ਲੁਧਿਆਣਾ(19 ਜਨਵਰੀ, 2016): ਕਤਲਾਂ, ਬਲਾਤਕਾਰ, ਅਪਾਣੇ ਚੇਲਿਆਂ ਨੂੰ ਜ਼ਬਰੀ ਨਿਪੁੰਸਕ ਬਣਾਉਣ ਵਰਗੇ ਅਤਿ ਸੰਗੀਨ ਮਾਮਲਿਆਂ ਦਾ ਸੀਬੀਆਈ ਅਦਾਲਤ ਵਿੱਚ ਸਾਹਮਣਾ ਕਰ ਰਹੇ ਡੇਰਾ ਸੌਦਾ ਸਰਸਾ ਦੇ ਚਰਚਿਤ ਸਾਧ ਗੁਰਮੀਤ ਰਾਮ ਰਹੀਮ ਦੇ ਚੇਲਿਆਂ ਅਤੇ ਹਿੰਦੂ ਜੱਥੇਬੰਦੀਆਂ ਦੇ ਕਾਰਕੂਨਾ ਅਹਮੋ-ਸਾਹਮਣੇ ਹੋ ਗਏ।

ਸੌਦਾ ਸਾਧ ਵੱਲੋਂ ਹਿੰਦੂ ਧਰਮ ਦੇ ਸਤਿਕਾਰਤ ਦੇਵਤੇ ਵਿਸ਼ਨੂੰ ਦਾ ਰੂਪ ਧਾਰਨ ਕਰਨ ਦੇ ਵਿਰੋਧ ਵਿੱਚ ਸਥਾਨਿਕ ਹਿੰਦੂ ਜੱਥੇਬੰਦੀਆਂ ਦਾ ਘੰਟਾ ਘਰ ਤੋਂ ਜਗਰਾਉਂ ਪੁਲ ਤੱਕ ਰੋਸ ਮਾਰਚ ਕਰ ਕੇ ਸੌਦਾ ਸਾਧ ਦਾ ਪੁਤਲਾ ਫੂਕਣ ਦਾ ਪ੍ਰੋਗਰਾਮ ਸੀ। ਜਦੋੌ ਹਿੰਦੂ ਜੱਥੇਬੰਦੀਆਂ ਪੁਤਲਾ ਫੂਕਣ ਜਾ ਰਹੀਆਂ ਸਨ ਤਾਂ ਇਸਦੀ ਭਿਨਕ ਜੇਐਮਡੀ ਮਾਲ ’ਚ ਫ਼ਿਲਮ ਦੇਖ ਰਹੇ ਪ੍ਰੇਮੀਆਂ ਨੂੰ ਪਈ ਤਾਂ ਉਨ੍ਹਾਂ ਨੇ ਨੇ ਹਿੰਦੂ ਜਥੇਬੰਦੀਆਂ ਦੇ ਮੈਂਬਰਾਂ ਨੂੰ ਰੇਲਵੇ ਸਟੇਸ਼ਨ ਦੇ ਬਾਹਰ ਰੋਕ ਲਿਆ।
ਉਨ੍ਹਾਂ ਨੇ ਹਿੰਦੂ ਜਥੇਬੰਦੀਆਂ ਦੇ ਮੈਂਬਰਾਂ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰ ਕੇ ਪੁਤਲਾ ਖੋਹ ਕੇ ਤੋੜ ਦਿੱਤਾ। ਇਸ ਤੋਂ ਬਾਅਦ ਦੋਵਾਂ ਗੁੱਟਾਂ ’ਚ ਹੱਥੋਪਾਈ ਹੋਈ। ਤਕਰਾਰ ਦੀ ਸੂਚਨਾ ਮਿਲਦੇ ਹੀ ਪੁਲੀਸ ਅਧਿਕਾਰੀ ਅਤੇ ਕਈ ਥਾਣਿਆਂ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਮੁਸ਼ਕਲ ਨਾਲ ਦੋਵਾਂ ਧੜਿਆਂ ਨੂੰ ਸ਼ਾਂਤ ਕੀਤਾ। ਇਸ ਦੌਰਾਨ ਹਿੰਦੂ ਸ਼ਕਤੀ ਮੋਰਚਾ ਦੇ ਰੋਹਿਤ ਸਾਹਨੀ ਦੇ ਸੱਟ ਲੱਗ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਇਲਾਜ ਮਗਰੋਂ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਰੋਹਿਤ ਸਾਹਨੀ ਨੇ ਇਸ ਮਾਮਲੇ ’ਚ ਥਾਣਾ ਕੋਤਵਾਲੀ ਪੁਲੀਸ ਕੋਲ ਸ਼ਿਕਾਇਤ ਦਿੱਤੀ ਹੈ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਿੰਦੂ ਸ਼ਕਤੀ ਮੋਰਚਾ ਦੇ ਪ੍ਰਧਾਨ ਰੋਹਿਤ ਸਾਹਨੀ ਨੇ ਕਿਹਾ ਕਿ ਡੇਰਾ ਮੁਖੀ ਨੇ ਕੁਝ ਦਿਨ ਪਹਿਲਾਂ ਭਗਵਾਨ ਵਿਸ਼ਨੂੰ ਦਾ ਰੂਪ ਧਾਰਨ ਕਰ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵੱਲੋਂ ਡੇਰਾ ਮੁਖੀ ਖ਼ਿਲਾਫ਼ ਘੰਟਾ ਘਰ ਤੋਂ ਲੈ ਕੇ ਜਗਰਾਉਂ ਪੁੱਲ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਜਗਰਾਉਂ ਪੁੱਲ ’ਤੇ ਡੇਰਾ ਮੁਖੀ ਦਾ ਪੁਤਲਾ ਫੂਕਣਾ ਸੀ। ਉਹ ਸਟੇਸ਼ਨ ਦੇ ਬਾਹਰ ਹੀ ਡੇਰਾ ਮੁੱਖੀ ਦਾ ਪੁਤਲਾ ਫੂਕਣ ਦੀ ਤਿਆਰੀ ਕਰ ਰਹੇ ਸਨ ਕਿ ਇੱਕ ਕਾਰ ’ਚ ਸਵਾਰ ਚਾਰ ਨੌਜਵਾਨ ਆਏ ਅਤੇ ਉਨ੍ਹਾਂ ਨੇ ਗੱਡੀ ਉਨ੍ਹਾਂ ਉਪਰ ਚਾੜ੍ਹਨ ਦੀ ਕੋਸ਼ਿਸ਼ ਕੀਤੀ।
ਇਸ ਮਗਰੋਂ ਨੌਜਵਾਨ ਗੱਡੀ ’ਚੋਂ ਬਾਹਰ ਨਿਕਲੇ ਅਤੇ ਉਨ੍ਹਾਂ ਨੇ ਡਰਾਈਵਰ ਨੂੰ ਕੁੱਟ ਕੇ ਪੁਤਲਾ ਖੋਹ ਕੇ ਤੋੜ ਦਿੱਤਾ। ਉਨ੍ਹਾਂ ਪਿੱਛੇ ਹੀ ਵੱਡੀ ਗਿਣਤੀ ਡੇਰਾ ਪ੍ਰੇਮੀ ਆਏ ਅਤੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਥਾਣਾ ਕੋਤਵਾਲੀ ਦੇ ਐਸਐਚਓ ਸਬ ਇੰਸਪੈਕਟਰ ਸਤਵੰਤ ਸਿੰਘ ਨੇ ਕਿਹਾ ਕਿ ਹਿੰਦੂ ਸ਼ਕਤੀ ਮੋਰਚਾ ਦੇ ਪ੍ਰਮੁੱਖ ਰੋਹਿਤ ਸਾਹਨੀ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਮਿਲ ਗਈ ਹੈ। ਪੁਲੀਸ ਮਾਮਲੇ ਦੀ ਜਾਂਚ ਕਰਨ ’ਚ ਲੱਗੀ ਹੋਈ ਹੈ।