ਸਮਾਲਸਰ: ਪਿੰਡ ਸਮਾਲਸਰ ਅੱਜ ਉਦੋਂ ਚਰਚਾ ਦਾ ਵਿਸ਼ਾ ਬਣ ਗਿਆ ਜਦੋਂ ਇੱਕ ਅਣਪਛਾਤੇ ਵਿਅਕਤੀ ਵੱਲੋਂ ਪਿੰਡ ਵਿੱਚ ਸਥਿੱਤ ਡੇਰਾ ਬਾਬਾ ਕੌਲਦਾਸ ਵਿੱਚ ਇੱਕ ਚਿੱਠੀ ਰੱਖ ਕੇ ਪਿੰਡ ਮੱਲਕੇ ਵਿਖੇ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਿੰਮੇਵਾਰੀ ਚੁੱਕੀ ਗਈ।ਪਰ ਚਿੱਠੀ ਰੱਖਣ ਵਾਲਾ ਇਹ ਵਿਅਕਤੀ ਡੇਰੇ ਵਿੱਚ ਲੱਗੇ ਹੋਏ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਿਆ।ਪੱਤਰ ਵਿੱਚ ਉਸ ਵਿਅਕਤੀ ਵੱਲੋਂ ਲਿਖਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਉਸ ਨਾਲ ਸਨਬੀਮ ਨਾਮੀ ਇੱਕ ਪ੍ਰਾਈਵੇਟ ਸਕੂਲ ਦਾ ਪ੍ਰਿੰਸੀਪਲ ਵੀ ਸ਼ਾਮਿਲ ਹੈ।

ਇਸ ਚਿੱਠੀ ਬਾਰੇ ਕੱਲ੍ਹ ਸਭ ਤੋਂ ਪਹਿਲਾਂ ਡੇਰੇ ਦੇ ਗ੍ਰੰਥੀ ਜਸਪਾਲ ਸਿੰਘ ਜੱਸੇ ਨੂੰ ਪਤਾ ਲੱਗਾ ਜਦੋਂ ਉਸ ਨੂੰ ਗੋਲਕ ਕੋਲੋਂ ਇੱਕ ਪੱਤਰ ਮਿਲਿਆ।ਪੱਤਰ ਵਿੱਚ ਲਿਖਿਆ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਸ (ਅਣਪਛਾਤੇ ਵਿਅਕਤੀ) ਨੇ ਕੀਤੀ ਹੈ ਤੇ ਇਸ ਮਾਮਲੇ ਵਿੱਚ ਉਸ ਨਾਲ ਸਨਬੀਮ ਸਕੂਲ ਦਾ ਪ੍ਰਿੰਸੀਪਲ ਵੀ ਸ਼ਾਮਿਲ ਹੈ।ਉਸ ਨੇ ਲਿਖਿਆ ਕਿ ਉਹ ਆਪਣਾ ਨਾਮ ਬਾਅਦ ਵਿੱਚ ਦੱਸੇਗਾ ਪਹਿਲਾਂ ਪਿੰ੍ਰਸੀਪਲ ਨੂੰ ਗ੍ਰਿਫਤਾਰ ਕੀਤਾ ਜਾਵੇ।ਉਸ ਨੇ ਲਿਖਿਆ ਹੈ ਕਿ ਉਹ ਵਾਅਦਾ ਕਰਦਾ ਹੈ ਕਿ ਉਹ ਅੱਜ ਸ਼ਾਮ ਨੂੰ ਚਾਰ ਵਜੇ ਡੇਰੇ ਵਾਲੇ ਬਾਗ ਵਿੱਚ ਆਵੇਗਾ।ਉਸ ਨੇ ਇਹ ਵੀ ਲਿਖਿਆ ਕਿ ਜੇ ਉਸ ਦੀ ਗੱਲ ਨਾ ਮੰਨੀ ਗਈ ਤਾਂ ਜੋ ਕੁਝ ਮੱਲਕੇ ਵਿੱਚ ਹੋਇਆ, ਉਹ ਸਮਾਲਸਰ ਵਿੱਚ ਵੀ ਹੋ ਸਕਦਾ ਹੈ।
ਜਸਪਾਲ ਸਿੰਘ ਨੇ ਇਸ ਚਿੱਠੀ ਦੀ ਜਾਣਕਾਰੀ ਮੌਕੇ ‘ਤੇ ਮੌਜੂਦ ਲੋਕਾਂ ਨੂੰ ਦਿੱਤੀ, ਤੇ ਉਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।ਮੌਕੇ ਤੇ ਪਹੁੰਚ ਕੇ ਐਸ.ਐਸ.ਪੀ ਮੁਖਵਿੰਦਰ ਸਿੰਘ, ਐਚ.ਪੀ.ਡੀ ਹਰਜੀਤ ਸਿੰਘ ਪੰਨੂੰ, ਡੀ.ਐਸ.ਪੀ ਬਾਘਾਪੁਰਾਣਾ ਜਸਪਾਲ ਸਿੰਘ, ਥਾਣਾ ਮੁਖੀ ਬਾਘਾਪੁਰਾਣਾ ਪ੍ਰਤਾਪ ਸਿੰਘ ਵੱਲੋਂ ਸੀ.ਸੀ.ਟੀ.ਵੀ ਕੈਮਰੇ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਗਿਆ।ਪੁਲਿਸ ਨੇ ਪਿੰਡ ਵਾਸੀਆਂ ਨੂੰ ਡੇਰੇ ਵਿੱਚ ਬੁਲਾ ਕੇ ਕੈਮਰੇ ਵਿੱਚ ਕੈਦ ਹੋਈ ਤਸਵੀਰ ਦੇ ਆਧਾਰ ‘ਤੇ ਵਿਅਕਤੀ ਦੀ ਪਛਾਣ ਕਰਨੀ ਸ਼ੁਰੂ ਕੀਤੀ, ਪਰ ਕੋਈ ਵੀ ਪਿੰਡ ਵਾਸੀ ਉਸ ਨੂੰ ਪਛਾਣ ਨਹੀਂ ਸਕਿਆ।
ਪੁਲਿਸ ਵੱਲੋਂ ਸਨਬੀਮ ਸਕੂਲ ਦੇ ਪ੍ਰਿੰਸੀਪਲ ਪੂਰਨ ਸਿੰਘ ਨੂੰ ਮੌਕੇ ‘ਤੇ ਹਾਜਿਰ ਰੱਖ ਕੇ ਪੜਤਾਲ ਕੀਤੀ ਗਈ।ਐਸ.ਐਸ.ਪੀ ਮੋਗਾ ਨੇ ਕਿਹਾ ਕਿ ਇਹ ਕੋਈ ਰੰਜਿਸ਼ ਵਾਲੀ ਗੱਲ ਲੱਗਦੀ ਹੈ ਪਰ ਫਿਰ ਵੀ ਵੀਡੀਓ ਦੀ ਪੂਰੀ ਜਾਂਚ ਕਰਕੇ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇਗਾ।