
ਜੈਪੁਰ ( 1 ਜਨਵਰੀ, 2016): ਅਖੌਤੀ ਦਲਿਤ ਜਾਤੀ ਨਾਲ ਸਬੰਧਿਤ ਹੋਣ ਕਰਕੇ ਰਾਜਸਥਾਨ ਦੇ ਇੱਕ ਆਈਏਐੱਸ ਅਫਸਰ ਨੇ ਰਾਜਸਥਾਨ ਦੀ ਸਰਕਾਰ ‘ਤੇ ਜਾਤੀਵਾਦ ਦਾ ਇਲਜ਼ਾਮ ਲਾਉਦਿਆਂ ਹਿੰਦੂ ਧਰਮ ਨੂੰ ਅਲਵਿਦਾ ਆਖ ਇਸਲਾਮ ਧਰਮ ਅਪਣਾ ਲਿਆ ਹੈ।
ਰਾਜਸਥਾਨ ਦੇ ਇੱਕ ਸੀਨੀਅਰ ਆਈਏਐਸ ਅਧਿਕਾਰੀ ਉਮਰਾਵ ਸਾਲੋਦੀਆ ਨੇ ਕਿਹਾ ਕਿ “ਮੇਰੇ ਨਾਲ ਹਿੰਦੂ ਧਰਮ ‘ਚ ਭੇਦਭਾਵ ਹੋਇਆ ਹੈ। ਮੈਨੂੰ ਚੀਫ਼ ਸੈਕਟਰੀ ਨਹੀਂ ਬਣਾਇਆ ਗਿਆ। ਦਲਿਤ ਹੋਣ ਦੇ ਚੱਲਦੇ ਮੇਰੇ ਨਾਲ ਅੱਤਿਆਚਾਰ ਕੀਤੇ ਗਏ, ਇਸਲਾਮ ‘ਚ ਅਜਿਹਾ ਨਹੀਂ ਹੁੰਦਾ।
ਸਾਲੋਦੀਆ ਨੇ ਆਪਣਾ ਨਾਮ ਉਮਰਾਵ ਖ਼ਾਨ ਰੱਖ ਲਿਆ ਹੈ। ਉਨ੍ਹਾਂ ਆਪਣੀ ਡਿਊਟੀ ਤੋਂ 6 ਮਹੀਨੇ ਪਹਿਲਾਂ ਹੀ ਰਿਟਾਇਰਮੈਂਟ ਵੀ ਲੈ ਲਈ ਹੈ। ਉਹ ਚੀਫ਼ ਸੈਕਟਰੀ ਵਜੋਂ ਤਰੱਕੀ ਨਾ ਦਿੱਤੇ ਜਾਣ ਕਾਰਨ ਸਰਕਾਰ ਤੋਂ ਨਾਰਾਜ਼ ਸਨ। ਉਮਰਾਵ ਨੇ ਵਸੁੰਧਰਾ ਰਾਜੇ ਨੂੰ ਚਿੱਠੀ ਲਿਖ ਕੇ ਆਪਣਾ ਰੋਸ ਵੀ ਜਤਾਇਆ ਹੈ।”
ਮੁੱਖ ਮੰਤਰੀ ਨੂੰ ਲਿਖੇ ਇਸ ਪੱਤਰ ‘ਚ ਸਾਲੋਦੀਆ ਨੇ ਲਿਖਿਆ, “ਭਾਰਤ ਦੇ ਸੰਵਿਧਾਨ ‘ਚ ਆਰਟੀਕਲ 25 (1) ‘ਚ ਨਾਗਰਿਕਾਂ ਨੂੰ ਇਹ ਆਜ਼ਾਦੀ ਦਿੱਤੀ ਗਈ ਹੈ ਕਿ ਉਹ ਕਿਸੇ ਵੀ ਧਰਮ ‘ਚ ਆਪਣੀ ਆਸਥਾ ਜ਼ਾਹਿਰ ਕਰ ਸਕਦੇ ਹਨ। ਮੈਂ ਇਸੇ ਹੱਕ ਦੇ ਤਹਿਤ ਅੱਜ 31 ਦਸੰਬਰ, 2015 ਨੂੰ ਹਿੰਦੂ ਧਰਮ ਛੱਡ ਕੇ ਇਸਲਾਮ ਅਪਣਾ ਰਿਹਾ ਹੈਂ”।