Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਗੁਰੂ ਨਾਨਕ ਦੇਵ ਜੀ ਅਤੇ ਸ਼ਾਂਤੀ

ਗੁਰੂ ਨਾਨਕ ਦੇਵ ਜੀ ਅਤੇ ਸ਼ਾਂਤੀ

ਸਿਕੰਦਰ ਸਿੰਘ, ਮੁਖੀ, ਪੰਜਾਬੀ ਵਿਭਾਗ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ

1

ਗੁਰੂ ਸਾਹਿਬਾਨ ਤੋਂ ਜੀਵਨ ਲਈ ਸੇਧ ਲੈਣੀ ਅਤੇ ਆਪਣੀਆਂ ਵਰਤਮਾਨ ਸਮੱਸਿਆਵਾਂ ਨੂੰ ਹੱਲ ਕਰਨ ਲਈ ਗੁਰਮਤਿ ਅਨੁਸਾਰ ਰਾਹ ਤਲਾਸ਼ਣੇ ਸਿੱਖਾਂ ਦਾ ਫਰਜ਼ ਅਤੇ ਹੱਕ ਹੈ। ਇਹੀ ਰੁਝਾਨ ਸਰਕਾਰੀ ਅਤੇ ਗੈਰ ਸਰਕਾਰੀ ਅਕਾਦਮਿਕ ਚਰਚਾਵਾਂ ਵਿਚ ਵੀ ਆਮ ਵਰਤਾਰਾ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅਤੇ ਹਰ ਸਾਲ ਗੁਰੂ ਸਾਹਿਬ ਦੇ ਗੁਰਪੁਰਬ ਤੇ ਹੋਣ ਵਾਲੇ ਅਕਾਦਮਿਕ ਸਮਾਗਮਾਂ ਵਿੱਚ ਅਨੇਕਾਂ ਅਜਿਹੇ ਵਿਸ਼ੇ ਸ਼ਾਮਿਲ ਹੁੰਦੇ ਹਨ ਜੋ ਵਰਤਮਾਨ ਨੂੰ ਦਰਪੇਸ਼ ਸਮੱਸਿਆਵਾਂ ਨਾਲ ਜੁੜੇ ਹੁੰਦੇ ਹਨ।

550 ਸਾਲਾ ਗੁਰਪੁਰਬ ਸਮੇਂ ਅਕਾਦਮਿਕ ਸਮਾਗਮਾਂ ਵਿਚੋਂ ਬੇਸ਼ਕ ਕਾਫੀ ਸਮਾਗਮ ਧਾਰਮਕ ਅਤੇ ਸਾਹਿਤਕ ਵਿਸ਼ਿਆਂ ਤਹਿਤ ਵੀ ਹੋਏ ਪਰ ਵਧੇਰੇ ਵਿਸ਼ੇ ਮਨੁੱਖੀ ਸਮਾਜ ਅਤੇ ਸੰਸਾਰ ਨੂੰ ਦਰਪੇਸ਼ ਵਰਤਮਾਨ ਸਮਾਜਕ, ਸਭਿਆਚਾਰਕ ਅਤੇ ਰਾਜਸੀ ਮਸਲਿਆਂ ਨਾਲ ਸਬੰਧਤ ਸਨ। ਇਨ੍ਹਾਂ ਵਿਸ਼ਿਆਂ ਵਿਚੋਂ ਇਕ ਵਿਸ਼ਾ ਸ਼ਾਂਤੀ ਜਾਂ ਵਿਸ਼ਵ ਸ਼ਾਂਤੀ ਵਜੋਂ ਮੁੱਖ ਜਾਂ ਗੌਣ ਵਿਸ਼ੇ ਵਜੋਂ ਅਨੇਕਾਂ ਅਕਾਦਮਿਕ ਸਮਾਗਮਾਂ ਦਾ ਕੇਂਦਰ ਰਿਹਾ।

ਸ਼ਾਂਤੀ ਦਾ ਮਸਲਾ ਵਰਤਮਾਨ ਸੰਸਾਰ ਨੂੰ ਦਰਪੇਸ਼ ਵੱਡੀ ਚੁਣੌਤੀ ਹੈ। ਵਰਤਮਾਨ ਵਿੱਚ ਵੀ ਰੂਸ-ਯੂਕਰੇਨ ਅਤੇ ਫਲਸਤੀਨ-ਇਜਰਾਇਲ ਦੋ ਜੰਗਾਂ ਚੱਲ ਰਹੀਆਂ ਹਨ ਅਤੇ ਹੋਰ ਕਿੰਨੀਆਂ ਹੀ ਹੱਦਾਂ-ਸਰਹੱਦਾਂ ਤੇ ਤਣਾਅ ਵਧ ਰਿਹਾ ਹੈ ਅਤੇ ਕਿਸੇ ਵੀ ਥਾਂ ਕਿਸੇ ਵੀ ਵੇਲੇ ਜੰਗ ਲੱਗਣ ਦੇ ਖਤਰੇ ਮੰਡਰਾ ਰਹੇ ਹਨ। ਇੱਕ ਤਰੀਕੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਆਧੁਨਿਕ ਰਾਸ਼ਟਰਵਾਦੀ ਢਾਂਚਿਆਂ ਨੇ ਜਿਸ ਪੱਧਰ ਤੇ ਸ਼ਾਂਤੀ ਅਤੇ ਮਨੁੱਖਾਂ ਦੀ ਸੁੱਖ ਸਹੂਲਤ ਦਾ ਦਾਅਵਾ ਕੀਤਾ ਸੀ ਉਹ ਲਗਭਗ ਟੁੱਟ ਚੁੱਕਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਤੱਕ ਮੌਜੂਦ ਪੁਰਾਤਨ ਜਾਂ ਆਧੁਨਿਕ ਰਾਜਨੀਤਕ ਢਾਂਚੇ ਇਸ ਵਿਚ ਲਗਭਗ ਨਾਕਾਮ ਰਹੇ ਹਨ। ਉਹ ਕਦੇ ਵੀ ਮੁਕੰਮਲ ਸ਼ਾਂਤੀ ਨਹੀਂ ਸਥਾਪਤ ਕਰ ਸਕੇ। ਜੇ ਕਿਤੇ, ਕਿਸੇ ਵੇਲੇ ਮੁਕੰਮਲ ਸ਼ਾਂਤੀ ਹੋਈ ਵੀ ਹੈ ਤਾਂ ਉਸ ਪਿਛੇ ਵਿਰੋਧੀਆਂ ਦੇ ਦਮਨ ਜਾਂ ਨਿਕਾਲੇ ਦੇ ਵਰਤਾਰੇ ਸ਼ਾਮਲ ਰਹੇ ਹਨ। ਇਸ ਲਈ ਜਿਸ ਨੂੰ ਪੂਰਨ ਸ਼ਾਂਤੀ ਕਿਹਾ ਜਾ ਸਕਦਾ ਹੋਵੇ ਉਸ ਦਾ ਇਤਿਹਾਸ ਵਿਚ ਅਭਾਵ ਹੀ ਰਿਹਾ ਹੈ।

ਇਸ ਲਈ ਗੁਰੂ ਨਾਨਕ ਸਾਹਿਬ ਦੇ ਹਵਾਲੇ ਨਾਲ ਦੁਨੀਆ ਦੇ ਇੰਨੇ ਵੱਡੇ ਰਾਜਨੀਤਕ ਮਸਲੇ ਬਾਰੇ ਹੱਲ ਲੱਭਣ ਦੇ ਜਤਨ ਚੰਗਾ ਸ਼ਗਨ ਹਨ। ਇਸ ਪਾਸੇ ਅਮਲੀ ਜਤਨ ਵਜੋਂ ਦੋ ਦੁਸ਼ਮਣ ਦੇਸਾਂ ਵਿਚ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਵੇਖਿਆ ਗਿਆ ਹੈ। ਸਿਆਸਤ ਅਤੇ ਵਪਾਰ ਦੇ ਮਾਹਿਰ ਬੇਸ਼ੱਕ ਇਸ ਨੂੰ ਵਪਾਰ ਦੀਆਂ ਨਵੀਆਂ ਏਸ਼ੀਆਈ ਲੋੜਾਂ ਕਰ ਕੇ ਖੁੱਲ੍ਹਿਆ ਦੱਸਦੇ ਹਨ ਪਰ ਧਾਰਮਕ ਮੁਹਾਵਰੇ ਵਿਚ ਇਹ ਗੁਰੂ ਸਾਹਿਬ ਦੀ ਕਲਾ ਹੀ ਵਾਪਰੀ ਹੈ ਕਿਉਂਕਿ ਨਾ ਚਾਹੁੰਦੇ ਹੋਏ ਵੀ ਸਰਕਾਰਾਂ ਨੂੰ ਲਾਂਘਾ ਖੋਲ੍ਹਣਾ ਪਿਆ। ਇਸ ਬਾਰੇ ਹਰੇਕ ਦੀ ਆਪਣੀ ਵਿਚਾਰਧਾਰਕ ਮਾਨਤਾ ਹੈ।

ਸ਼ਾਂਤੀ ਸਥਾਪਤ ਕਰਨ ਲਈ ਪਹਿਲਾਂ ਵੀ ਜਤਨ ਲਗਾਤਾਰ ਹੋਏ ਹਨ ਅਤੇ ਹੁੰਦੇ ਆ ਰਹੇ ਹਨ। ਆਧੁਨਿਕਤਾ ਨੇ ਗਿਆਨਕਰਣ ਰਾਹੀਂ ਮਨੁੱਖ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰ ਲੈਣ ਦੇ ਦਾਅਵੇ ਨਾਲ ਨਵਾਂ ਰਾਜਨੀਤਕ ਅਤੇ ਵਪਾਰਕ ਢਾਂਚਾ ਸਥਾਪਤ ਕੀਤਾ ਸੀ ਅਤੇ ਧਰਮ ਨੂੰ ਇਸ ਵਿਚੋਂ ਲਗਭਗ ਖਾਰਜ,,, ਕਰ ਦਿੱਤਾ ਸੀ। ਬਲਕਿ ਆਧੁਨਿਕ ਰਾਜਨੀਤੀ ਸਿਧਾਂਤ ਵਿਚ ਇਹ ਮੰਨਿਆ ਗਿਆ ਕਿ “ਸਮੇਂ ਦੇ ਬੀਤਣ ਨਾਲ ਇਸ ਗੱਲ ਦੀ ਸੰਭਾਵਨਾ ਹੋਰ ਵੀ ਘੱਟ ਬਣਦੀ ਜਾ ਰਹੀ ਹੈ ਕਿ ਰਾਜ ਆਪਣੇ ਨਾਗਰਿਕਾਂ ਦੇ ਧਾਰਮਕ ਵਿਚਾਰਾਂ ਨੂੰ ਭਰੋਸੇਯੋਗ ਮੰਨੇ। ਰਾਜ ਨੂੰ ਦੁਖਦਾਈ ਤਜਰਬੇ ਤੋਂ ਇਹ ਸਿੱਧ ਹੋ ਗਿਆ ਹੈ ਕਿ ਧਾਰਮਕ ਅਸਹਿਣਸ਼ੀਲਤਾ ਦੇ ਹੁੰਦੇ ਹੋਏ ਸਮਾਜਕ ਕਲਿਆਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।” (ਲਾਸਕੀ 1994: 10) ਪਰ ਵਿਡਾਣ ਇਹ ਵਾਪਰਿਆ ਕਿ ਆਧੁਨਿਕ ਰਾਜਨੀਤਕ ਢਾਂਚਿਆਂ ਨੇ ਦੋ ਸੰਸਾਰ ਜੰਗਾਂ ਅਤੇ ਵਿਸ਼ਵ ਸ਼ਾਂਤੀ ਨੂੰ ਭੰਗ ਕਰਨ ਵਾਲੀਆਂ ਅਨੇਕਾਂ ਹੋਰ ਜੰਗਾਂ ਨੂੰ ਜਨਮ ਦਿੱਤਾ। ਜੋ ਬਹੁਤ ਸਿਆਣੇ ਦੇਸ਼ਾਂ ਵਿੱਚ ਹੁਣ ਵੀ ਚੱਲ ਰਹੀਆਂ ਹਨ ਅਤੇ ਹੋਣ ਦੇ ਆਸਾਰ ਸਿਰ ਤੇ ਹਨ। ਕੁਝ ਨਵੇਂ ਚਿੰਤਕ ਪੁਰਾਣੇ ਅਣਗੌਲੇ ਅਤੇ ਜਾਣ-ਬੁਝ ਕੇ ਤਿਆਗੇ ਸਿਧਾਂਤਾਂ ਅਤੇ ਸਿਧਾਂਤਕਾਰਾਂ ਦੇ ਹਵਾਲੇ ਨਾਲ ਆਧੁਨਿਕ ਢਾਂਚੇ ਦੀਆਂ ਮੁਸ਼ਕਲਾਂ ਨੂੰ ਸਾਹਮਣੇ ਲਿਆਉਣ ਲੱਗੇ ਅਤੇ ਸ਼ਾਂਤੀ ਲਈ ਨਵੇਂ ਰਾਹਾਂ ਦੀ ਤਲਾਸ਼ ਵਿਚ ਤੁਰ ਪਏ। ਉਨ੍ਹਾਂ ਨੇ ਜਿਹੜਾ ਵੱਡਾ ਸਵਾਲ ਉਠਾਇਆ ਕਿ ਆਧੁਨਿਕ ਤਰਜੇ ਜਿੰਦਗੀ ਵਿਚ ਜੈਵਿਕ ਭਿੰਨਤਾ ਅਤੇ ਸਭਿਆਚਾਰਕ ਭਿੰਨਤਾ ਨੂੰ ਢਾਹ ਕੇ ਨਵੇਂ ਇਕਸਾਰ ਸਭਿਆਚਾਰ ਅਤੇ ਮਨੁੱਖ ਉਸਾਰਨਾ ਅਸ਼ਾਂਤੀ ਦਾ ਕਾਰਨ ਹੈ। ਨਸਲਾਂ ਦੇ ਉੱਤਮ ਨਿਮਨ ਦਾ ਖਿਆਲ ਬੇਸ਼ਕ ਪਹਿਲਾਂ ਵੀ ਮੌਜੂਦ ਸੀ ਪਰ ਆਧੁਨਿਕਤਾ ਨੇ ਜਿਸ ਬਰਾਬਰੀ ਦਾ ਦਾਅਵਾ ਕੀਤਾ ਸੀ ਉਸ ਦੇ ਉਲਟ ਨਸਲੀ ਵਿਤਕਰੇ ਅਤੇ ਕੌਮੀ ਵਿਰੋਧ ਪਹਿਲਾਂ ਨਾਲੋਂ ਵਧੇਰੇ ਹੋ ਗਏ। ਕੁੱਲ ਮਿਲਾ ਕੇ ਇਹ ਵਾਪਰਿਆ ਕਿ ਨੀਵਿਆਂ ਕਮਜੋਰਾਂ ਦੀ ਨਸਲਕੁਸ਼ੀ ਨਹੀਂ ਰੁਕ ਸਕੀ ਅਤੇ ਨਾ ਹੀ ਵਿਤਕਰੇ ਰੁਕ ਸਕੇ। ਸਿੱਟੇ ਵਜੋਂ ਹਿੰਸਾ ਲਗਾਤਾਰ ਜਾਰੀ ਹੈ।

ਪਿਛਲੀ ਪੌਣੀ ਕੁ ਸਦੀ ਤੋਂ ਵਿਸ਼ਵ ਵਿਚ ਅਨੇਕਾਂ ਚਿੰਤਕਾਂ ਨੇ ਹਿੰਸਾ ਨੂੰ ਰੋਕਣ ਅਤੇ ਵਿਸ਼ਵ ਸ਼ਾਂਤੀ ਸਥਾਪਤ ਕਰਨ ਲਈ ਧਰਮ ਦੀ ਟੇਕ ਲੈਣ ਦੇ ਸੁਝਾਅ ਪੇਸ਼ ਕੀਤੇ। ਦੁਨੀਆ ਦੇ ਵੱਡੀ ਗਿਣਤੀ ਧਰਮਾਂ ਬੁੱਧ, ਈਸਾਈਅਤ ਅਤੇ ਇਸਲਾਮ ਦੇ ਵਿਦਵਾਨਾਂ ਨੇ ਆਪਣੇ ਨੁਕਤੇ ਤੋਂ ਇਸ ਮਸਲੇ ਦੇ ਹੱਲ

1. Religion is opium for the people. Religion is a sort of spiritual booze, in which the slaves of capital drown their human image, their demand for a life more or less worthy of man. Religious distress is at the same time the expression of real distress and the protest against real distress. Religion is the sigh of the oppressed creature, the heart of a heartless world, just as it is the spirit of a spiritless situation. It is the opium of the people. (Marx – Engels 2015)

2. After Buddha was dead, they still showed his shadow in a cave for centuries – a tremendous, gruesome shadow. God is dead; but given the way people are, there may still for millennia be caves in which they show his shadow. – And we – we must still defeat his shadow as well! (Nietzsche 2008: 109)

3. In his immensely influential work, the French sociologist Emile Durkheim (1858-1917) dismissed God as unimportant window dresssing, stressing instead that rites and rituals are the fundamental stuff of religion. (Stark 2007)

4. Remarkably, when confronted with this implication of claim that religions are Godless, some well-known social scientists have, in fact, affirmed that religious rites, including prayers, are not directed towars the Gods! We are asked to accept that even primitive tribal priests realize there are no God and are fully aware that their ritual actions are devoted merely to sustaining group solidarity. (Stark 2007)

ਲਈ ਰਸਤੇ ਵੀ ਦੱਸੇ ਹਨ। ਉਨ੍ਹਾਂ ਕਿਹਾ ਕਿ ਪੈਗੰਬਰਾਂ, ਧਰਮ ਦੇ ਬਾਨੀਆਂ ਅਤੇ ਪੈਰੋਕਾਰਾਂ ਦੀਆਂ ਸਿਖਿਆਵਾਂ ਅਤੇ ਇਤਿਹਾਸ ਨੂੰ ਨਵੇਂ ਸਿਰੇ ਤੋਂ ਵਿਆਖਿਆਉਣ ਦੀ ਲੋੜ ਹੈ। ਨਵੇਂ ਮਸਲਿਆਂ ਦੇ ਦਰਪੇਸ਼ ਹਰੇਕ ਸਮਾਜ ਨੂੰ ਆਪਣੇ ਨੈਤਿਕ ਨੇਮ ਧਾਰਮਕ ਸਿਖਿਆਵਾਂ ਅਤੇ ਇਤਿਹਾਸ ਮੁਤਾਬਕ ਪੜਤਾਲਣ ਅਤੇ ਢਾਲਣ ਦੇ ਜਤਨ ਕਰਨੇ ਚਾਹੀਦੇ ਹਨ। ਵਾਤਾਵਰਣ ਦੇ ਮਸਲੇ ਲਈ ਪ੍ਰਿੰਸ ਫਿਲਿਪ, ਡਿਊਕ ਆਫ ਈਡਨਬਰਗ ਦਾ ਅਸੀਸੀ ਐਲਾਨਨਾਮੇ (The Assisi Declarations 2015) ਦਾ ਜਤਨ ਵੇਖਿਆ ਜਾ ਸਕਦਾ ਹੈ ਜਿਸ ਵਿਚ ਦੁਨੀਆ ਦੇ ਪੰਜ ਬਹੁਗਿਣਤੀ ਧਰਮਾਂ ਦੇ ਆਗੂਆਂ ਨੇ ਆਪੋ ਆਪਣੇ ਨੁਕਤੇ ਤੋਂ ਨੈਤਿਕ ਮਰਿਆਦਾਵਾਂ ਉਸਾਰਨ ਦੇ ਸਝਾਅ ਦਿੱਤੇ।

ਲਗਭਗ ਪਿਛਲੀ ਅੱਧੀ ਸਦੀ ਵਿਚ ਧਾਰਮਕ ਸੰਵਾਦ (interfaith dialogue) ਦੀ ਗੱਲ ਤੁਰੀ ਅਤੇ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਵਿਚ ਸ਼ਾਂਤੀ ਅਤੇ ਸੰਗਤੀ (peace and harmony) ਅਤੇ ਅੰਤਰ-ਧਰਮ ਸੰਵਾਦ ਲਈ ਧਾਰਮਕ ਹਸਤੀਆਂ ਦੇ ਨਾਂ ‘ਤੇ ਅਨੇਕਾਂ ਰੁਤਬੇ ਅਤੇ ਮਹਿਕਮੇ ਸਥਾਪਤ ਕੀਤੇ ਗਏ। ਵਰਤਮਾਨ ਵਿਚ ਦੇਸਾਂ ਦੀਆਂ ਸਰਕਾਰਾਂ, ਕੌਮੀ-ਕੌਮਾਂਤਰੀ ਪੱਧਰ ਦੀਆਂ ਗੈਰ ਸਰਕਾਰੀ ਸੰਸਥਾਵਾਂ ਅਤੇ ਹੋਰ ਸਮਾਜਕ-ਰਾਜਸੀ ਅਤੇ ਧਾਰਮਕ ਖੇਤਰ ਵਿਚ ਕੰਮ ਕਰਨ ਵਾਲੇ ਜਥੇ ਹਨ ਉਨ੍ਹਾਂ ਵਿਚੋਂ ਵਧੇਰੇ ਦਾ ਨਾਅਰਾ ਸ਼ਾਂਤੀ ਅਤੇ ਸੰਗਤੀ ਹੈ। ਉਪਰੋਕਤ ਦੋਵਾਂ ਮਨੋਰਥਾਂ ਲਈ ਇਲਾਕਈ, ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਹੋਏ ਸੈਮੀਨਾਰ/ ਕਾਨਫਰੰਸਾਂ ਦਾ ਲੰਬਾ ਇਤਿਹਾਸ ਹੈ। ਸਰਕਾਰਾਂ ਦੀਆਂ ਨੀਤੀਆਂ ਦੀਆਂ ਇਬਾਰਤਾਂ ਅਤੇ ਆਗੂਆਂ ਦੀਆਂ ਦੇ ਸੈਂਕੜੇ ਬਿਆਨ ਇਹਨਾਂ ਗੱਲਾਂ ਉਪਰ ਹਨ। ਅਕਾਦਮਿਕ ਖੇਤਰ ਵਿੱਚ ਕੰਮ ਕਰਨ ਵਾਲੇ ਇਨ੍ਹਾਂ ਰੁਤਬਿਆਂ, ਮਹਿਕਮਿਆਂ ਅਤੇ ਸਮਾਗਮਾਂ ਲਈ ਸਰਕਾਰਾਂ ਵੱਲੋਂ ਮਾਇਕ ਸਹਾਇਤਾ ਵੀ ਭਰਪੂਰ ਦਿੱਤੀ ਜਾਂਦੀ ਹੈ। 550 ਸਾਲਾ ਗੁਰਪੁਰਬ ‘ਤੇ ਹੋਏ ਸਮਾਗਮਾਂ ਵਿਚ ਸ਼ਾਂਤੀ ਅਤੇ ਸੰਗਤੀ ਦੀ ਗੱਲ ਵੀ ਵਰਮਤਾਨ ਦੀ ਉਪਰੋਕਤ ਮੁਸ਼ਕਲ ਦੇ ਹੱਲ ਲਈ ਜਤਨਾਂ ਵਿਚ ਇਕ ਅਹਿਮ ਪੁਲਾਂਘ ਹੈ।

ਉਪਰੋਕਤ ਚਰਚਾ ਤੋਂ ਸ਼ਾਂਤੀ ਲਈ ਗੱਲ ਧਰਮ ਦੇ ਪਾਲੇ ਵਿਚ ਰੱਖਣ ਦੇ ਦੋ ਅਰਥ ਹੋ ਸਕਦੇ ਹਨ, ਇਕ, ਆਧੁਨਿਕ ਤਾਕਤਾਂ ਨੂੰ ਸੱਚੀਂ ਇਹ ਮਹਿਸੂਸ ਹੋਇਆ ਕਿ ਧਰਮ ਦੀ ਤਰਜੇ ਜਿੰਦਗੀ ਵਿਚ ਅਸ਼ਾਂਤੀ ਦੀ ਸਮੱਸਿਆ ਦਾ ਹੱਲ ਹੈ, ਦੂਜਾ, ਅਸ਼ਾਂਤੀ ਦੀ ਜੜ੍ਹ ਹੀ ਧਰਮ ਹੈ, ਅੰਤਰਧਰਮ ਸੰਵਾਦਾਂ ਰਾਹੀਂ ਧਰਮ ਆਪਸ ਵਿਚ ਸਹਿਹੋਂਦ ਨਾਲ ਰਹਿਣਾ ਸਿੱਖ ਲੈਣ। ਜੇ ਪਹਿਲਾ ਅਰਥ ਹੈ ਤਾਂ ਬਹੁਤ ਸਾਰਥਕ ਮਾਰਗ ਕਿਹਾ ਜਾ ਸਕਦਾ ਹੈ ਪਰ ਇਸ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਉੱਤਰਆਧੁਨਿਕ ਦਰਸ਼ਨ ਅਤੇ ਵਰਤਾਰੇ ਦੇ ਬਾਵਜੂਦ ਵੀ ਧਾਰਮਕ ਤਰਜੇ-ਜਿੰਦਗੀ ਦੀ ਗੱਲ ਮੁੱਖ ਨਹੀਂ ਸਗੋਂ ਵਪਾਰਕ-ਸਿਆਸੀ ਲੋੜਾਂ ਵਜੋਂ ਵਧੇਰੇ ਅੱਗੇ ਆ ਰਹੀ ਹੈ। ਪ੍ਰਚਲਤ ਰਾਜਨੀਤੀ ਦੇ ਹਾਲ ਤੋਂ ਵੀ ਜਾਪਦਾ ਹੈ ਕਿ ਆਧੁਨਿਕ ਰਾਜਨੀਤੀ ਅਤੇ ਵਪਾਰ ਆਪਣੇ ਮਸਲੇ ਨੂੰ ਧਰਮ ਦੇ ਪਾਲੇ ਵਿਚ ਧੱਕ ਰਿਹਾ ਹੈ। ਇਹ ਵੀ ਕੋਈ ਬੁਰੀ ਗੱਲ ਨਹੀਂ ਜੇ ਵਰਤਾਮਾਨ ਰਾਜਨੀਤੀ ਅਤੇ ਵਪਾਰ ਧਰਮ ਤੋਂ ਸਿੱਖ ਲੈ ਕੇ ਨਵੀਂਆਂ ਕੁਦਰਤੀ ਲੀਹਾਂ ‘ਤੇ ਤੁਰਦਾ ਹੈ ਤਾਂ ਸ਼ਾਂਤੀ ਹੋ ਸਕਦੀ ਹੈ। ਪਰ ਇਸ ਲਈ ਲਾਜਮੀ ਹੈ ਕਿ ਵਪਾਰ ਅਤੇ ਰਾਜਨੀਤੀ ਦੋਵੇਂ ਧਰਮ ਦੇ ਅਨੁਸਾਰੀ ਚਲਣੇ ਹਨ। ਜੇ ਇਹੀ ਪ੍ਰੇਰਨਾ ਗੁਰੂ ਨਾਨਕ ਦੇਵ ਦੀ ਬਾਣੀ ਅਤੇ ਜੀਵਨ ਵਿਚੋਂ ਅਤੇ ਗੁਰ ਇਤਿਹਾਸ ਤੇ ਸਿਖ ਇਤਿਹਾਸ ਤੋਂ ਲੈਣ ਦੇ ਜਤਨ ਹਨ ਤਾਂ ਸਿੱਖ ਫਸਲਫੇ ਅਤੇ ਤਰਜੇ-ਜਿੰਦਗੀ ਦੇ ਨੇਮਾਂ ਤੋਂ ਸਾਰਥਕ ਸਿੱਟਿਆਂ ਦੀ ਆਸ ਕੀਤੀ ਜਾ ਸਕਦੀ ਹੈ। ਪੂਰਵ ਅਨੁਮਾਨ ਵਜੋਂ ਸਰਕਾਰ ਅਤੇ ਤਾਕਤ ਦੀ ਮਨਸ਼ਾ ਸੱਚੀ ਅਤੇ ਸੁੱਚੀ ਮੰਨ ਲੈਂਦੇ ਹਾਂ ਜਿਸ ਦਾ ਅਧਿਐਨ ਉਪਰੰਤ ਪ੍ਰਾਪਤ ਸਿੱਟਾ ਨਿਕਲੇਗਾ।

2

ਯੂਨਾਨੀ ਵਿਦਵਾਨਾਂ ਦੇ ਦੱਸੇ ਅਨੁਸਾਰ ਅਤੇ ਇਤਿਹਾਸ ਦੇ ਲੰਮੇ ਅਮਲ ‘ਤੇ ਅਧਾਰਤ ਇਹ ਸਪਸ਼ਟ ਹੈ ਕਿ ਮਨੁੱਖ ਦਾ ਸਰਵੋਤਮ ਢਾਂਚਾ ਰਾਜ ਹੈ। ਬਾਕੀ ਸਾਰੇ ਸਭਿਆਚਾਰਕ, ਸਮਾਜਕ ਅਤੇ ਹੋਰ ਮਨੁੱਖ ਦੁਆਰਾ ਉਸਾਰੇ ਢਾਂਚੇ ਰਾਜਸੀ ਤਾਕਤ ਦੇ ਅਨੁਸਾਰੀ ਹੁੰਦੇ। ਦੁਨਿਆਵੀ ਪੱਧਰ ‘ਤੇ ਸੰਸਥਾਈ ਧਰਮ ਵੀ ਹਕੂਮਤ ਦੇ ਅਧੀਨ ਹੋ ਕੇ ਵਿਚਰਦਾ ਹੈ। ਇਨ੍ਹਾਂ ਵਿਚੋਂ ਜਿਹੜਾ ਵੀ ਤਾਕਤ ਵਿਰੋਧੀ ਹੋਵੇ ਤਾਂ ਤਾਕਤ ਉਸ ਨੂੰ ਅਨੁਸਾਰੀ ਕਰਨ ਦਾ ਜਤਨ ਕਰਦੀ ਹੈ। ਇਹ ਸ਼ਾਂਤੀ ਭੰਗ ਹੋਣ ਦਾ ਮੂਲ ਕਾਰਨ ਹੈ। ਇਸ ਲਈ ਰਾਜ ਦੇ ਖਾਸੇ ਨੂੰ ਸਮਝਣਾ ਜਰੂਰੀ ਹੈ।

ਹੈਰੋਲਡ ਜੇ. ਲਾਸਕੀ (1994: XI) ਕਹਿੰਦਾ ਕਿ ਰਾਜ ਨੂੰ ਠੀਕ ਰੂਪ ਵਿਚ ਚਲਾਉਣ ਲਈ ਸਰਵਉੱਚ ਸੱਤਾ ਦੀ ਲੋੜ ਸੀ ਜੋ ਕਿਸੇ ਦੇ ਅਧੀਨ ਨਾ ਹੋਵੇ। ਇਸ ਸੱਤਾ ਦੀ ਵਰਤੋਂ ਰਾਜ ਦੇ ਨਾਂ ‘ਤੇ ਸਰਕਾਰ ਕਰਦੀ ਹੈ। ਰਾਜ ਸ਼੍ਰੇਣੀ ਸਬੰਧਾਂ ਦੀ ਵਿਆਕਰਣ ਨਾ ਟੁੱਟਣ ਦੇਣ ਲਈ ਜਾਬਰ ਸ਼ਕਤੀ ਦੀ ਵਰਤੋਂ ਕਰਦੀ ਹੈ। ਜਿਹੜੇ ਮਲਕੀਅਤ ਤੋਂ ਵਾਂਝੇ ਹਨ ਉਨ੍ਹਾਂ ਖਿਲਾਫ ਫੌਜਾਂ ਦੀ ਵਰਤੋਂ ਕਰਦੀ ਹੈ। ਇਹ ਅਸਲੋਂ ਮਰਜੀ ਦਾ ਢਾਂਚਾ ਉਸਾਰਨ ਲਈ ਦੂਜਿਆਂ ਨੂੰ ਹਕੂਮਤ ਦੇ ਹਿਤ ਵਿਚ ਬਦਲਣ ਦੀ ਕਵਾਇਦ ਹੈ। ਤਪੋਂ ਰਾਜ, ਰਾਜੋਂ ਨਰਕ ਦਾ ਮੁਹਾਵਰਾ ਗੂੜ੍ਹ ਅਮਲ ਵਿਚੋਂ ਬਣਿਆ ਜਾਪਦਾ ਹੈ ਅਤੇ ਇਹ ਪ੍ਰਚਲਤ ਰਾਜਾਂ ਦੇ ਖਾਸੇ ਦਾ ਢੁਕਵਾਂ ਸਮੂਹਕ ਪ੍ਰਗਟਾਵਾ ਹੈ। ਜਦੋਂ ਵੀ ਕੋਈ ਧਿਰ ਤਾਕਤ ਜਾਂ ਰਾਜ ਉੱਤੇ ਕਾਬਜ ਹੋ ਜਾਂਦੀ ਹੈ ਤਾਂ ਉਹ ਆਪਣੇ ਹਿਤ ਵਿਚ ਬਾਕੀਆਂ/ ਦੂਜਿਆਂ ਦੀ ਤਬਦੀਲੀ ਲਈ ਤਾਂ ਜਤਨ ਕਰਦੀ ਹੈ ਪਰ ਕਾਬਜ ਧਿਰ ਆਪਣੇ ਵਿਚ ਦੂਜਿਆਂ ਅਨੁਸਾਰ ਤਬਦੀਲੀ ਦੀ ਗੁੰਜਾਇਸ਼ ਨਹੀਂ ਰੱਖਦੀ। ਲਾਸਕੀ (1994: X-XI) ਅਨੁਸਾਰ ਰਾਜ ਦੇ ਫਰਜ ਵਿਵਸਥਾ ਕਾਇਮ ਕਰਨਾ, ਸ਼ਾਂਤੀਪੂਰਵਕ ਢੰਗ ਨਾਲ ਪਰਿਵਰਤਨ ਮੁਹੱਈਆ ਕਰਵਾਉਣਾ ਹੁੰਦੇ ਹਨ ਜਿਸ ਨਾਲ ਵੱਧ ਤੋਂ ਵੱਧ ਲੋਕਾਂ ਦੀ ਮੰਗ ਪੂਰੀ ਹੋ ਸਕੇ। ਪਰ ਇਸ ਤੋਂ ਉਲਟ ਰਾਜ ਸ਼ਾਂਤਮਈ ਤਬਦੀਲੀ ਦਾ ਢੰਗ ਨਹੀਂ ਦਿੰਦਾ। ਅਜਿਹੇ ਢਾਂਚੇ ਵਿਚ ਜਿਨ੍ਹਾਂ ਦੇ ਹੱਕ ਸੁੰਗੜਦੇ ਹਨ ਉਨ੍ਹਾਂ ਕੋਲ ਰਾਜ ਸ਼ਕਤੀ ‘ਤੇ ਕਬਜਾ ਕਰਨ ਦਾ ਰਾਹ ਹੀ ਬਚਦਾ ਹੈ ਜਿਸ ਲਈ ਉਹ ਵਿਦਰੋਹ ਕਰਦੇ ਹਨ। ਹਾਕਮਾਨਾ ਦਮਨ ਉਨ੍ਹਾਂ ਨੂੰ ਹਿੰਸਾ ਕਰਨ ਦੇ ਪੱਧਰ ਤੱਕ ਮਜਬੂਰ ਕਰ ਦਿੰਦਾ ਹੈ।

ਬਸਤੀਵਾਦ ਦੇ ਇਤਿਹਾਸ ਵਿਚ ਇਸੇ ਤਰ੍ਹਾਂ ਵਾਪਰਦਾ ਰਿਹਾ ਹੈ। ਇਕ ਕਿਤਾਬ ਦੀ ਭੂਮਿਕਾ ਵਿਚ ਜਾਂ ਪਾਲ ਸਾਰਤਰ (Frantz Fanon 1963: 7-31) ਨੇ ਕਿਹਾ ਕਿ ਬਸਤੀਕਾਰ ਹਾਕਮ ਮੂਲਵਾਸੀਆਂ ਦੇ ਜੀਵਨ ਨੂੰ ਮੌਤ ਤੱਕ ਘਟਾ ਦਿੰਦਾ ਹੈ। ਰਾਜ ਭਾਗ ‘ਤੇ ਕਾਬਜ ਧਿਰ ਅਮਨ ਬਹਾਲੀ ਲਈ ਲਈ ਅਤੇ ਆਪਣੀਆਂ ਇਛਾਵਾਂ ਦੀ ਪੂਰਤੀ ਲਈ ਜਾਬਰ ਸ਼ਕਤੀ ਦੀ ਵਰਤੋਂ ਕਰਦੀ ਹੈ। ਰਾਜ ਭਾਗ ਦਾ ਜੀਵਨ ਮਾਨਸਕ ਅਤੇ ਪਦਾਰਥਕ ਪੱਧਰ ‘ਤੇ ਸਰਵੋਤਮ ਤਸੱਲੀ ਵਾਲਾ ਜੀਵਨ ਕਿਹਾ ਜਾ ਸਕਦਾ ਹੈ। ‘ਰਾਜੋਂ ਨਰਕ’ ਦੀ ਧਾਰਨਾ ਦੀ ਬੁਨਿਆਦ ਇਹੀ ਹੈ ਕਿ ਰਾਜ ਸੱਤਾ ਵਿਚ ਰੁਝਿਆ ਮਨੁੱਖ ਵਧੇਰੇ ਕਰ ਕੇ ਧਰਮ-ਸਦਾਚਾਰ ਤਿਆਗ ਦਿੰਦਾ ਹੈ। ਰਾਜ ਦੀ ਸਦੈਵ ਇੱਛਾ ਹਾਕਮ ਵਰਗ ਦੀ ਪ੍ਰਧਾਨ ਇੱਛਾ ਰਹੀ ਹੈ। “ਜਿਨ੍ਹਾਂ ਮਨੁੱਖਾਂ ਨੇ ਸ਼ਕਤੀ ਦਾ ਸੁਆਦ ਇਕ ਵਾਰੀ ਮਾਣ ਲਿਆ ਉਹ ਬਿਨ੍ਹਾ ਸੰਘਰਸ਼ ਦੇ ਇਸ ਨੂੰ ਤਿਆਗਣ ਲਈ ਤਿਆਰ ਨਹੀਂ ਹੁੰਦੇ।” (ਲਾਸਕੀ 1994: 2) ਇਸ ਲਈ “ਰਾਜ ਪ੍ਰਭੁੱਤਾ ਨੂੰ ਅਸਲ ਵਿਚ ਅਜਿਹੇ ਹਿਤਾਂ ਦੀ ਰਾਖੀ ਲਈ ਲੋੜਦੇ ਹਨ, ਜਿਨ੍ਹਾਂ ਦਾ ਪ੍ਰੋਤਸਾਹਨ ਕਰਨਾ ਜਾਂ ਕਾਇਮ ਰੱਖਣਾ ਜੰਗ ਦੇ ਸਿਵਾ ਹੋਰ ਤਰੀਕੇ ਨਾਲ ਸੰਭਵ ਹੀ ਨਹੀਂ।” (ਉਹੀ: XXIII) ਇਸ ਲਈ ਜੰਗ, ਅਸ਼ਾਂਤੀ, ਅਸਹਿਣਸ਼ੀਲਤਾ ਦੇ ਮੂਲ ਕਾਰਨ ਰਾਜ ਦੀਆਂ ਜੜ੍ਹਾਂ ਵਿਚ ਹਨ ਜੋ ਆਪਣੀ ਇੱਛਾ ਨੂੰ ਸਰਵੋਤਮ ਇੱਛਾ ਵਜੋਂ ਲਾਗੂ ਕਰਦਾ ਹੈ ਅਤੇ ਦੂਜਿਆਂ ਦੀਆਂ ਲੋੜਾਂ ਅਤੇ ਪਰੰਪਰਾਵਾਂ ਦੀ ਰਾਖੀ ਨੂੰ ਵੀ ਨਕਾਰਦਾ ਹੈ।

3

ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਰਾਜ ਕਿਹੋ ਜਿਹਾ ਹੋਵੇ ਅਤੇ ਜੰਗ/ਅਸ਼ਾਂਤੀ ਦੇ ਕਾਰਨ ਕਿਹੜੇ ਹਨ ਬਾਰੇ ਸਪਸ਼ਟ ਆਦੇਸ਼ ਮਿਲਦੇ ਹਨ। ਪਰਮਾਤਮਾ ਨੂੰ ਰਾਜੇ ਰੂਪਕ ਵਜੋਂ ਪੇਸ਼ ਕਰਨਾ ਰਾਜੇ ਦੀ ਤਾਕਤ ਦੇ ਸਰਵੋਤਮ ਸੱਤਾ ਹੋਣ ਦੀ ਨਿਸ਼ਾਨੀ ਹੈ। ਰਾਜੇ ਦੇ ਹੁਕਮ ਆਖਰੀ ਹੁਕਮ ਹਨ। ਗੁਰਬਾਣੀ ਮੁਤਾਬਕ ਆਦਰਸ਼ਕ ਰਾਜੇ ਲਈ ਸ਼ਰਤ ‘ਤਖਤੈ ਲਾਇਕ ਹੋਇ’ ਦੀ ਹੈ ਪਰ ਜਿਹੜੇ ਤਤਕਾਲੀ ਕਾਬਜ ਰਾਜੇ ਹਨ ਉਨ੍ਹਾਂ ਨੂੰ ਗੁਰੂ ਸਾਹਿਬ ਨੇ ‘ਭੂਪਤਿ’ ਅਰਥਾਤ ਸਲਤਨਤ ਦੇ ਮਾਲਕ ਆਖਿਆ ਹੈ। ਗੁਰੂ ਸਾਹਿਬ ਤਖਤ ਦੇ ਲਾਇਕ ਰਾਜੇ ਅਤੇ ਭੂਪਤਿ ਵਿਚਲਾ ਜਿਹੜਾ ਫਾਸਲਾ ਸਿਰਜਦੇ ਹਨ ਉਹ ਅੱਜ ਵੀ ਉਵੇਂ ਖੜ੍ਹਾ ਹੈ। ਰਾਜ ਲਈ ਲੋਕਾਂ ਨਾਲੋਂ ਸਲਤਨਤ/ ਜਮੀਨ ਵਧੇਰੇ ਮਹੱਤਵਪੂਰਨ ਹੈ। ਸਾਡੇ ਸਮਕਾਲ ਦੇ ਰਾਜ ਵਧੇਰੇ ਭੂਪਤਿ ਮੁਖ ਹਨ। ਮਸਲਨ ਅਨੇਕਾਂ ਵਿਦਵਾਨ ਇਹ ਉਜਾਗਰ ਕਰਦੇ ਹਨ ਕਿ ਭਾਰਤੀ ਰਾਜ ਨੂੰ ਕਸ਼ਮੀਰ ਦੀ ਧਰਤੀ ਚਾਹੀਦੀ ਹੈ ਲੋਕ ਨਹੀਂ। ਪਾਕਿਸਤਾਨ ਵਿਚ ਬਲੋਚਸਤਾਨ, ਤੁਰਕੀ ਵਿਚ ਕੁਰਦਸਤਾਨ, ਚੀਨ ਵਿਚ ਮੁਸਲਮਾਨ ਇਲਾਕੇ, ਭਾਰਤ ਵਿੱਚ ਕਸ਼ਮੀਰ ਆਦਿ ਥਾਵਾਂ ‘ਤੇ ਅਸ਼ਾਂਤੀ ਅਤੇ ਮਸਲੇ ਦੀ ਮੂਲ ਜੜ੍ਹ ਹਕੂਮਤ ਦੀ ਸਲਤਨਤਵਾਦੀ ਇੱਛਾ ਹੈ। ਰਾਜ ਦੇ ਇਨ੍ਹਾਂ ਸੁਭਾਵਾਂ ਬਾਰੇ ਸਿਧਾਂਤਕਾਰ ਸਲਤਨਤਵਾਦੀ ਰਾਸ਼ਟਰਵਾਦ (territory nationalism) ਅਤੇ ਲੋਕ ਰਾਸ਼ਟਰਵਾਦ (civic nationalism) ਕਹਿ ਕੇ ਨਿਖੇੜਾ ਕਰਦੇ ਹਨ। ਪਰ ਜਰੂਰੀ ਨਹੀਂ ਲੋਕ ਰਾਸ਼ਟਰਵਾਦ ਦਾ ਰਾਜਾ ‘ਤਖਤੈ ਲਾਇਕ’ ਹੋਵੇ ਕਿਉਂਕਿ ਜਿਹੜਾ ਰਾਜ ਆਪਣੇ ਲੋਕਾਂ ਲਈ ਭਲਾਈ ਵਾਲਾ ਹੈ ਲਾਜਮੀ ਨਹੀਂ ਹੈ ਕਿ ਉਹ ਦੂਜੇ ਰਾਜ ਦੇ ਲੋਕਾਂ ਨਾਲ ਆਪਣੀ ਪਰਜਾ ਵਰਗਾ ਸਲੂਕ ਕਰੇ।

ਇਸ ਨਾਲ ਰਾਜ ਦੇ ਅੰਦਰ ਤਾਂ ਸ਼ਾਂਤੀ ਹੋ ਸਕਦੀ ਹੈ ਪਰ ਇਸ ਨੂੰ ਮੁਕੰਮਲ ਸ਼ਾਂਤੀ ਨਹੀਂ ਕਿਹਾ ਜਾ ਸਕਦਾ। ਕਿਉਂਕਿ ਵਰਤਮਾਨ ਵਿਚ ਰਾਜ ਲਈ ਉਸ ਦੀ ਸਰਹੱਦ ਬਹੁਤ ਸਖਤ ਹੋ ਗਈ ਹੈ। ਯੂਰਪੀ ਸੰਘ ਅਤੇ ਉੱਤਰੀ ਅਮਰੀਕਾ ਵਿਚ ਲੋਕਾਂ ਲਈ ਇਹ ਕੁਝ ਨਰਮ ਹਨ ਪਰ ਉਨ੍ਹਾਂ ਰਾਜਾਂ ਦਾ ਆਪਣੇ ਸਹਿਚਾਰੀਆਂ ਨਾਲੋਂ ਪਾਰਲੇ ਰਾਜਾਂ ਦੀ ਪਰਜਾ ਲਈ ਨਹੀਂ। ਇਸ ਲਈ ਗੁਰੂ ਸਾਹਿਬ ਦਾ ‘ਰਾਜੇ’ ਅਤੇ ‘ਭੂਪਤਿ’ ਵਿਚਲਾ ਫਾਸਲਾ ਸਦੈਵ ਸਿਧਾਂਤ ਹੈ। ਗੁਰੂ ਸਾਹਿਬ ਨੇ ਹਕੂਮਤ ਅਤੇ ਹਾਕਮ ਦੇ ਦੋ ਸਿਖਰਲੇ ਸਿਧਾਂਤਕ ਥੰਮ੍ਹ ਦੱਸ ਦਿੱਤੇ। ਸ਼ਾਂਤੀ ਲਈ ਰਾਜੇ ਦਾ ‘ਭੂਪਤਿ’ ਰੁਚੀਆਂ ਤਿਆਗ ਕੇ ‘ਤਖਤੈ ਲਾਇਕ’ ਬਣਨਾ ਜਰੂਰੀ ਹੈ। ਤਖਤੈ ਲਾਇਕ ਬਣਨ ਲਈ ਰਾਜੇ ਦਾ ਧਰਮੀ-ਸਦਾਚਾਰੀ ਗੁਣਾਂ ਦਾ ਧਾਰਨੀ ਹੋਣਾ ਲਾਜਮੀ ਹੈ। ਜੇ ਓਸ ਵਿਚ ਸੱਚ, ਸੰਜਮ, ਸਬਰ, ਤਿਆਗ, ਸ਼ਹਾਦਤ ਆਦਿ ਦੇ ਤੱਤ-ਗੁਣ ਹਨ ਤਾਂ ਉਹ ਸ਼ਾਂਤੀ ਬਹਾਲ ਕਰਨਯੋਗ ਹੋਣ ਦੇ ਨਾਲ ਨਾਲ ਧਰਮੀ ਰਾਜਾ ਵੀ ਹੋ ਸਕਦਾ ਹੈ।

ਰਾਜ ਦੀ ਸਰਵੋਤਮ ਸ਼ਕਤੀ ਫੌਜ ਹੁੰਦੀ ਹੈ। ਗੁਰੂ ਸਾਹਿਬ ਦੀ ਤਤਕਾਲੀ ਰਾਜਸੱਤਾ ਦੇ ਕਾਬਜ ਲੋਕ ਇਸ ਨੂੰ ਆਪਣੀ ਸਨਤਨਤ ਦੀ ਰਾਖੀ/ ਵਾਧੇ ਲਈ ਅਤੇ ਆਪਣੀਆਂ ਇੱਛਾਵਾਂ ਦੀ ਪੂਰਤੀ ਲਈ ਵਰਤਦੇ ਸਨ। ਗੁਰੂ ਜੀ ਅਜਿਹੀਆਂ ਫੌਜਾਂ ਦੇ ਤਬਾਹ ਹੋਣ ਨੂੰ ‘ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ॥’ ਕਹਿ ਕੇ ਸਵਾਲ ਹੇਠਾਂ ਕਰਦੇ ਹਨ। ਇਥੇ ਰਾਜੇ ਦੀ ਓਪਰੀ ਠਾਠ-ਬਾਠ, ਨੇਜੇ-ਬਾਜੇ, ਲਸ਼ਕਰ ਆਦਿ ਪ੍ਰਭੁਤਾ ‘ਤੇ ਸਵਾਲ ਹਨ। ਇਥੇ ਗੁਰੂ ਸਾਹਿਬ ਦਾ ਆਦੇਸ਼ ਜੰਗੀ ਤਬਾਹੀ ਬਾਰੇ ਹੈ। ਗੁਰੂ ਸਾਹਿਬ ਤਬਾਹੀ ਅਤੇ ਜੰਗ ਦੇ ਮੂਲ ਕਾਰਨ ‘ਧਨੁ ਜੋਬਨੁ’ ਦੱਸਦੇ ਹਨ। ਸੱਤਾਧਾਰੀ ਧਿਰ ਭੋਗਵਾਦੀ ਹੋਣ ਕਰ ਕੇ ਹੀ ਰਾਜੋਂ ਨਰਕ ਜਾਂਦੀ ਹੈ। ਭੋਗੀ ਬਿਰਤੀ ਕਰ ਕੇ ਅਨੇਕਾਂ ਹੋਰ ਲੋਕ ਵੀ ਸੱਤਾ ਦੇ ਜੀ-ਹਜੂਰੀਏ ਬਣ ਜਾਂਦੇ ਹਨ ਜੋ ਸੱਤਾ ਦੀ ਠਾਠ-ਬਾਠ, ਸਹੂਲਤਾਂ ਅਤੇ ਰੁਤਬੇ ਮਾਣ ਕੇ ਉਸ ਦੇ ਭਾਗੀਦਾਰ ਬਣਦੇ ਹਨ।

ਗੁਰੂ ਸਾਹਿਬ ਧਨ ਦੇ ਨਾਜਾਇਜ ਇਕੱਠਣ ਨੂੰ ‘ਪਾਪ’ ਕਹਿੰਦੇ ਹਨ। ਕੁਝ ਵਿਦਵਾਨ ਕਹਿੰਦੇ ਹਨ ਕਿ ਮਾਰਕਸ ਦਾ ‘ਵਾਧੂ ਮੁੱਲ ਦਾ ਸਿਧਾਂਤ’ ਲੁੱਟ ਦੀਆਂ ਬਹੁਤ ਪਰਤਾਂ ਖੋਲ੍ਹਦਾ ਹੈ ਪਰ ‘ਪਾਪਾ ਬਾਝਹੁ ਹੋਵੈ ਨਾਹੀ’ ਦਾ ਸਿਧਾਂਤ ਲੁੱਟ ਦੀਆਂ ਅਣਦਿਸਦੀਆਂ ਪਰਤਾਂ ਨੂੰ ਵੀ ਉਧੇੜਦਾ ਹੈ। ਕਿਸੇ ਵੀ ਧਿਰ ਵਲੋਂ ਜਾਇਦਾਦ/ ਧਨ ਦੀ ਲੁੱਟ ਵਧੇਰੇ ਕਰ ਕੇ ਰਾਜਸੀ ਸਰਪ੍ਰਸਤੀ ਨਾਲ ਹੀ ਹੁੰਦੀ ਹੈ। ਸਾਵੇਂ ਆਰਥਕ ਸਬੰਧਾਂ ਦੀ ਅਣਹੋਂਦ ਵੀ ਅਸ਼ਾਂਤੀ ਦਾ ਇਕ ਅਹਿਮ ਕਾਰਕ ਹੈ।

ਗੁਰੂ ਸਾਹਿਬ ਰਾਜ ਦੀ ਇਕ ਅਹਿਮ ਜਿੰਮੇਵਾਰੀ ਪਰਜਾ ਦੀ ਰਾਖੀ ਵਜੋਂ ਵੀ ਉਜਾਗਰ ਕਰਦੇ ਹਨ ਪਰ ਇਤਿਹਾਸ ਵਿਚ ਰਾਜ ਵਲੋਂ ਪਰਜਾ ਦੀ ਲੁੱਟ-ਦਮਨ ਦੇ ਵਧੇਰੇ ਹਵਾਲੇ ਮਿਲਦੇ ਹਨ। ਭਗਤ ਪ੍ਰਹਿਲਾਦ ਅਤੇ ਹਰਨਾਖਸ਼ ਦੇ ਸਬੰਧ ਰਾਜ ਦੇ ਜਬਰ ਦੀਆਂ ਗਵਾਹੀਆਂ ਹਨ। ਗੁਰਬਾਣੀ ਮੁਤਾਬਕ ਜਾਗੇ ਹੋਏ ਭਗਤ, ਸੰਤ ਲੋਕ ਹੀ ਇਸ ਜਬਰ ਨੂੰ ਠੀਕ ਪਛਾਣਦੇ ਹਨ ਅਤੇ ਉਹ ਜਬਰ ਹੁੰਦਿਆਂ ਵੀ ਆਪਣਾ ਗੁਣ ਨਹੀਂ ਗਵਾਉਂਦੇ। ਉਹ ‘ਰਤੁ ਪੀਣੇ ਰਾਜੇ ਸਿਰੈ ਉਪਰਿ’ ਦੇ ਹੁੰਦਿਆਂ ਵੀ ‘ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ’ ਦੇ ਅਮਲ ਵਿਚ ਰਹਿੰਦੇ ਹਨ। ਸਿਖਰ ‘ਤੇ ਜਾ ਕੇ ਉਹ ਜਬਰ ਦੀ ਸਹਿਜ ਮੁਖਾਲਫਤ ਕਰਦੇ ਹਨ। ਸੱਚ ਦੀ ਸਥਾਪਤੀ ਦੇ ਉਦੇਸ਼ ‘ਤੇ ਉਹ ਅਟੱਲ ਹੁੰਦੇ ਹਨ। ਕਿਸੇ ਵੀ ਤਰ੍ਹਾਂ ਦੀ ਸਜਾ ਜਾਂ ਭੈਅ ਮੂਹਰੇ ਉਨ੍ਹਾਂ ਦਾ ਨਿਭਾਅ ‘ਗੰਗ ਜਮੁਨ ਜਉ ਉਲਟੀ ਬਹੈ॥ ਤਉ ਨਾਮਾ ਹਰਿ ਕਰਤਾ ਰਹੈ॥’ ਵਾਲਾ ਹੁੰਦਾ ਹੈ। ਅਰਥਾਤ ਉਹ ਰਾਜ ਸੱਤਾ ਦੀ ਮਾਲਕੀ ‘ਤੱਕ ਸੀਮਤ ਨਹੀਂ ਹੁੰਦੇ ਸਗੋਂ ਸਦਾ ਹੀ ਹਰ ਤਰ੍ਹਾਂ ਨਾਲ ਰਾਜ ਨੂੰ ਉਸ ਦੇ ਅਸਲ ਖਾਸੇ ‘ਪਰਜਾ ਦੀ ਰਾਖੀ’ ਬਾਰੇ ਸੁਚੇਤ ਕਰਦੇ ਹਨ। ਇਤਿਹਾਸ ਵਿਚ ਗੁਰੂ ਖਾਲਸਾ ਪੰਥ ਦਾ ਅਮਲ ਇਹੋ ਰਿਹਾ ਹੈ। ਆਧੁਨਿਕ ਰਾਜ ਇਸ ਅਮਲ ਨੂੰ ਵੀ ਅਸ਼ਾਂਤੀ ਵਿਚ ਗਿਣਦੇ ਹਨ।

4.1.

ਹੁਣ ਅਸਲ ਸਵਾਲ ਉਠਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਵੱਡੇ ਪੱਧਰ ‘ਤੇ ਸਮਾਗਮ ਕਰਵਾਉਣ ਅਤੇ ਮਾਇਆ ਖਰਚਣ ਵਾਲੇ ਦੇਸਾਂ/ ਰਾਜਾਂ ਨੇ ਆਪਣੇ ਵਿਚ ਗੁਰੂ ਸਾਹਿਬ ਦੇ ਆਦੇਸ਼ਾਂ ਮੁਤਾਬਕ ਆਪਣੀ ਨੀਤੀਆਂ ਅਤੇ ਅਮਲ ਵਿਚ ਤਬਦੀਲੀਆਂ ਲਿਆਂਦੀਆਂ ਹਨ ਜਾਂ ਆਪਣਾ ਖਾਸਾ ਬਦਲਣ ਲਈ ਤਿਆਰ ਹੋਏ ਹਨ।

ਹਿੰਸਾ/ ਅਸ਼ਾਂਤੀ ਬਾਰੇ ਇਕ ਪ੍ਰਵਾਨਤ ਰਾਇ ਇਹ ਹੈ ਕਿ ਇਹ ਤਾਕਤ ਦੇ ਰਵੱਈਏ ਕਰ ਕੇ ਹੀ ਹੋ ਰਹੀ ਹੈ। ਰਾਜ ਸੱਤਾ ਉਤੇ ਕਾਬਜ ਜਮਾਤਾਂ ਆਪਣੇ ਹਿਤ ਅਤੇ ਇਛਾਵਾਂ ਕਿਸੇ ਵੀ ਹਾਲਤ ਵਿਚ ਤਿਆਗਣ ਲਈ ਤਿਆਰ ਨਹੀਂ ਹਨ। ਭਾਰਤ ਸਰਕਾਰ ਨੇ ਪਹਿਲਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਫਿਰ ਗੁਰੂ ਨਾਨਕ ਦੇਵ ਜੀ ਦੀਆਂ ਸ਼ਤਾਬਦੀਆਂ ਮਨਾਈਆਂ ਹਨ ਪਰ ਸਰਕਾਰ ਵਲੋਂ ਗੁਰੂ ਸਾਹਿਬ ਦੇ ਆਦੇਸ਼ਾਂ ਮੁਤਾਬਕ ਕਿਸੇ ਨੀਤੀ ਜਾਂ ਪ੍ਰਸ਼ਾਸਨਿਕ ਅਮਲ ਵਿਚ ਤਬੀਦਲੀ ਲਿਆਂਦੀ ਹੋਵੇ! ਉਹ ਜਨਤਕ ਨਹੀਂ ਹੋਇਆ। ਬਲਕਿ ਰਾਜਨੀਤੀ ਦੇ ਮਾਹਿਰਾਂ ਦੀ ਰਾਇ ਹੈ ਕਿ ਭਾਰਤ ਦਿਨੋ-ਦਿਨ ਸਾਮਰਾਜਵਾਦ ਵਲ ਨੂੰ ਵਧ ਰਿਹਾ ਹੈ ਅਤੇ ਸਾਮਰਾਜ ਵਿਚ ਲੋਕਾਂ ਅਤੇ ਮਹਿਕੂਮਾਂ ਦੇ ਹੱਕਾਂ ਦਾ ਹੋਰ ਵਧੇਰੇ ਘਾਣ ਹੋਣ ਦੀ ਸੰਭਾਵਨਾ ਹੈ। ਕੁਝ ਵਿਦਵਾਨ ਤਾਂ ਇਹ ਕਹਿ ਰਹੇ ਹਨ ਕਿ ਭਾਰਤ ਵਿੱਚ ਫੌਜ ਅੰਦਰਲੀਆਂ ਆਜ਼ਾਦ ਜਾਂ ਵੱਖਰਾ ਚੱਲਣ ਵਾਲੀਆਂ ਤਾਕਤਾਂ ਦਾ ਦਮਨ ਕਰਨ ਲਈ ਹੀ ਵਰਤੀ ਜਾਂਦੀ ਹੈ। ‘ਪਾਪਾ ਬਾਝਹੁ ਹੋਵੈ ਨਾਹੀ’ ਦੇ ਗੁਰ ਹੁਕਮ ਤਹਿਤ ਵਪਾਰ, ਮੰਡੀ ਅਤੇ ਕਾਰਪੋਰੇਟ ਜਗਤ ਦੁਆਰਾ ਹੋ ਰਹੀ ਲੋਕਾਂ ਦੀ ਲੁੱਟ ਉੱਪਰ ਰੋਕ/ ਕਾਬੂ ਬਾਰੇ ਸਰਕਾਰ ਖਾਸ ਗੰਭੀਰ ਨਹੀਂ ਹੈ ਬਲਕਿ ਨੀਤੀਆਂ ਲੋਕਾਂ ਦੇ ਹਿਤਾਂ ਦੀ ਥਾਂ ਕਾਰਪੋਰੇਟ ਹਿਤਾਂ ਨੂੰ ਮੁੱਖ ਰੱਖ ਕੇ ਬਣਾਈਆਂ ਜਾ ਰਹੀਆਂ ਹਨ। ਅਪਵਾਦਾਂ ਨੂੰ ਛੱਡ ਕੇ ਆਮ ਲੋਕਾਂ ਵਿਚ ‘ਧਨ ਜੋਬਨ’ ਭੋਗ ਦੀ ਬਿਰਤੀ ਦੀ ਭਰਮਾਰ ਹੈ। ਭਾਰਤ ਦੀ ਸਿਆਸਤ ਵਿਚ ਅਮੂਮਨ ਸਰਪੰਚ ਪੱਧਰ ਦਾ ਆਗੂ ਵੀ ਧਨ, ਜੋਬਨ, ਸ਼ੁਹਰਤ ਮਾਣਨ ਲਈ ਆ ਰਿਹਾ ਹੈ। ਗੁਰੂ ਸਾਹਿਬ ਨੇ ਜੰਗ ਦੇ ਕਾਰਨਾਂ ਵਿਚ ‘ਧਨ ਜੋਬਨ ਦੁਇ ਵੈਰੀ ਹੋਇ’ ਕਿਹਾ ਹੈ।

ਮਹਿਕੂਮ ਕੌਮਾਂ/ ਸਭਿਆਚਾਰਾਂ ਬਾਰੇ ਸਰਕਾਰ ਦੇ ਬਦਲੇ ਹੋਏ ਸੁਹਿਰਦ ਰਵੱਈਏ ਦੀ ਕੋਈ ਖਬਰ ਨਹੀਂ ਹੈ ਅਰਥਾਤ ਸਰਕਾਰ ਦੁਆਰਾ ‘ਭੂਪਤਿ’ ਵਾਲਾ ਰਵੱਈਆ ਤਿਆਗ ਕੇ ‘ਤਖਤੈ ਲਾਇਕ’ ਹੋਣ ਦੇ ਕਿਸੇ ਜਤਨ ਕੋਈ ਸੂਹ ਨਹੀਂ ਹੈ। ਕਸ਼ਮੀਰ ਵਿਚ ਦਮਨ, ਭਾਰਤੀ ਨਾਗਰਿਕਤਾ ਸੋਧ ਕਾਨੂੰਨ ਦੇ ਅਮਲ ਬਾਰੇ ਸਰਕਾਰ ਆਪਣੇ ਪੈਂਤੜਿਆਂ ਤੋਂ ਪਿਛੇ ਨਹੀਂ ਹਟੀ। ਬਲਕਿ ਸਰਕਾਰੀ ਨੀਤੀਆਂ ਦਾ ਵਿਰੋਧ ਕਰਨ ਵਾਲਿਆਂ ਨੂੰ ਅਤੇ ਉਨ੍ਹਾਂ ਦਾ ਪੱਖ ਲੈਣ ਵਾਲਿਆਂ ਨੂੰ ਦੇਸ ਵਿਰੋਧੀ ਦੇ ਫਤਵੇ ਦੇ ਰਹੀ

5. It is not the tyrannized who initiate despotism, but the tyrants. It is not the despised who initiate hatred, but those who despise. It is not those whose humanity is denied them who negate humankind, but those who denied that humanity (thus negating their own as well). Force is used not by those who have become weak under the preponderance of the strong, but by the strong who have emasculated them. (Freire 2005 : 55)

ਹੈ। ਜੇ ਤੱਥਾਂ ਨੂੰ ਡੂੰਘਾਈ ਵਿਚ ਵੇਖਿਆ ਜਾਵੇ ਤਾਂ ਦਮਿਤ ਅਤੇ ਮਹਿਕੂਮ ਲੋਕਾਂ ਕੋਲ ਸ਼ਾਂਤਮਈ ਤਰੀਕਿਆਂ ਨਾਲ ਵਿਰੋਧ ਕਰਨ ਦੀ ਗੁੰਜਾਇਸ਼ ਵੀ ਨਹੀਂ ਰਹੀ ਹੈ। ਮੂਲ ਰੂਪ ਵਿਚ ਅਸ਼ਾਂਤੀ ਦਾ ਕਾਰਨ ਰਾਜਨੀਤੀ ਬਣ ਰਹੀ ਹੈ।

ਸਰਕਾਰੀ ਅਤੇ ਆਮ ਸੂਝ ਦੇ ਪਰਚਾਰ ਰਾਹੀਂ ਫੌਜ ਨੂੰ ਮਾਨਤਾ ਪਹਿਲਾਂ ਨਾਲੋਂ ਵੀ ਵਧੇਰੇ ਦਿੱਤੀ ਜਾ ਰਹੀ ਹੈ। ਸਰਕਾਰੀ ਹਿਤਾਂ ਲਈ ਮਰਨ-ਮਾਰਨ ਨੂੰ ਸ਼ਹਾਦਤ-ਬਹਾਦਰੀ, ਦੇਸ-ਜਨਤਾ ਦੀ ਰਾਖੀ ਦੇ ਰੂਪਕਾਂ ਥਾਣੀਂ ਪਰਵਾਨ ਕਰਵਾਇਆ ਜਾ ਰਿਹਾ ਹੈ। ਫੌਜੀ ਅਮਲ ਗੁਰੂ ਖਾਲਸਾ ਪੰਥ ਦਾ ਵੀ ਹੈ ਪਰ ਉਸ ਦੇ ਉਦੇਸ਼ ਅਤੇ ਇਤਿਹਾਸਕ ਅਮਲ ਵਿਚ ਵਰਤਮਾਨ ਸਰਕਾਰੀ ਫੌਜ ਨਾਲੋਂ ਸਿਫਤੀ ਫਰਕ ਹੈ। ਗੁਰੂ ਸਾਹਿਬ ਨੇ ਜਿਹੜੀ ਫੌਜ ਥਾਪੀ ਹੈ ਉਹ ਜਾਗੀ ਹੋਈ ਗਰੀਬ ਦੀ ਰੱਖਿਆ- ਜਰਵਾਣੇ ਦੀ ਭੱਖਿਆ ਦੇ ਉਦੇਸ਼ ਵਾਲੀ ਹੈ। ਇਸ ਦੇ ਉਲਟ ਆਧੁਨਿਕ ਸਰਕਾਰਾਂ ਦੀਆਂ ਫੌਜਾਂ ਆਪਣੇ ਮਾਲਕ ਲਈ ਆਗਿਆਕਾਰੀ ਦੇਹ ਦਾ ਰੂਪ ਹਨ। ਉਹ ਸੋਚਣ ਲਈ ਸੁਤੰਤਰ ਨਹੀਂ। “ਫੌਜੀ ਬੈਰਕਾਂ, ਉਨ੍ਹਾਂ ਦੀ ਨਿਯਮਿਤ ਟ੍ਰੇਨਿੰਗ, ਬੈਰਕਾਂ ਵਿਚ ਵਾਸ, ਦਰਜੇਬੰਦੀ ਜੀਵਨ, ਸਿਪਾਹੀ ਦੀਆਂ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਰਾਹੀਂ ਆਗਿਆਕਾਰ ਸਮਾਜ ਲਈ ਮਾਈਕਰੋ ਉਦਾਹਰਣ ਉਸਾਰੀ ਗਈ।” (ਗੁਰਭਗਤ ਸਿੰਘ 2000: 38) ਇਸ ਵਰਤਾਰੇ ਵਿਚ ਮਾਲਕ/ ਸਰਕਾਰ ਦੀ ਇੱਛਾ/ ਨੀਤੀ/ ਕਾਨੂੰਨ ਨੂੰ ਹਰ ਹਾਲ ਮੰਨਣ ਦੀ ਮਾਨਤਾ ਹੈ। ਜਿਹੜਾ ਵੀ ਇਸ ਆਗਿਆਕਾਰਤਾ ਤੋਂ ਮੁਨਕਰ ਹੈ ਬੇਸ਼ਕ ਉਹ ਨੈਤਿਕ-ਸਮਾਜਕ ਤੌਰ ‘ਤੇ ਜਾਂ ਕੁਦਰਤੀ ਰੱਖਿਆ ਦੇ ਨੇਮਾਂ ਤਹਿਤ ਜਾਂ ਆਪਣੇ ਧਰਮ-ਪਰੰਪਰਾ ਦੀਆਂ ਮਾਨਤਾਵਾਂ ਅਨੁਸਾਰ ਠੀਕ ਹੈ ਪਰ ਸਰਕਾਰ/ ਪ੍ਰਸ਼ਾਸਨ ਨੂੰ ਵੰਗਾਰ ਰਿਹਾ ਹੈ ਉਹ ਦੋਸ਼ੀ ਹੈ। ਇਸ ਲਈ ਅੰਤਿਮ ਮਾਨਤਾ ਇਕੋ ਹੈ, ਉਸ ਦੀ ਉਲੰਘਣਾ ਕਰਨ ਵਾਲੇ ਲਈ ਸਜਾ ਨਿਸ਼ਚਤ ਹੈ। ਇਥੇ ਸਜਾ ਅਤੇ ਫੌਜ ਦੋਵੇਂ ਹਿੰਸਾ ਦੇ ਜੁਜ ਹਨ। ਬੇਸ਼ਕ ਇਨਸਾਫ ਲਈ, ਕੁਦਰਤੀ ਜੀਵਨ ਲਈ ਅਤੇ ਹਰੇਕ ਦੇ ਆਪਣੀ ਨਿਯਮਤ ਮਰਿਆਦਾ ਦੀ ਅਜਾਦੀ ਵਿਚ ਵਿਚਰਨ ਲਈ ਸਜਾ ਅਤੇ ਫੌਜ ਪੁਰਾਣੇ ਸਮੇਂ ਤੋਂ ਹੀ ਜਰੂਰੀ ਹਨ ਪਰ ਮਸਲਾ ਇਹ ਹੈ ਕਿ ਇਹ ਕਿਸ ਉਦੇਸ਼ ਤਹਿਤ, ਕਿਸ ਕਾਰਜ ਲਈ ਵਰਤੀਆਂ ਜਾਂਦੀਆਂ ਹਨ। ਲੋੜੀਂਦਾ ਇਹ ਹੈ ਕਿ ਇਕ ਸਰਬਸਾਂਝੀਵਾਲ ਮਰਿਆਦਾ ਵਿਚ ਸਭ ਮਨੁੱਖ ਅਤੇ ਜੀਵ-ਬਨਸਪਤੀ ਆਪਣੇ ਅਨੁਸਾਰ ਮੌਲਣ ਪਰ ਇਹ ਨਹੀਂ ਹੋ ਰਿਹਾ। ਵਜਹ ਇਹ ਕਿ ਸਰਕਾਰ ਆਪਣੀ ਇੱਛਾ ਅਤੇ ਕਰਮ ਨੂੰ ਗੁਰੂ ਸਾਹਿਬ ਦੇ ਆਦੇਸ਼ਾਂ ਮੁਤਾਬਕ ਨਹੀਂ ਬਣਾ-ਚਲਾ ਰਹੀ।

6. The ‘war on terrorism’, for instance, has given the state unheard-of powers of surveillance, permanent detention and control over its internal population, not to mention the justification – almost a blank cheque – for external military action. (Newman 2005: 101)

ਸ਼ਾਂਤੀ ਦੀ ਸਥਾਪਨਾ ਸਰਬਸਾਂਝੀਵਾਲ ਰੂਪ ਵਿਚ ਹਰੇਕ ਦੇ ਹੱਕ, ਇਨਸਾਫ ਦੀ ਬਹਾਲੀ ਨਾਲ ਹੀ ਹੋ ਸਕਦੀ ਹੈ। ਜੇ ਕੋਈ ਇਨ੍ਹਾਂ ਨੂੰ ਭੰਗ ਵੀ ਕਰਦਾ ਹੈ ਤਾਂ ਸਰਕਾਰ/ ਰਾਜ ਦੀ ਜਿੰਮੇਵਾਰੀ ਇਨ੍ਹਾਂ ਨੂੰ ਬਹਾਲ ਕਰਨ ਦੀ ਹੈ। ਪਰ ਵਿਡਾਣ ਇਹ ਹੈ ਕਿ ਮਹਿਕੂਮਾਂ ਦੇ ਹੱਕ, ਇਨਸਾਫ ਦੀ ਉਲੰਘਣਾ ਹਕੂਮਤ ਅਤੇ ਹਾਕਮਾਨਾ ਢਾਂਚਿਆਂ ਵਲੋਂ ਵਧੇਰੇ ਹੋ ਰਹੀ ਹੈ। ਨਤੀਜਾ ਇਹ ਬਣਦਾ ਹੈ ਕਿ ਰਾਜ/ ਤਾਕਤ ਆਪਣੀਆਂ ਇਛਾਂਵਾਂ ਅਤੇ ਉਨ੍ਹਾਂ ਦੀ ਪੂਰਤੀ ਲਈ ਬਣਾਈਆਂ ਨੀਤੀਆਂ ਤੇ ਅਮਲ ਵਿਚ ਤਬਦੀਲੀ ਨਹੀਂ ਕਰ ਰਹੀ ਬਲਕਿ ਪਰਜਾ ਨੂੰ ਆਪਣੀਆਂ ਇਛਾਵਾਂ-ਲੋੜਾਂ ਲਈ ਸਿਧਾ ਰਹੀ ਹੈ। ਇਸ ਲਈ ਸ਼ਾਂਤੀ ਦੀ ਬਹਾਲੀ ਲਈ ਸਰਕਾਰ ਕੁਝ ਨਹੀਂ ਸਿੱਖ ਰਹੀ ਅਤੇ ਨਾ ਹੀ ਅਸ਼ਾਂਤੀ ਦੇ ਕਾਰਕਾਂ ਨੂੰ ਰੋਕਿਆ ਜਾ ਰਿਹਾ ਹੈ। ਸਰਕਾਰ ਲੋਕਾਂ ਨੂੰ ਹੁਕਮਾਂ ਤਹਿਤ ਜਿਉਣਾ ਸਿਖਾ ਰਹੀ ਹੈ। ਹਕੂਮਤ ਦੀ ਹਰ ਗੱਲ ਮੰਨ ਕੇ ਆਗਿਆਕਾਰਾਂ ਵਾਂਗ ਜਿਉਣਾ ਸ਼ਾਂਤੀ ਨਹੀਂ ਹੁੰਦਾ। ਅਜਿਹੀ ਹਾਲਤ ਵਿਚ ਜਾਗਦੇ ਲੋਕਾਂ ਲਈ ਸ਼ਾਂਤ ਰਹਿਣਾ ਮੁਹਾਲ ਹੋ ਜਾਂਦਾ ਹੈ। (Address of Pakistani Prime Minister Imran Khan in United Nations 2019; Freire 2005: 30-40; Sartre: 5-8) ਇਸ ਲਈ ਇਹ ਸ਼ਾਂਤੀ ਦਾ ਰਾਹ ਨਹੀਂ ਹੈ। ਇਹ ਮੂਕ ਹਿੰਸਾ ਸਦਾ ਹੀ ਅਸ਼ਾਂਤੀ ਦਾ ਮੂਲ ਕਾਰਨ ਰਹੀ ਹੈ।

4.2.

ਉਪਰ ਵੇਖੇ ਅਨੁਸਾਰ ਅਸਲ ਰੌਲਾ ਮੂਲ ਮਾਨਤਾ ਦਾ ਹੈ। ਕੀ ਧਰਮ ਕੇਂਦਰ ਵਿਚ ਹੈ? ਗੁਰੂ ਸਾਹਿਬ ਦੇ ਆਦੇਸ਼ ਜੀਵਨ ਦਾ ਮੂਲ ਅਧਾਰ ਹਨ? ਅਸਲ ਵਿਚ ਆਧੁਨਿਕ ਸੈਕੂਲਰ ਪ੍ਰਬੰਧ ਨੇ ਧਰਮ ਨੂੰ ਨਿੱਜ ਤੱਕ ਘਟਾ ਦਿਤਾ ਹੈ। ਇਤਿਹਾਸ ਵਿਚ ਮਨੁੱਖੀ ਲਾਲਸਾਵਾਂ ਕਰ ਕੇ ਧਰਮ ਦੇ ਝੰਡੇ ਹੇਠ ਹੋਏ ਜਾਂ ਧਰਮ ਦੇ ਨਾਂ ਲੱਗੇ ਖੂਨ-ਖਰਾਬੇ ਨੂੰ ਅਧਾਰ ਬਣਾ ਕੇ ਧਰਮ ਦਰਕਿਨਾਰ ਕੀਤਾ ਗਿਆ ਸੀ ਅਤੇ ਅੱਜ ਵੀ ਵਿਕਸਤ ਅਤੇ ਬਹੁਤੇ ਵਿਕਾਸਸ਼ੀਲ ਦੇਸਾਂ ਵਿਚ ਧਰਮ ਨਿਜੀ ਰਹਤਲ ਤੱਕ ਹੀ ਮਹਿਦੂਦ ਹੈ। ਜੇ ਕੋਈ ਉਪੱਦਰ/ ਜੁਲਮ ਕਰ ਰਿਹਾ ਹੈ ਤਾਂ ਦੂਜਾ ਉਸ ਨੂੰ ਆਪਣੀ ਧਰਮ-ਪਰੰਪਰਾ ਦੇ ਆਦੇਸ਼ਾਂ ਮੁਤਾਬਕ ਰੋਕ ਨਹੀਂ ਸਕਦਾ, ਉਹ ਸਿਰਫ ਕਾਨੂੰਨ/ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਸਕਦਾ ਹੈ।

7. ਕੁਝ ਲੋਕ ਸੈਕੂਲਰ ਦਾ ਅਰਥ ਨਿਰਪੱਖਤਾ ਅਰਥਾਤ ਸਭ ਧਰਮਾਂ ਲਈ ਬਰਾਬਰ ਦੇ ਹੱਕ ਹੋਣ ਵਜੋਂ ਕਰਦੇ ਹਨ। ਪਰ ‘ਸੈਕੂਲਰ ਦਾ ਅਰਥ ਨਿਰਪੱਖਤਾ (neutrality) ਨਹੀਂ ਸਗੋਂ ਸਰਕਾਰ ਦੁਆਰਾ ਬਣਾਏ ਨੇਮ ਹਨ। ਗਣਤੰਤਰ (republic) ਸਦਾ ਹੀ ਸਮੂਹਾਂ ਨਾਲੋਂ ਨਿੱਜ ਨੂੰ ਮਾਨਤਾ ਦਿੰਦਾ ਹੈ।’ (Gohil & Sidhu 2008: 43-44)

8. The ground for this distinction is found in the sanction provided by the state and the legal system. The state tries to establish a monopoly on violence by restricting others from exercising it, even if it is in order to attain ‘natural’ ends. As Benjamin argues, ‘From this maxim it follows that the law sees violence in the hands of individuals as a danger undermining the legal system’ (1996: 238). In other words, what is most threatening to the state is not the legality or illegality of people’s intentions, but whether these intentions are pursued with violence. That is to say, it is the mere existence of violence outside the law that constitutes a threat. (Newman 2005: 103)

ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਵਿਚ ਧਰਮ ਮੁਕੰਮਲ ਜੀਵਨ ਹੈ। ਉਹ ਸਮਾਜ, ਸਭਿਆਚਾਰ ਆਦਿ ਦਾ ਇਕ ਅੰਗ ਨਹੀਂ ਬਲਕਿ ਸਮਾਜ, ਸਭਿਆਚਾਰ, ਰਾਜਨੀਤੀ ਉਸ ਜੀਵਨ ਦੀਆਂ ਸ਼ਾਖਾਵਾਂ ਹਨ, ਲੋੜਾਂ ਹਨ। ਹੁਣ ਜਦੋਂ ਕਾਨੂੰਨ ਧਰਮ ਤੋਂ ਉੱਪਰ ਹੈ ਤਾਂ ਸ਼ਾਂਤੀ ਕਾਨੂੰਨ ਦੀ ਆਸ ਕਾਨੂੰਨ ਤੋਂ ਕਰਨੀ ਚਾਹੀਦੀ ਹੈ। ਇਹ ਆਸ ਧਰਮ ਤੋਂ ਕਿਵੇਂ ਹੋ ਸਕਦੀ ਹੈ? ਗੁਰੂ ਸਾਹਿਬ ਅਨੁਸਾਰ ਤਾਂ ਇਨਸਾਫ ਮਨੁੱਖ ਦੇ ਅੰਦਰਲਾ ਮੁਨਸਫ ਕਰ ਸਕਦਾ ਹੈ ਕਾਨੂੰਨ ਦੇ ਮਾਹਿਰ ਨਹੀਂ ਜਿਨ੍ਹਾਂ ਵਿਚ ਵੱਢੀ ਲੈ ਕੇ ਹੱਕ ਗਵਾਉਣ ਦੀ ਗੁੰਜਾਇਸ਼ ਹੈ। ਜਿਹੜੀ ਪਰੰਪਰਾ ਵਿਚੋਂ ਗੁਰੂ ਸਾਹਿਬ ਦੀ ਸਿਖਿਆ ਆਉਣੀ ਹੈ ਆਧੁਨਿਕ ਵਿਦਿਆ ਸਾਹਮਣੇ ਉਸ ਪਰੰਪਰਾ ਦੀ ਮਾਨਤਾ ਤੋੜ ਦਿੱਤੀ ਗਈ ਹੈ। ਬੇਸ਼ਕ ਗੁਰੂ ਖਾਲਸੇ ਦੀ ਪਰੰਪਰਾ ਅਜੇ ਵੀ ਤਸੱਲੀਬਖਸ਼ ਰੂਪ ਵਿਚ ਮੌਜੂਦ ਹੈ ਪਰ ਗੁਰੂ ਸਾਹਿਬ ਦੇ ਆਦੇਸ਼ਾਂ ਦੀ ਸਿਖਿਆ ਉਸ ਪਰੰਪਰਾ ਰਾਹੀਂ ਨਹੀਂ ਲਈ ਜਾ ਰਹੀ। ਆਧੁਨਿਕ ਅਕਾਦਮਿਕਤਾ ਗੁਰੂ ਸਾਹਿਬ ਦੀ ਸਿਖਿਆ ਪੂਰਨ ਰੂਪ ਵਿਚ ਦੇਣ ਦੇ ਸਮਰੱਥ ਨਹੀਂ ਹੈ। ਵਿਦਿਆ ਦੀ ਸ਼ਨਾਖਤ/ ਸਨਦ ਦਾ ਹੱਕ ਕੇਵਲ ਸਰਕਾਰ ਕੋਲ ਹੈ।

5

ਉਪਰੋਕਤ ਸੰਖੇਪ ਚਰਚਾ ਤੋਂ ਸਿੱਟਾ ਇਹ ਨਿਕਲਦਾ ਹੈ ਕਿ ਸਰਕਾਰਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਬੇਸ਼ਕ ਨੇਕ-ਨੀਅਤ ਨਾਲ ਮਨਾ ਰਹੀਆਂ ਹੋਣ ਪਰ ਅਮਲ ਵਜੋਂ ਗੁਰੂ ਸਾਹਿਬ ਦੀ ਬਾਣੀ ਅਤੇ ਜੀਵਨ ਵਿਚੋਂ ਜੋ ਹਕੂਮਤ ਲਈ ਸੰਦੇਸ਼ਾ ਮਿਲਦਾ ਹੈ ਉਸ ਨੂੰ ਨਹੀਂ ਅਪਣਾ ਰਹੀਆਂ। ਇਸ ਲਈ ਸਰਕਾਰਾਂ ਵਲੋਂ ਸ਼ਾਂਤੀ ਸਥਾਪਤ ਕਰਨ ਲਈ ਦਿੱਤੀਆਂ ਗ੍ਰਾਂਟਾਂ ਓਨੀ ਦੇਰ ਵਿਅਰਥ ਹਨ ਜਦੋਂ ਤੱਕ ਉਹ ਖੁਦ ਗੁਰੂ ਸਾਹਿਬ ਦੇ ਸੰਦੇਸ਼ ਉਪਰ ਚਲਣਾ ਸ਼ੁਰੂ ਨਹੀਂ ਕਰਦੀਆਂ।

ਚਾਰ ਸਾਲ ਪਹਿਲਾਂ ਇਸ ਮੁਕੱਦਸ ਮੌਕੇ ‘ਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁਲ੍ਹਣਾ ਚੰਗੀ ਗੱਲ ਹੈ ਜੋ ਆਧੁਨਿਕ ਰਾਜਾਂ ਦੀਆਂ ਸਖਤ ਸਰਹੱਦਾਂ ਨੂੰ ਨਰਮ ਕਰਨ ਦਾ ਪਹਿਲਾ ਜਤਨ ਹੈ ਪਰ ਮੁਕੰਮਲ ਸ਼ਾਂਤੀ ਤਾਂ ਹੀ ਸਥਾਪਤ ਹੋ ਸਕਦੀ ਹੈ ਜੇ ਹਕੂਮਤਾਂ ‘ਤਖਤੈ ਲਾਇਕ’ ਹੋਣਗੀਆਂ ਅਤੇ ਉਨ੍ਹਾਂ ਦੇ ਅੰਦਰਲਾ ਮੁਨਸਫ ਜਾਗੇਗਾ। ਹਿੰਸਾ ਅਤੇ ਅਸ਼ਾਂਤੀ ਦਾ ਇਤਿਹਾਸ ਦੱਸਦਾ ਹੈ ਕਿ ਤਾਕਤ/ ਹਕੂਮਤ ਹੀ ਮੂਲ ਰੂਪ ਵਿਚ ਹਿੰਸਾ/ ਅਸ਼ਾਂਤੀ ਦੀ ਜੜ੍ਹ ਹੈ। ਤਾਕਤ/ ਸਰਕਾਰ/ ਹਕੂਮਤ ਦੇ ਸਿਧਾਂਤ ਅਤੇ ਅਮਲ ਵਿਚ ਗੁਰ ਆਦੇਸ਼ ਅਨੁਸਾਰੀ ਸਿਫਤੀ ਤਬਦੀਲੀਆਂ ਸ਼ਾਂਤੀ ਜਰੂਰ ਬਹਾਲ ਕਰ ਸਕਦੀਆਂ ਹਨ। ਭਵਿੱਖ ਵਿਚ ਇਹ ਆਸ ਕੀਤੀ ਜਾ ਸਕਦੀ ਹੈ।

ਹਵਾਲਾ ਸਰੋਤ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ.
ਲਾਸਕੀ, ਹੈਰੋਲਡ ਜੇ. 1994. ਰਾਜਨੀਤੀ ਵਿਆਕਰਣ. ਅਨੁ. ਹਰਮੰਦਰ ਸਿੰਘ, ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ.
ਗੁਰਭਗਤ ਸਿੰਘ. 2000. ਉਤਰਆਧੁਨਿਕਤਾਵਾਦ. ਪਟਿਆਲਾ: ਮਦਾਨ ਪਬਲੀਕੇਸ਼ਨਜ਼, ਪੰਜਾਬੀ ਯੂਨੀਵਰਸਿਟੀ ਕੈਂਪਸ.

Address of Pakistani Prime Minister in United Nations’ Prime Minister Addresses General Debate, 74th session. Available on http://youtu.be/uyaQgnQCQ5k. Accessed on 30-09-2019.

Fanon, Frantz. 1963. New York The Wretched of The Earth, Grove Press.

Freire, Paulo. 2005. Pedagogy Of The Oppressed. 30th Anniversary Edition, translated By Myra Bergman Ramos With An Introduction By DonaldoMaced, New York-London: The Continuum International Publishing Group.

Marx – Engels. 2015, January 28. On Religion: selection of works. Arranged by Wolfgang eggers. Availiable on http://ciml.250x.com/archive/5classics/english/5_classics_of_marxism-leninism_on_religion.pdf, accessed on 12/10/2015, 4:15pm.

Newman, Saul. 2005. Power and Politics in Poststructuralist Thought. New York and London: Routledge, Taylor & Francis Group.

Nietzsche, Friedrich. 2008. The Gay Science. Seventh edition. Edited by Bernard Williams, translated by Josefine Nauckhoff, Cambridge University Press.

Sartre, Jean Paul. “Sartre on Munich 1972”, Sartre Studies International. Vol 9, issue 2. Availiable on https://www.google.co.in/url?sa=t&source=web&rct=j&url=https://www.berghahnjournals.com/downloadpdf/journals/sartrestudies/9/2/ssi090203.xml&ved=2ahUKEwi51J24ks_ZAhWBMJQKHbGwBmwQFjAAegQIBxAB&usg=AOvVaw2VreIRBPU01xpPmPLby069 . Accessed on 30-06-2018.

Stark, Rodney. 2007. Discovering God. Harper Collins ebooks, epub format.

The Assisi Declarations. Availiable on www.arcworld.org/download/the_assisi_declarations.Pdf., accessed on 12/012/2015, 03:00 pm.

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਮੁਸਲਮਾਨ ਰਬਾਬੀ ਸੀ। ਪਹਿਲੀ ਵਾਰ ਉਸਨੇ ਗੁਰੂ ਜੀ ਦੇ ਵਿਆਹ ਸਮੇਂ ਉਹਨਾਂ ਦੇ ਦਰਸ਼ਨ ਕੀਤੇ।ਮਰਦਾਨੇ ਨੇ ਆ ਕੇ ਲਾੜੇ ਕੋਲੋਂ ਲਾਗ ਮੰਗਿਆ। ਗੁਰੂ ਜੀ
ਮਰਦਾਨਾ ਗੁਰੂ ਨਾਨਕ ਦੇਵ ਜੀ ਦਾ ਮੁਸਲਮਾਨ ਰਬਾਬੀ ਸੀ। ਪਹਿਲੀ ਵਾਰ ਉਸਨੇ ਗੁਰੂ ਜੀ ਦੇ ਵਿਆਹ ਸਮੇਂ ਉਹਨਾਂ ਦੇ ਦਰਸ਼ਨ ਕੀਤੇ।ਮਰਦਾਨੇ ਨੇ ਆ ਕੇ ਲਾੜੇ ਕੋਲੋਂ ਲਾਗ ਮੰਗਿਆ। ਗੁਰੂ ਜੀ
ਭਾਰਤ ਸਰਕਾਰ ਹੁਣ ਸਿੱਖਾਂ ਨਾਲ ਤਣਾਅ ਅੱਗੇ ਤੋਂ ਅੱਗੇ ਵਧਾਈ ਜਾ ਰਹੀ ਹੈ। ਇਹਨਾਂ ਨੂੰ ਇਹ ਜਾਪਦਾ ਕਿ ਇਹ ਲੋੜ ਪੈਣ ਤੇ ਗੱਲ ਇਕੱਠੀ ਕਰ ਲੈਣਗੇ। ਆਪਣੀ ਕੌਮਾਂਤਰੀ ਸਿਆਸਤ ਦੀ
ਭਾਰਤ ਸਰਕਾਰ ਹੁਣ ਸਿੱਖਾਂ ਨਾਲ ਤਣਾਅ ਅੱਗੇ ਤੋਂ ਅੱਗੇ ਵਧਾਈ ਜਾ ਰਹੀ ਹੈ। ਇਹਨਾਂ ਨੂੰ ਇਹ ਜਾਪਦਾ ਕਿ ਇਹ ਲੋੜ ਪੈਣ ਤੇ ਗੱਲ ਇਕੱਠੀ ਕਰ ਲੈਣਗੇ। ਆਪਣੀ ਕੌਮਾਂਤਰੀ ਸਿਆਸਤ ਦੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: