ਵੱਲੋਂ ਭਾਈ ਹਰਪਾਲ ਸਿੰਘ ਚੀਮਾ (ਦਲ ਖਾਲਸਾ), ਸ. ਸਿਮਰਨਜੀਤ ਸਿੰਘ ਮਾਨ (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਭਾਈ ਦਲਜੀਤ ਸਿੰਘ ਬਿੱਟੂ (ਪੰਚ ਪ੍ਰਧਾਨੀ ਜਥਾ) ਅਤੇ ਭਾਈ ਭੁਪਿੰਦਰ ਸਿੰਘ ਭਲਵਾਨ (ਭਾਈ ਜਗਤਾਰ ਸਿੰਘ ਹਵਾਰਾ ਕਮੇਟੀ) ਨੇ ਸਾਂਝੇ ਐਲਾਨਨਾਮੇ ਉੱਤੇ ਦਸਤਖਤ ਕੀਤੇ।

Prof.-Baljinder-Singh-spokesperson-of-Bhai-Jagtar-Singh-Hawara-Committee-addressing-the-gathering-on-40th-anniversary-of-Sarbat-Khalsa-1986-at-Amritsar
ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ, ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ 1986 ਦੀ 40ਵੀਂ ਵਰ੍ਹੇਗੰਢ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ

ਸਮਾਗਮ ਦੀ ਸ਼ੁਰੂਆਤ ਵਿੱਚ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਸਟੇਟ ਮੌਜੂਦਾ ਸਮੇਂ ਵਿੱਚ ਸਿੱਖ ਪਛਾਣ ਨੂੰ ਖਤਮ ਕਰਨ ਵਾਸਤੇ ਕਈ ਹੀਲੇ ਵਰਤ ਰਹੀ ਹੈ। ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਅਤੇ ਸਿੱਖ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਸਿਆਸੀ, ਭਾਸ਼ਾਈ, ਸੱਭਿਆਚਾਰਕ ਅਤੇ ਆਰਥਿਕ ਨਸਲਕੁਸ਼ੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

Former-MP-and-SAD-Amritsar-president-S.-Simranjit-Singh-Mann-addressing-the-gathering-on-40th-anniversary-of-Sarbat-Khalsa-1986-at-Amritsar
ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ 1986 ਦੀ 40ਵੀਂ ਵਰ੍ਹੇਗੰਢ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ

ਸਾਬਕਾ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੇ ਆਰਥਿਕ ਹਾਲਾਤਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇੰਡੀਅਨ ਸਟੇਟ ਵੱਲੋਂ ਪੰਜਾਬ ਦੀਆਂ ਸਰਹੱਦਾਂ ਰਾਹੀਂ ਹੁੰਦਾ ਵਪਾਰ ਰੋਕ ਕੇ ਪੰਜਾਬ ਅਤੇ ਸਿੱਖਾਂ ਦੇ ਅਰਥਚਾਰੇ ਨੂੰ ਵੱਡੀ ਸੱਟ ਮਾਰੀ ਜਾ ਰਹੀ ਹੈ। ਉਹਨਾਂ ਕਿਹਾ ਕਿ ਅਟਾਰੀ ਵਾਹਘਾ ਸਰਹੱਦ ਰਾਹੀਂ ਕੇਂਦਰੀ ਏਸ਼ੀਆ ਤੱਕ ਹੋਣ ਵਾਲੇ ਵਪਾਰ ਨੂੰ ਰੋਕ ਕੇ ਇੰਡੀਅਨ ਸਟੇਟ ਵੱਲੋਂ ਪੰਜਾਬ ਦੇ ਵਪਾਰੀ ਵਰਗ ਅਤੇ ਕਿਰਸਾਨਾਂ ਨੂੰ ਆਰਥਿਕ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਸ. ਮਾਨ ਨੇ ਕਿਹਾ ਕਿ ਇੰਡੀਆ ਦਾ ਮੌਜੂਦਾ ਰਾਜਨੀਤਿਕ ਢਾਂਚਾ ਇਕ ਪਾਸੜ ਤੌਰ ਉੱਤੇ ਫੈਸਲੇ ਲੈਂਦਾ ਹੈ ਅਤੇ ਇਹਨਾ ਫੈਸਲਿਆਂ ਵਿਚ ਸਿੱਖ ਕੌਮ ਦੀ ਸ਼ਮੂਲੀਅਤ ਨਹੀਂ ਕਰਵਾਈ ਜਾਂਦੀ। ਉਹਨਾ ਕਿਹਾ ਕਿ ਇਹ ਉਹ ਢਾਂਚਾ ਨਹੀਂ ਹੈ ਜਿਸ ਦਾ ਵਾਅਦਾ 1947 ਦੀ ਵੰਡ ਮੌਕੇ ਇੰਡੀਆ ਦੇ ਰਾਜਨੀਤਿਕ ਆਗੂਆਂ ਵੱਲੋਂ ਸਿੱਖਾਂ ਨਾਲ ਕੀਤਾ ਗਿਆ ਸੀ।

Panth-Sewak-Bhai-Daljit-Singh-addressing-the-gathering-on-40th-anniversary-of-Sarbat-Khalsa-1986-at-Amritsar
ਪੰਥ ਸੇਵਕ ਸ਼ਖਸ਼ੀਅਤਾਂ ਦੇ ਪੰਚ ਪ੍ਰਧਾਨੀ ਜਥੇ ਵੱਲੋਂ ਭਾਈ ਦਲਜੀਤ ਸਿੰਘ ਬਿੱਟੂ, ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ 1986 ਦੀ 40ਵੀਂ ਵਰ੍ਹੇਗੰਢ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ

ਪੰਥ ਸੇਵਕ ਸ਼ਖਸ਼ੀਅਤਾਂ ਦੇ ਪੰਚ ਪ੍ਰਧਾਨੀ ਜਥੇ ਵੱਲੋਂ ਆਪਣੇ ਵਿਚਾਰ ਸਾਂਝੇ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ ਨੇ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਅਤੇ ਖਾੜਕੂ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਪਰਿਵਾਰਾਂ, ਬੀਬੀਆਂ ਅਤੇ ਬਜ਼ੁਰਗਾਂ ਨੂੰ ਸ਼ਰਧਾਂਜਲੀ ਤੇ ਸਤਿਕਾਰ ਭੇਟ ਕੀਤਾ। ਉਹਨਾ ਕਿਹਾ ਕਿ ਖਾਲਸਾ ਪੰਥ ਰਾਜ ਦਾ ਸਵੈ-ਸਿਧ ਅਧਿਕਾਰੀ ਹੈ ਤੇ ਖਾਲਿਸਤਾਨ ਗੁਰਮਤਿ ਦੇ ‘ਹਲੇਮੀ ਰਾਜ’, ‘ਬੇਗਮਪੁਰਾ’ ਅਤੇ ‘ਸਰਬੱਤ ਦੇ ਭਲੇ’ ਦੇ ਆਦਰਸ਼ਾਂ ਤੇ ਅਧਾਰਤ ਰਾਜ ਪ੍ਰਣਾਲੀ ਹੈ। ਇਸ ਪ੍ਰਣਾਲੀ ਨੂੰ ਸੰਸਾਰ ਵਿਚ ਹਕੀਕਤ ਬਣਾਉਣ ਲਈ ਲਈ ‘ਖਾਲਿਸਤਾਨ’ ਦੀ ਰਾਜਨੀਤਕ ਸਥਾਪਨਾ ਜਰੂਰੀ ਹੈ।

ਬਦਲ ਰਹੇ ਕੌਮਾਂਤਰੀ ਹਾਲਾਤ ਬਾਰੇ ਜ਼ਿਕਰ ਕਰਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਹਾਲ ਵਿੱਚ ਹੀ ਅਜ਼ਰਬਾਈਜਾਨ ਦੀ ਰਾਜਧਾਨੀ ਬਾਕੂ ਵਿੱਚ ਸਿੱਖ ਮਸਲਿਆਂ ਉੱਤੇ ਹੋਈ ਕੌਮਾਂਤਰੀ ਕਾਨਫਰੰਸ ਬਹੁਤ ਅਹਿਮੀਅਤ ਰੱਖਦੀ ਹੈ। ਉਹਨਾਂ ਕਿਹਾ ਕਿ ਭਾਰਤੀ ਸਟੇਟ ਪੰਜਾਬ ਵਿੱਚ ਅਫਰਾਤਫਰੀ ਦਾ ਮਾਹੌਲ ਸਿਰਜ ਰਹੀ ਹੈ ਅਤੇ ਕਾਨੂੰਨ ਵਿਵਸਥਾ ਤੇ ਗੈਂਗਸਟਰਇਜ਼ਮ ਦੀ ਆੜ ਵਿੱਚ ਸਟੇਟ ਦੀਆਂ ਏਜੰਸੀਆਂ ਵੱਲੋਂ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਸੰਸਾਰ ਪੱਧਰ ਉੱਪਰ ਇਸ ਵੇਲੇ ਅਸਥਿਰਤਾ ਅਸਥਿਰਤਾ ਵਧ ਰਹੀ ਹੈ ਅਤੇ ਇਸ ਖਿੱਤੇ ਵਿੱਚ ਵੀ ਟਕਰਾਵਾਂ ਵਾਲਾ ਮਾਹੌਲ ਉਸਰ ਰਿਹਾ ਹੈ। ਇਸ ਲਈ ਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਸਿੱਖਾਂ ਵੱਲੋਂ ਸਾਂਝੇ ਮੰਚਾਂ ਦੀ ਉਸਾਰੀ ਕੀਤੀ ਜਾਵੇ ਅਤੇ ਫੈਸਲੇ ਲੈਣ ਤੇ ਸਾਂਝੀ ਅਗਵਾਈ ਉਭਾਰਨ ਦੀਆਂ ਗੁਰਮਤਿ ਅਧਾਰਤ ਵਿਧੀਆਂ ਉੱਤੇ ਸਹਿਮਤੀ ਬਣਾਈ ਜਾਵੇ। 1986 ਦੇ ਸਰਬੱਤ ਖਾਲਸੇ ਤੋਂ ਸਾਨੂੰ ਇਹੀ ਸੇਧ ਮਿਲਦੀ ਹੈ। 

Dal-Khalsa-spokesperson-S.-Kanwarpal-Singh-addressing-the-gathering-on-40th-anniversary-of-Sarbat-Khalsa-1986-at-Amritsar
ਦਲ ਖਾਲਸਾ ਦੇ ਬੁਲਾਰੇ ਸ. ਕੰਵਰਪਾਲ ਸਿੰਘ, ਅੰਮ੍ਰਿਤਸਰ ਵਿਖੇ ਸਰਬੱਤ ਖਾਲਸਾ 1986 ਦੀ 40ਵੀਂ ਵਰ੍ਹੇਗੰਢ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ

ਦਲ ਖਾਲਸਾ ਦੇ ਬੁਲਾਰੇ ਸ. ਕੰਵਰਪਾਲ ਸਿੰਘ ਨੇ 1986 ਦੇ ਸਰਬੱਤ ਖਾਲਸੇ ਨੂੰ ਤਤਕਾਲੀ ਸਿੱਖ ਇਤਿਹਾਸ ਦਾ ਇੱਕ ਅਹਿਮ ਮੀਲ-ਪੱਥਰ ਦੱਸਦਿਆਂ ਕਿਹਾ ਕਿ ਇਸ ਸਰਬੱਤ ਖਾਲਸੇ ਨੇ ਅਗਲੇਰੇ ਸੰਘਰਸ਼ ਨੂੰ ਸੇਧ ਤੇ ਤਾਕਤ ਦਿੱਤੀ ਸੀ। ਉਹਨਾਂ ਕਿਹਾ ਕਿ ਅੱਜ 40 ਸਾਲ ਬਾਅਦ ਅਸੀਂ ਉਸ ਸਰਬੱਤ ਖਾਲਸੇ ਦੀ ਸਿਰਫ ਯਾਦ ਹੀ ਰਹੀ ਮਨਾ ਰਹੇ ਬਲਕਿ ਅਸੀਂ ਭਵਿੱਖ ਵਾਸਤੇ ਸਾਂਝੀਆਂ ਪਹਿਲਕਦਮੀਆਂ ਦਾ ਐਲਾਨ ਅਤੇ ਅਹਿਦ ਵੀ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅੱਜ ਦੇ ਸਮਾਗਮ ਲਈ ਇਕੱਠੀਆਂ ਹੋਈਆਂ ਚਾਰ ਜਥੇਬੰਦੀਆਂ ਦਾ ਇਹ ਕਾਫਲਾ ਭਵਿੱਖ ਵਿੱਚ ਹੋਰ ਵੱਡਾ ਹੋਵੇਗਾ ਅਤੇ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਸਮੂਹ ਪੰਥ ਪ੍ਰਸਤ ਸੰਘਰਸ਼ੀ ਜਥੇਬੰਦੀਆਂ ਸਾਂਝੇ ਤੌਰ ਉੱਪਰ ਅੱਗੇ ਵਧਣ।

ਅੰਗ੍ਰੇਜ਼ੀ ਵਿਚ ਪੜ੍ਹਨ ਤੰਦ  

ਇਸ ਸਮਾਗਮ (ਕਾਨਫਰੰਸ) ਦੀ ਸਮਾਪਤੀ ਉਪਰੰਤ ਸਮੂਹ ਹਾਜ਼ਰੀਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੱਕ ਮਾਰਚ ਕੀਤਾ ਗਿਆ ਅਤੇ ਅਕਾਲ ਤਖਤ ਸਾਹਿਬ ਦੇ ਸਨਮੁਖ ਸਾਂਝਾ ਐਲਾਨਨਾਮਾ ਅਤੇ ਅਹਿਦ ਪੜੇ ਗਏ। 

ਸਾਂਝੇ ਐਲਾਨਨਾਮੇ ਨੂੰ ਪੜ੍ਹਨ ਦੀ ਜਿੰਮੇਵਾਰੀ ਚਾਰਾਂ ਜਥੇਬੰਦੀਆਂ ਵੱਲੋਂ ਦਲ ਖਾਲਸਾ ਦੇ ਕਾਰਜਕਾਰੀ ਪ੍ਰਧਾਨ ਭਾਈ ਪਰਮਜੀਤ ਸਿੰਘ ਮੰਡ ਨੇ ਪੰਚ ਪ੍ਰਧਾਨੀ ਜਥੇ ਵੱਲੋਂ ਭਾਈ ਦਲਜੀਤ ਸਿੰਘ ਅਤੇ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ ਭਾਈ ਭੁਪਿੰਦਰ ਸਿੰਘ ਭਲਵਾਨ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਵੱਲੋਂ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਦੀ ਹਾਜ਼ਰੀ ਵਿਚ ਨਿਭਾਈ।

Joint-Declaration-by-Panch-Pardhani-Jatha-Dal-Khalsa-Bhai-Jagtar-Singh-Hawara-Committee-and-Shiromani-Akali-Dal-Amritsar-Mann-at-Akal-Takht-Sahib-on-26-January-2026-2
26 ਜਨਵਰੀ 2026 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਚ ਪ੍ਰਧਾਨੀ ਜਥਾ, ਦਲ ਖ਼ਾਲਸਾ, ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਵੱਲੋਂ ਸਾਂਝਾ ਐਲਾਨਨਾਮਾ

ਇਸ ਐਲਾਨਨਾਮੇ ਵਿੱਚ ਦੋ ਅਹਿਮ ਪਹਿਲਕਦਮੀਆਂ ਦਾ ਐਲਾਨ ਕੀਤਾ ਗਿਆ ਹੈ। ਪਹਿਲੀ ਪਹਿਲਕਦਮੀ ਵਿਚ ਕਿਹਾ ਗਿਆ ਹੈ ਕਿ “ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਹ ਪੰਥਕ ਸਭਾ ਸੰਸਾਰ ਭਰ ਦੇ ਪੰਥ ਪ੍ਰਸਤ ਜਥਿਆਂ ਤੇ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕਰ ਕੇ ਖ਼ਾਲਸਾ ਪੰਥ ਦੇ ਸਾਹਮਣੇ “ਸਰਬੱਤ ਖਾਲਸਾ” ਅਤੇ “ਗੁਰਮਤਾ” ਸੰਸਥਾਵਾਂ ਦੇ ਵਿਧੀ-ਵਿਧਾਨ ਦਾ ਮਸੌਦਾ-ਖਾਕਾ ਰੱਖੇਗੀ ਤਾਂ ਕਿ ਖਾਲਸਾ ਪੰਥ ਵਿਚ ਇਸ ਗੱਲ ਉੱਤੇ ਸਾਂਝੀ ਸਹਿਮਤੀ ਬਣਾਈ ਜਾ ਸਕੇ ਕਿ ਅੱਜ ਦੇ ਸਮੇਂ ਵਿੱਚ ਸਰਬੱਤ ਖ਼ਾਲਸਾ ਕਿਵੇਂ ਬੁਲਾਇਆ ਅਤੇ ਚਲਾਇਆ ਜਾਵੇ— ਜਿਸ ਤਹਿਤ ਖਾਲਸਾਈ ਰਿਵਾਇਤਾ ਤੇ ਅਸੂਲਾਂ ਮੁਤਾਬਕ ਭਾਗੀਦਾਰੀ ਤੇ ਨੁਮਾਇੰਦਗੀ ਪੈਮਾਨੇ, ਵਿਚਾਰ-ਵਟਾਂਦਰਾ, ਫ਼ੈਸਲਾ-ਕਰਨ ਦੀ ਪ੍ਰਕਿਰਿਆ, ਸੰਸਥਾਗਤ ਸੁਰੱਖਿਆ ਪ੍ਰਬੰਧ, ਪਾਰਦਰਸ਼ਤਾ ਦੇ ਮਿਆਰ, ਅਤੇ ਗੁਰਮਤੇ ਨੂੰ ਲਾਗੂ ਕਰਨ ਅਤੇ ਉਸ ਦੀ ਸਮੀਖਿਆ ਕਰਨ ਦੇ ਸਤਿਕਾਰਤ ਢੰਗ ਮਿੱਥੇ ਜਾਣਗੇ”।

ਦੂਜੀ ਪਹਿਲ ਕਦਮੀ ਵਿਚ ਕਿਹਾ ਗਿਆ ਹੈ ਕਿ “੨੯ ਅਪਰੈਲ 1986 ਨੂੰ ਸਾਡੇ ਖ਼ਾਲਿਸਤਾਨੀ ਭਰਾਵਾਂ ਨੇ ਸਾਡੀ ਆਜ਼ਾਦੀ ਲਈ ਸਿੱਧੀ ਜਦੋਜਹਿਦ ਦਾ ਐਲਾਨ ਕੀਤਾ ਸੀ ਜੋ ਸਿੱਖ ਸੰਘਰਸ਼ ਵਿੱਚ ਇੱਕ ਮੀਲ-ਪੱਥਰ ਸਾਬਤ ਹੋਇਆ। ਅਸੀਂ ਇਸ ਐਲਾਨਨਾਮੇ ਦੀ 40ਵੀਂ ਵਰ੍ਹੇਗੰਢ 29 ਅਪਰੈਲ 2026 ਨੂੰ ਪੰਥਕ ਪੱਧਰ ਉੱਤੇ ਮਨਾਵਾਂਗੇ ਅਤੇ ਇਸ ਤੋਂ ਬਾਅਦ ਹਰ ਸਾਲ ੨੯ ਅਪਰੈਲ ਨੂੰ ਇਸੇ ਤਰ੍ਹਾਂ ਯਾਦਗਾਰੀ ਤੌਰ ’ਤੇ ਮਨਾਇਆ ਜਾਵੇਗਾ, ਤਾਂ ਜੋ ਪੰਜਾਬ ਦੇ ਲੋਕਾਂ ਅਤੇ ਦੁਨੀਆ ਨੂੰ ਸਿੱਧਾ ਤੇ ਸਾਫ਼ ਸੁਨੇਹਾ ਜਾਵੇ ਕਿ ਅਸੀਂ ਆਪਣਾ ਰਾਜ ਮੁੜ ਪ੍ਰਾਪਤ ਕਰਨ ਦੀ ਤਾਂਘ ਰੱਖਦੇ ਹਾਂ ਤੇ ਇਸ ਲਈ ਯਤਨਸ਼ੀਲ ਹਾਂ—ਅਤੇ ਖਾਲਿਸਤਾਨ ਦੀ ਕਾਇਮੀ ਬਾਬਾ ਬੰਦਾ ਸਿੰਘ ਬਹਾਦਰ ਦੇ ਖ਼ਾਲਸਾ ਰਾਜ, ਮਿਸਲ ਕਾਲ ਦੇ ਦਲ ਖ਼ਾਲਸਾ ਦੇ ਰਾਜ ਪ੍ਰਬੰਧ, ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲੀ ਸਰਕਾਰ-ਏ-ਖ਼ਾਲਸਾ ਦੀ ਲੜੀ ਦਾ ਹੀ ਹਿੱਸਾ ਹੋਵੇਗਾ। ਇਸ ਤਹਿਤ ਖਾਲਿਸਤਾਨ ਐਲਾਨਨਾਮੇ ਦੀ ੪੦ਵੀਂ ਵਰ੍ਹੇਗੰਢ ਮੌਕੇ ਬੀਤੇ ੪੦ ਸਾਲਾਂ ਦੇ ਸੰਘਰਸ਼ ਦੇ ਤਜ਼ਰਬੇ, ਅਜੋਕੇ ਪੰਥਕ ਅਤੇ ਕੌਮਾਂਤਰੀ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਖਾਲਿਸਤਾਨ ਦੇ ਹਾਮੀ ਸਿੱਖ ਜਥਿਆਂ, ਜਥੇਬੰਦੀਆਂ, ਸੰਸਥਾਵਾਂ ਆਦਿ ਨਾਲ ਤਾਲਮੇਲ ਕਰਕੇ ਖਾਲਿਸਤਾਨ ਦੇ ਸੰਘਰਸ਼ ਦੀ ਭਵਿੱਖਤ ਰਣਨੀਤੀ ਬਾਰੇ ‘ਇਕ ਸਾਂਝਾ ਨੀਤੀ ਦਸਤਾਵੇਜ’ ਤਿਆਰ ਕਰਕੇ ਸਿੱਖ ਜਗਤ ਦੇ ਸਨਮੁਖ ਪੇਸ਼ ਕੀਤਾ ਜਾਵੇਗਾ”। 

view-of-the-sangat-during-the-gathering-at-Amritsar-on-26-January-2026
26 ਜਨਵਰੀ 2026 ਨੂੰ ਅੰਮ੍ਰਿਤਸਰ ਵਿਖੇ ਹੋਏ ਇਕੱਠ ਦੌਰਾਨ ਹਾਜ਼ਰ ਸੰਗਤਾਂ ਦਾ ਇਕ ਦ੍ਰਿਸ਼

ਇਸ ਐਲਾਨਨਾਮੇ ਵਿਚ ‘ਪੰਜਾਬ ਲਈ ਪ੍ਰਭੁਸੱਤਾ ਸੰਪੰਨ ਸੁਤੰਤਰ ਰਾਜ ਨਾਲ ਵਚਨਬੱਧਤਾ’ ਅਤੇ ‘ਨੌਜਵਾਨਾਂ ਦੇ ਹੱਥ ਵਾਗਡੋਰ ਸੌਂਪਣ’ ਦੇ ਪ੍ਰਣ ਕੀਤੇ ਗਏ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਚਰਨਜੀਤ ਸਿੰਘ ਧਾਮੀ, ਜਸਵੀਰ ਸਿੰਘ ਖੰਡੂਰ, ਜਥੇਦਾਰ ਕੁਲਬੀਰ ਸਿੰਘ ਬੜਾਪਿੰਡ, ਅਮਰੀਕ ਸਿੰਘ ਈਸੜੂ ,ਬਾਬਾ ਹਰਦੀਪ ਸਿੰਘ ਮਹਿਰਾਜ, ਪਰਮਜੀਤ ਸਿੰਘ ਟਾਂਡਾ, ਸੁਰਜੀਤ ਸਿੰਘ ਖਾਲਿਸਤਾਨੀ, ਗੁਰਨਾਮ ਸਿੰਘ ਮੂਨਕਾ, ਭਾਈ ਨਰੈਣ ਸਿੰਘ ਚੌੜਾ, ਪ੍ਰੋ.ਜਗਮੋਹਨ ਸਿੰਘ, ਭਾਈ ਮਨਧੀਰ ਸਿੰਘ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਪਰਮਜੀਤ ਸਿੰਘ ਗਾਜੀ, ਭਾਈ ਬਲਬੀਰ ਸਿੰਘ ਭੂਤਨਾ,  ਈਮਾਨ ਸਿੰਘ ਮਾਨ, ਪ੍ਰੋ.ਮਹਿੰਦਰਪਾਲ ਸਿੰਘ, ਉਪਕਾਰ ਸਿੰਘ ਸੰਧੂ, ਹਰਪਾਲ ਸਿੰਘ ਬਲੇਅਰ , ਹਰਦੀਪ ਸਿੰਘ ਨਾਰੀਕੇ, ਭਾਈ ਸਤਨਾਮ ਸਿੰਘ ਖੰਡਾਂ, ਸੁਖਦੀਪ ਸਿੰਘ ਮੀਕੇ, ਸਵਰਨ ਸਿੰਘ ਕੋਟ ਧਰਮੂੰ, ਭਾਈ ਜਰਨੈਲ ਸਿੰਘ ਹੁਸੈਨਪੁਰ, ਭਾਈ ਦਲਜੀਤ ਸਿੰਘ ਮੌਲਾ, ਹਰਨੇਕ ਸਿੰਘ ਫੌਜੀ, ਭੁਪਿੰਦਰ ਸਿੰਘ ਛੇ ਜੂਨ, ਜਸਪ੍ਰੀਤ ਸਿੰਘ, ਸੁਖਜੀਤ ਸਿੰਘ, ਰਵਿੰਦਰਪਾਲ ਸਿੰਘ, ਤੇਜਿੰਦਰਪਾਲ ਸਿੰਘ ਹਾਈਜੈਕਰ, ਗੁਰਦੀਪ ਸਿੰਘ ਖੁਣਖੁਣ, ਭਾਈ ਮੋਹਕਮ ਸਿੰਘ, ਅਖੰਡ ਕੀਰਤਨੀ ਜੱਥਾ ਦੇ ਮੁਖੀ ਭਾਈ ਬਖਸ਼ੀਸ਼ ਸਿੰਘ, ਮਨਜੀਤ ਸਿੰਘ ਭੋਮਾ,ਪ੍ਰੋਫੈਸਰ ਬਲਜਿੰਦਰ ਸਿੰਘ, ਭੁਪਿੰਦਰ ਸਿੰਘ ਭਲਵਾਨ, ਮਹਾਂਬੀਰ ਸਿੰਘ,ਮਨਦੀਪ ਸਿੰਘ ਸਿੱਧੂ, ਮਨਦੀਪ ਸਿੰਘ ਭਰਾਤਾ ਭਾਈ ਸੰਦੀਪ ਸਿੰਘ , ਨਵਦੀਪ ਸਿੰਘ ਜਲਵੇੜਾ ਅਤੇ ਰਣਜੀਤ ਸਿੰਘ ਦਮਦਮੀ ਟਕਸਾਲ ਵੀ ਹਾਜ਼ਰ ਸਨ।

1986 ਦੇ ਸਰਬੱਤ ਖਾਲਸਾ ਦੀ 40ਵੀਂ ਵਰ੍ਹੇਗੰਢ ‘ਤੇ ਚਾਰ ਸੰਘਰਸ਼ੀ ਸਿੱਖ ਜਥੇਬੰਦੀਆਂ ਵੱਲੋਂ ਸਾਂਝਾ ਐਲਾਨਨਾਮਾ ਪੜ੍ਹੋ

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਫਰੈਂਕਫਰਟ ਦੇ ਗੁਰਦੁਆਰਾ ਸਿੱਖ ਸੈਂਟਰ ਵਿਖੇ ਸ਼ੇਰੇ ਪੰਜਾਬ ਪੰਜਾਬੀ ਸਭਾ ਵੱਲੋਂ ਸਿੱਖ ਰਾਜ, ਸਿੱਖ ਇਤਿਹਾਸ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸਮਰਪਿਤ ਸਲਾਨਾ ਸਮਾਗਮ ਕਰਵਾਇਆ ਗਿਆ।
ਲਿਟਲ ਫਲਾਵਰ ਸਕੂਲ, ਸੰਗਰੂਰ ਵਿਖੇ 8 ਅਗਸਤ ਨੂੰ ਹੋਏ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ਸਬੰਧੀ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਆਪਣਾ ਸਪਸ਼ਟੀਕਰਨ
ਸਿੱਖ ਜਥਾ ਮਾਲਵਾ ਨੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਸ. ਜਸਵੰਤ ਸਿੰਘ ਖਹਿਰਾ ਦੇ ਲਾਲਾ ਜਗਤ ਨਰਾਇਣ ਸਬੰਧੀ ਖੂਨਦਾਨ ਕੈਂਪ ਵਿੱਚ ਸ਼ਿਰਕਤ ਕਰਨ ਦੇ ਮਾਮਲੇ ’ਤੇ ਸਿੱਖ ਸੰਸਥਾਵਾਂ
ਅਕਾਲ ਤਖ਼ਤ ਸਕੱਤਰੇਤ ਦਾ ਇਹ ਨੁਕਤਾ ਬਿਲਕੁਲ ਸਹੀ ਹੈ ਕਿ ਸਰਕਾਰ ਵੱਲੋਂ ਬਣਾਇਆ ਗਿਆ ਅਜਿਹਾ ਕਾਨੂੰਨ ਸਿੱਖ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਦਾ ਰਾਹ ਖੋਲ੍ਹਦਾ ਹੈ। ਪਰ ਦੂਜੇ ਪਾਸੇ ਅਕਾਲ ਤਖ਼ਤ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: