ਨਵੀਂ ਦਿਲੀ: ਕੇਂਦਰੀ ਮੰਤਰੀ ਵੀ.ਕੇ ਸਿੰਘ ਵੱਲੋਂ ਫਰੀਦਾਬਾਦ (ਹਰਿਆਣਾ) ਵਿਖੇ ਹੋਈ ਦੋ ਦਲਿਤ ਬੱਚਿਆਂ ਦੀ ਹੱਤਿਆ ਬਾਰੇ ਅੱਜ ਇੱਕ ਮੰਦਭਾਗਾ ਬਿਆਨ ਦਿੱਤਾ ਗਿਆ। ਭਾਰਤੀ ਫੌਜ ਦੇ ਸਾਬਕਾ ਮੁਖੀ ਅਤੇ ਬੀ.ਜੇ.ਪੀ ਦੇ ਆਗੂ ਵੀ.ਕੇ.ਸਿੰਘ ਨੇ ਕਿਹਾ ਕਿ “ਇਸ ਘਟਨਾ ਨਾਲ ਕੇਂਦਰ ਸਰਕਾਰ ਦਾ ਕੋਈ ਵਾਸਤਾ ਨਹੀਂ ਹੈ।ਇਹ ਸੂਬਾ ਸਰਕਾਰ ਦੀ ਨਾਕਾਮੀ ਹੈ।” ਉਨ੍ਹਾਂ ਕਿਹਾ ਕਿ “ਜੇ ਕੋਈ ਕੁੱਤੇ ਦੇ ਪੱਥਰ ਮਾਰੇ ਤਾਂ ਇਸ ਲਈ ਸਰਕਾਰ ਜਿੰਮੇਵਾਰ ਨਹੀਂ ਹੈ”।ਭਾਜਪਾ ਆਗੂ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਘਟਨਾ ਦਾ ਕਾਰਨ ਨਿਜੀ ਰੰਜਿਸ਼ ਹੈ।

ਭਾਜਪਾ ਆਗੂ ਦੇ ਇਸ ਬਿਆਨ ਦਾ ਵਿਰੋਧੀ ਧਿਰ ਦੀਆਂ ਪਾਰਟੀਆਂ ਵੱਲੋਂ ਸਖਤ ਵਿਰੋਧ ਕੀਤਾ ਗਿਆ।
ਜਿਕਰਯੋਗ ਹੈ ਕਿ ਮੰਗਲਵਾਰ ਸਵੇਰੇ 2.30 ਵਜੇ ਦੇ ਕਰੀਬ ਦਿੱਲੀ ਦੇ ਬਾਹਰਵਾਰ ਸੁਨਪੇੜ ਪਿੰਡ ਵਿੱਚ ਅਖੌਤੀ ਉੱਚੀ ਜਾਤੀ ਦੇ ਬੰਦਿਆਂ ਵੱਲੋਂ ਇੱਕ ਦਲਿਤ ਪਰਿਵਾਰ ਦੇ ਘਰ ਵਿੱਚ ਪਟਰੋਲ ਬੰਬ ਸੁੱਟ ਕੇ ਅੱਗ ਲਗਾ ਦਿੱਤੀ ਗਈ ਸੀ ਜਿਸ ਨਾਲ ਘਰ ਵਿੱਸ ਸੌ ਰਹੇ ਪਰਿਵਾਰਕ ਮੈਂਬਰ ਝੁਲਸ ਗਏ ਸਨ। ਅੱਗ ਵਿੱਚ ਜਲਨ ਕਾਰਨ 11 ਮਹੀਨੇ ਦੀ ਦੀਵਿਆ ਅਤੇ ਢਾਈ ਸਾਲ ਦੇ ਵੈਭਵ ਦੀ ਮੌਤ ਹੋ ਗਈ ਸੀ ਜਦਕਿ ਬੱਚਿਆਂ ਦੀ ਮਾਂ ਰੇਖਾ,28, ਅਤੇ ਪਿਤਾ ਜਤਿੰਦਰ, 31, ਜਖਮੀ ਹੋ ਗਏ ਸਨ।
ਇਸ ਘਟਨਾ ਦੇ ਸੰਬੰਧ ਵਿੱਚ ਪੁਲਿਸ ਵੱਲੋਂ 4 ਬੰਦਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਡਿਊਟੀ ਦੌਰਾਨ ਅਣਗਿਹਲੀ ਵਰਤਣ ਵਾਲੇ 3 ਪੁਲਿਸ ਵਾਲਿਆਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ।