ਅੰਮ੍ਰਿਤਸਰ ਸਾਹਿਬ: ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਫਿਲਮ “ਅੰਬਰਸਰੀਆ” ਦੀ ਟੀਮ ਵੱਲੋਂ ਫਿਲਮਾਏ ਗਏ ਦ੍ਰਿਸ਼ਾਂ ਦਾ ਸਖਤ ਨੋਟਿਸ ਲੈਂਦਿਆਂ ਸ੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਫਿਲਮ ਦੇ ਨਿਰਦੇਸ਼ਕ ਮਨਦੀਪ ਕੁਮਾਰ ਨੂੰ ਉਹ ਦ੍ਰਿਸ਼ ਕੱਟਣ ਦੀ ਹਦਾਇਤ ਕੀਤੀ ਗਈ ਹੈ।

ਜਿਕਰਯੋਗ ਹੈ ਕਿ ਕੱਲ੍ਹ ਸੋਸ਼ਲ ਮੀਡੀਆ ਤੇ ਦਰਬਾਰ ਸਾਹਿਬ ਗਲਿਆਰੇ ਵਿੱਚ ਨਾਚ ਕਰਦੀ ਅਦਾਕਾਰਾ “ਲਾਰੇਨ” ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਸਨ।ਸਿੱਖ ਸੰਗਤਾਂ ਵੱਲੋਂ ਇਸ ਨੂੰ ਦਰਬਾਰ ਸਾਹਿਬ ਦੀ ਮਾਣ ਮਰਿਯਾਦਾ ਨੂੰ ਸੱਟ ਮਾਰਨ ਵਾਲੀ ਕਾਰਵਾਈ ਦੱਸਿਆ ਜਾ ਰਿਹਾ ਸੀ।ਭਾਵੇਂ ਕਿ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਫਿਲਮ ਦੀ ਟੀਮ ਵੱਲੋਂ ਉਨ੍ਹਾਂ ਤੋਂ ਦ੍ਰਿਸ਼ ਫਿਲਮਾਉਣ ਲਈ ਕੋਈ ਆਗਿਆ ਨਹੀਂ ਲਈ ਗਈ ਸੀ ਪਰ ਸ਼ੂਟਿੰਗ ਦੌਰਾਨ ਮੌਕੇ ਤੇ ਮੌਜੂਦ ਸ੍ਰੋਮਣੀ ਕਮੇਟੀ ਦੇ ਕਰਮਚਾਰੀਆਂ ਜਾ ਮੁਲਾਜਮਾਂ ਵੱਲੋਂ ਸੂਟਿੰਗ ਰੋਕਣ ਦਾ ਕੋਈ ਯਤਨ ਵੀ ਨਹੀਂ ਕੀਤਾ ਗਿਆ।
ਇਸ ਫਿਲਮ ਵਿੱਚ ਦਲਜੀਤ ਦੋਸਾਂਝ, ਲਾਰੇਨ, ਮੋਨਿਕਾ ਬੇਦੀ, ਗੁਲ ਪਨਾਗ, ਗੁਰਪ੍ਰੀਤ ਘੁੱਗੀ ਤੇ ਹੋਰ ਅਦਾਕਾਰ ਕੰਮ ਕਰ ਰਹੇ ਹਨ।
ਸ੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਕਿਹਾ ਗਿਆ ਕਿ ਇਸ ਫਿਲਮ ਦੀ ਸੂਟਿੰਗ ਦੀ ਪ੍ਰਵਾਨਗੀ ਪੁਲਿਸ ਪ੍ਰਸ਼ਾਸਨ ਕੋਲੋਂ ਲਈ ਗਈ ਸੀ।ਉਨ੍ਹਾਂ ਕਿਹਾ ਕਿ ਫਿਲਮ ਦੇ ਡਾਇਰੈਕਟਰ ਨੇ ਇਹ ਦ੍ਰਿਸ਼ ਹਟਾਉਣ ਦਾ ਭਰੋਸਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅੱਗੇ ਤੋਂ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਕਿਸੇ ਫਿਲਮ ਨੂੰ ਫਿਲਮਾਉਣ ਦੀ ਪ੍ਰਵਾਨਗੀ ਨਹੀਂ ਦਿੱਤੀ ਜਾਵੇਗੀ।ਜਿਲ੍ਹਾ ਪ੍ਰਸ਼ਾਸਨ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਪੱਤਰ ਭੇਜ ਕੇ ਗਲਿਆਰੇ ਅਤੇ ਇਸ ਦੇ ਨੇੜੇ ਕਿਸੇ ਵੀ ਥਾਂ ਤੇ ਫਿਲਮ ਫਿਲਮਾਉਣ ਦੀ ਪ੍ਰਵਾਨਗੀ ਨਾ ਦੇਣ ਬਾਰੇ ਵੀ ਆਖਿਆ ਜਾਵੇਗਾ।
ਜਿਕਰਯੋਗ ਹੈ ਕਿ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਇਸ ਗਲਿਆਰੇ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਉਦੋਂ ਕੁਝ ਸਿੱਖ ਬੁੱਧੀਜੀਵੀਆਂ ਨੇ ਇਸ ਦੇ ਨਿਰਮਾਣ ਤੇ ਉਂਗਲੀਆਂ ਚੁੱਕੀਆਂ ਸਨ।