
ਨਵੀਂ ਦਿੱਲੀ (17 ਨਵੰਬਰ, 2015): ਦਿੱਲੀ ਸਿੱਖ ਕਤਲੇਆਮ ਦੇ ਮੰਨੇ ਜਾਂਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਖਿਲਾਫ ਸੀਬੀਆਈ ਅਦਾਲਤ ਵਿੱਚ ਕਿਹਾ ਕਿ ਜੇਕਰ ਪੀੜਤ ਪਰਿਵਾਰ ਕੋਈ ਤਾਜ਼ਾ ਸਬੂਤ ਇਸ ਮਾਮਲੇ ਵਿੱਚ ਪੇਸ਼ ਕਰਦਾ ਹੈ ਤਾਂ ਸੀਬੀਆਈ ਦੁਬਾਰਾ ਜਾਂਚ ਕਰਨ ਲਈ ਤਿਆਰ ਹੈ। ਇਸ ਤੋਂ ਪਹਿਲਾਂ ਸੀਬੀਆਈ ਨੇ ਟਾਇਟਲਰ ਨੂੰ ਸਬੰਧਿਤ ਕੇਸ ਵਿੱਚ ਦੋਸ਼ ਮੁਕਤ ਕਰਾਰ ਦੇ ਦਿੱਤਾ ਸੀ।
ਉਪਰੋਕਤ ਮਾਮਲੇ ਸਬੰਧੀ 30 ਅਕਤੂਬਰ ਨੂੰ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਬਾਰੇ ਰਾਖਵਾਂ ਰੱਖਿਆ ਗਿਆ ਫੈਸਲਾ ਅਦਾਲਤ ਵੱਲੋਂ ਅੱਜ ਸੁਣਾਇਆ ਜਾਣਾ ਸੀ ਪ੍ਰੰਤੂ ਇਸ ਮਾਮਲੇ ਦੀ ਪੀੜਤ ਲਖਵਿੰਦਰ ਕੌਰ ਅਤੇ ਦਿੱਲੀ ਕਮੇਟੀ ਦੇ ਵਕੀਲਾਂ ਨੇ 3-4 ਦਿਨ ਪਹਿਲਾਂ , ਇਸ ਮਾਮਲੇ ‘ਚ ਲਾਪ੍ਰਵਾਹੀ ਵਰਤਣ ਸਬੰਧੀ ਸੀ.ਬੀ.ਆਈ. ਖਿਲਾਫ ਪਟੀਸ਼ਨ ਦਾਖਲ ਕਰ ਦਿੱਤੀ ਸੀ । ਇਸ ਪਟੀਸ਼ਨ ‘ਤੇ ਸੀ.ਬੀ.ਆਈ. ਨੇ ਅੱਜ ਅਦਾਲਤ ਵਿਚ ਜਵਾਬ ਦਾਖਲ ਕਰਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਦੀ ਮੁੜ ਤੋਂ ਜਾਂਚ ਕਰਨ ਲਈ ਤਿਆਰ ਹੈ ।
ਇਸ ਤੋਂ ਪਹਿਲਾਂ ਰਾਖਵਾਂ ਫੈਸਲਾ ਸੁਣਾਏ ਜਾਣ ਬਾਰੇ ਕਾਰਵਾਈ ਜੱਜ ਦੇ ਛੁੱਟੀ ‘ਤੇ ਹੋਣ ਕਾਰਨ ਟਲ ਗਈ ਸੀ ਅਤੇ ਦੁਬਾਰਾ 4 ਦਸੰਬਰ ਨੂੰ ਸੁਣਵਾਈ ਤੈਅ ਕੀਤੀ ਗਈ ।
ਇਹ ਮਾਮਲਾ ਦਿੱਲੀ ਦੇ ਪੁਲ ਬੰਗਸ਼ ਇਲਾਕੇ ਦਾ ਹੈ ਜਿਥੇ 1 ਨਵੰਬਰ 1984 ਨੂੰ ਇਥੋਂ ਦੇ ਗੁਰਦੁਆਰੇ ਵਿਚ ਬਾਦਲ ਸਿੰਘ, ਠਾਕੁਰ ਸਿੰਘ ਅਤੇ ਗੁਰਚਰਨ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਮਾਮਲੇ ‘ਚ ਟਾਈਟਲਰ ਨੂੰ ਦੋਸ਼ੀ ਮੰਨਿਆ ਜਾਂਦਾ ਹੈ ।
ਪੰਥਕ ਸੇਵਾ ਦਲ ਵੱਲੋਂ ਪ੍ਰਦਰਸ਼ਨ :
ਟਾਈਟਲਰ ਮਾਮਲੇ ਦੀ ਸੁਣਵਾਈ ਦੇ ਮੱਦੇਨਜ਼ਰ ਦਿੱਲੀ ਦੀ ਧਾਰਮਿਕ ਸੰਸਥਾ ‘ਪੰਥਕ ਸੇਵਾ ਦਲ’ ਵੱਲੋਂ ਅਦਾਲਤ ਕੰਪਲੈਕਸ ਦੇ ਸਾਹਮਣੇ ਅੱਜ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਨਵੰਬਰ ’84 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾਵਾਂ ਦਿੱਤੀਆਂ ਜਾਣ ।