Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਸਰਬੱਤ ਖਾਲਸਾ ਦੇ ਨਾਂਅ ‘ਤੇ ਅੱਜ ਹੋਵੇਗਾ ਪੰਥਕ ਇਕੱਠ

ਸਰਬੱਤ ਖਾਲਸਾ ਦੇ ਨਾਂਅ ‘ਤੇ ਅੱਜ ਹੋਵੇਗਾ ਪੰਥਕ ਇਕੱਠ

ਅੰਮ੍ਰਿਤਸਰ (9 ਨਵੰਬਰ, 2015):

ਅੱਜ ਦੇ ਇਸ ਹੋਣ ਵਾਲੇ ਮਹਾਂ ਸਿੱਖ ਸੰਮੇਲਨ ‘ਚ ਪੁੱਜਣ ਵਾਲੀਆਂ ਸੰਗਤਾਂ, ਪ੍ਰਵਾਨ ਹੋਣ ਵਾਲੇ ਮਤਿਆਂ ਅਤੇ ਉਨ੍ਹਾਂ ਦੇ ਰਸਮੀ ਅਮਲ ਦੀਆਂ ਸੰਭਾਵਨਾਵਾਂ ‘ਤੇ ਸਮੁੱਚੇ ਵਿਸ਼ਵ ਦੇ ਸਿੱਖਾਂ ਦੀਆਂ ਨਜ਼ਰਾਂ ਜੁੜੀਆਂ ਹੋਈਆਂ ਹਨ।

ਇਸ ਪੰਥਕ ਇਕੱਠ ਲਈ ਮੇਜ਼ਬਾਨ ਧਿਰਾਂ ਦਰਮਿਆਨ ਡੇਰਾ ਮੁੱਖੀ ਨੂੰ ਮੁਆਫ਼ੀ ਦੇ ਫ਼ੈਸਲੇ ‘ਚ ਸ਼ਾਮਿਲ ਸਿੰਘ ਸਾਹਿਬਾਨ ਦੀ ਬਰਖਾਸਤਗੀ ਤੋਂ ਇਲਾਵਾ ਕਿਸੇ ਹੋਰ ਸਾਂਝੇ ਮੁੱਦੇ ‘ਤੇ ਫਿਲਹਾਲ ਸਹਿਮਤੀ ਸਪੱਸ਼ਟ ਨਹੀਂ ਹੋ ਰਹੀ ਪਰ ਸੂਬੇ ‘ਚ ਹੁਕਮਰਾਨ ਬਾਦਲ ਦਲ ਦੀ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਵਧੀ ਮੁਖ਼ਾਲਫ਼ਤ ਦਾ ਅਸਰ ਇਸ ਮੌਕੇ ਹੋਣ ਵਾਲੇ ਇੱਕਠ ‘ਤੇ ਨਜ਼ਰ ਆਉਣ ਦੀ ਸੰਭਾਵਨਾ ਹੈ।

ਸਰਬੱਤ ਖਾਲਸਾ ਦੇ ਸਮਾਗਮ ਲਈ ਤਿਆਰ ਕੀਤਾ ਗਿਆ ਮੰਚ
ਸਰਬੱਤ ਖਾਲਸਾ ਦੇ ਸਮਾਗਮ ਲਈ ਤਿਆਰ ਕੀਤਾ ਗਿਆ ਮੰਚ

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਯੂਨਾਈਟਿਡ ਅਕਾਲੀ ਦਲ ਵੱਲੋਂ ਹੋਰਨਾਂ ਹਮਾਇਤੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਰਬੱਤ ਖ਼ਾਲਸਾ ਵਾਲੇ ਸਥਾਨ ‘ਤੇ 12 ਕਿੱਲੇ ਜ਼ਮੀਨ ਲਈ ਗਈ ਹੈ, ਜਿਸ ‘ਚੋਂ ਕਰੀਬ 6 ਕਿੱਲਿਆਂ ‘ਚ ਮੰਚ ਅਤੇ ਪੰਡਾਲ ਲਾਇਆ ਗਿਆ ਹੈ। ਮੰਚ ‘ਤੇ 100 ਗੁਣਾ 50 ਦਾ ਸਥਾਨ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਇਲਾਵਾ ਡੇਢ ਸੌ ਦੇ ਕਰੀਬ ਆਗੂਆਂ ਦੇ ਬੈਠਣ ਲਈ ਜਗ੍ਹਾ ਬਣਾਈ ਗਈ ਹੈ।

ਸਮਾਗਮ ਦੇ ਪ੍ਰਬੰਧਕਾਂ ਸ: ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ, ਨੂੰ ਬਰਗਾੜੀ ਵਿਖੇ ਪਿਛਲੇ ਦਿਨੀ ਸ਼ਹੀਦ ਹੋਏ ਨੌਜਵਾਨਾਂ ਦੇ ਭੋਗ ਮੌਕੇ ਜੁੜੇ ਇਕੱਠ ਦੇ ਮੋਹਰੀਆਂ ਦੀ ਸ਼ਮੂਲੀਅਤ ਸਬੰਧੀ ਆਸ ਸੀ ਜੋ ਭਾਈ ਪੰਥਪ੍ਰੀਤ ਸਿੰਘ, ਬਾਬਾ ਰਣਜੀਤ ਸਿੰਘ, ਬਾਬਾ ਦਲੇਰ ਸਿੰਘ ਦੀ ਹੁਣ ਤੱਕ ਬਰਕਰਾਰ ਖ਼ਾਮੋਸ਼ੀ ਅਤੇ ਨਾ-ਦਿਲਚਸਪੀ ਕਾਰਨ ਮੱਧਮ ਹੋ ਗਈ ਹੈ। ਫਿਰ ਵੀ ਇਸ ਮੌਕੇ ਆਪ ਮੁਹਾਰੇ ਆਉਣ ਵਾਲੇ ਸਿੱਖਾਂ ਵਿਸ਼ੇਸ਼ਕਰ ਨੌਜਵਾਨਾਂ ਦਾ ਭਰਵਾਂ ਇਕੱਠ ਜੁੜ ਜਾਣ ਦੀ ਸੰਭਾਵਨਾ ਹੈ।

ਬੇਸ਼ੱਕ ਸਰਬੱਤ ਖ਼ਾਲਸਾ ਦਾ ਸਥਾਨ ਆਮ ਪਹੁੰਚ ਤੋਂ ਹੱਟਵਾਂ ਹੈ ਪਰ ਅੱਜ ਸ਼ਾਮ ਤੱਕ ਬਹੁਤ ਸਾਰੀ ਸੰਗਤ ਦੇ ਪਹੁੰਚ ਜਾਣ ਨਾਲ ਕੱਲ੍ਹ ਦੀ ਭਰਵੀਂ ਗਿਣਤੀ ਦਾ ਅੰਦਾਜ਼ਾ ਲੱਗ ਰਿਹਾ ਹੈ। ਬਾਦਲ ਦਲ, ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਥੇ ਇਸ ਪੰਥਕ ਇਕੱਠ ਰੂਪੀ ਸਰਬੱਤ ਖ਼ਾਲਸਾ ਨੂੰ ਗੈਰਸਿਧਾਂਤਕ ਦੱਸਿਆ ਗਿਆ ਹੈ ਉਥੇ ਦਮਦਮੀ ਟਕਸਾਲ , ਸੰਤ ਸਮਾਜ, ਪੰਥਕ ਤਾਲਮੇਲ ਸੰਗਠਨ, ਸਿੱਖ ਬੁੱਧੀਜੀਵੀਆਂ ਸਮੇਤ ਕਈ ਸਿੱਖ ਧਿਰਾਂ ਇਕੱਠ ਦੇ ਉਦੇਸ਼ਾਂ ਨਾਲ ਸਹਿਮਤ ਹਨ ਪਰ ਸਰਬੱਤ ਖ਼ਾਲਸਾ ਨਾਂਅ ਨੂੰ ਆਪਣੀ ਸਹਿਮਤੀ ਨਹੀਂ ਦੇ ਰਹੀਆਂ।

ਪੰਥਕ ਜੱਥੇਬੰਦੀਆਂ ਅਕਾਲੀ ਦਲ ਪੰਚ ਪ੍ਰਧਾਨੀ ਅਤੇ ਦਲ ਖਾਲਸਾ ਦੇ ਆਗੂਆਂ ਨੇ ਸੰਗਤੀ ਤੌਰ ‘ਤੇ ਇਸ ਸਮਾਗਮ ਵਿੱਚ ਪਹੁੰਚਣ ਦਾ ਐਲਾਨ ਕੀਤਾ ਹੈ, ਉਹ ਇਸ ਸਮਾਗਮ ਵਿੱਚ ਲਏ ਜਾ ਰਹੇ ਫੈਸਲਿਆਂ ਸਬੰਧੀ ਕੋਈ ਭੂਮਿਕਾ ਨਹੀਂ ਨਿਭਾਉਣਗੇ।
ਮੇਜ਼ਬਾਨ ਧਿਰਾਂ ‘ਚੋਂ ਵੀ ਮੁੱਢਲੇ ਸਮੇਂ ਨਾਲ ਖੜਨ ਵਾਲੀਆਂ ਕੁਝ ਜਥੇਬੰਦੀਆਂ ਬਾਅਦ ‘ਚ ਸਾਥ ਛੱਡ ਚੁੱਕੀਆਂ ਹਨ ਅਤੇ ਅੰਦਰ ਖਾਤੇ ਸ਼੍ਰੋਮਣੀ ਅਕਾਲੀ ਦਲ ਮਾਨ ਤੇ ਯੂਨਾਈਟਿਡ ਅਕਾਲੀ ਦਲ ‘ਤੇ ਇਸ ਇਕੱਠ ‘ਚੋਂ ਆਪਣਾ ਸਿਆਸੀ ਭਵਿੱਖ ਲੱਭਣ ਦੀਆਂ ਤੋਹਮਤਾਂ ਲਗਾਈਆਂ ਜਾ ਰਹੀਆਂ ਹਨ।

ਸ: ਸਿਮਰਨਜੀਤ ਸਿੰਘ ਮਾਨ ਨਾਲ ਗੱਲ ਕਰਨ ‘ਤੇ ਉਨ੍ਹਾਂ ਦੱਸਿਆ ਕਿ ਲੱਖਾਂ ਦੀ ਗਿਣਤੀ ‘ਚ ਪੰਜਾਬ ਭਰ ਤੋਂ ਸੰਗਤ ਸਰਬੱਤ ਖ਼ਾਲਸਾ ‘ਚ ਸ਼ਮੂਲੀਅਤ ਲਈ ਤਿਆਰੀ ਕਰ ਚੁੱਕੀ ਹੈ ਪਰ ਸੂਬਾ ਸਰਕਾਰ ਵੱਲੋਂ ਥਾਂ-ਥਾਂ ਰੋਕਾਂ ਲਗਾ ਕੇ ਸੰਗਤ ਨੂੰ ਭਟਕਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸਰਕਾਰ ‘ਤੇ ਟਰਾਂਸਪੋਰਟ ਕੰਪਨੀਆਂ ਨੂੰ ਦਾਬੇ ਮਾਰਨ ਦੇ ਵੀ ਦੋਸ਼ ਲਗਾਏ। ਏਜੰਡੇ ਸਬੰਧੀ ਕਿਸੇ ਸਹਿਮਤੀ ਬਾਰੇ ਉਨ੍ਹਾਂ ਕਿਹਾ ਕਿ ਸਭ ਕੁਝ ਸਾਂਝੀ ਰਾਏ ਨਾਲ ਹੀ ਹੋਵੇਗਾ ਅਤੇ ਕੱਲ੍ਹ ਸਾਹਮਣੇ ਆ ਜਾਵੇਗਾ।

ਇਸ ਦੌਰਾਨ ਸਰਬੱਤ ਖ਼ਾਲਸਾ ਸਬੰਧੀ ਸਰਕਾਰ ਤੇ ਪੰਥਕ ਧਿਰਾਂ ਦਰਮਿਆਨ ਵਿਵਾਦਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜਿਨ੍ਹਾਂ ਦੀ ਨਿਗਰਾਨੀ ਸੂਬਾ ਪੁਲਿਸ ਮੁੱਖੀ ਵੱਲੋਂ ਖੁਦ ਆਪ ਵਿਸ਼ੇਸ਼ ਕੰਟਰੋਲ ਰੂਮ ਬਣਾ ਕੇ ਕੀਤੀ ਜਾ ਰਹੀ ਹੈ। ਸ਼ਹਿਰ ਦੇ ਚੱਪੇ-ਚੱਪੇ ‘ਤੇ ਪੁਲਿਸ ਤਾਇਨਾਤ ਹੈ ਅਤੇ ਸਰਬੱਤ ਖ਼ਾਲਸਾ ਨੂੰ ਜਾਣ ਵਾਲੇ ਰਾਹ ‘ਤੇ ਥਾਂ-ਥਾਂ ਬੈਰੀਕੇਡ ਲਗਾਏ ਗਏ ਹਨ।

ਸ਼ਹਿਰ ਦੇ ਅੰਦਰ ਆਉਂਦੀਆਂ ਗੱਡੀਆਂ ਦੀ ਇੰਡੋ ਤਿਬਤੀਅਨ ਬਾਰਡਰ ਪੁਲਿਸ , ਪੰਜਾਬ ਪੁਲਿਸ, ਬੀ. ਐਸ. ਐਫ਼. ਦੇ ਦਸਤਿਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਆਉਣ ਵਾਲਿਆਂ ਨੂੰ ਆਮਦ ਦਾ ਮੰਤਵ ਵੀ ਪੁੱਛਿਆ ਜਾ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਪ੍ਰਮੁੱਖ ਰਸਤਿਆਂ ‘ਤੇ ਕਲੋਜ਼ ਸਰਕਟ ਕੈਮਰੇ ਲਗਾਏ ਗਏ ਹਨ ਜਦਕਿ ਨਿਹੰਗ ਸਿੰਘਾਂ ਤੋਂ ਬਿਨਾਂ ਹੋਰਨਾਂ ਨੂੰ ਦਸਤੀ ਹੱਥਿਆਰ ਲਿਜਾਣ ਤੋਂ ਰੋਕਿਆ ਜਾ ਰਿਹਾ ਹੈ।

ਪੁਲਿਸ ਸੂਤਰਾਂ ਅਨੁਸਾਰ ਸਰਕਾਰ ਵੱਲੋਂ ਸ਼ਰਧਾਲੂਆਂ ਅਤੇ ਸਰਬੱਤ ਖ਼ਾਲਸਾ ‘ਚ ਆਉਣ ਵਾਲੀ ਸੰਗਤ ਨੂੰ ਸਿੱਧਾ ਰੋਕਣ ਦੀਆਂ ਕੋਈ ਹਦਾਇਤਾਂ ਨਹੀਂ ਪਰ ਇਹਤਿਆਤ ਵਜੋਂ ਪੰਥਕ ਇਕੱਠ ਮੌਕੇ ਕਿਸੇ ਗੁਰਮਤੇ ਮਗਰੋਂ ਇਕੱਠ ਦੇ ਸ੍ਰੀ ਹਰਿਮੰਦਰ ਸਾਹਿਬ ਵੱਲ ਕੂਚ ਕਰਨ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਰੋਕ ਪ੍ਰਬੰਧ ਕੀਤੇ ਗਏ ਹਨ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ
ਚਾਰ ਆਜ਼ਾਦੀ ਪੱਖੀ ਸਿੱਖ ਜਥੇਬੰਦੀਆਂ– ਭਾਈ ਜਗਤਾਰ ਸਿੰਘ ਹਵਾਰਾ ਕਮੇਟੀ, ਦਲ ਖਾਲਸਾ, ਪੰਚ ਪ੍ਰਧਾਨੀ ਜਥਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ
ਪੰਜਾਬ ਵਿੱਚ 1 ਜੂਨ ਨੂੰ ਇੰਡੀਅਨ ਪਾਰਲੀਮੈਂਟ (ਲੋਕ ਸਭਾ) ਦੇ ਮੈਂਬਰਾਂ ਦੀ ਚੋਣ ਵਾਸਤੇ ਵੋਟਾਂ ਪੈਣ ਜਾ ਰਹੀਆਂ ਹਨ। ਇਸ ਦੌਰਾਨ ਸਿੱਖਾਂ ਅਤੇ ਪੰਜਾਬ ਦੀ ‘ਸਿੱਖ ਵੋਟ ਰਾਜਨੀਤੀ’ ਵਿੱਚ ਰੁਚੀ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: