ਡਰੱਗ ਤਸਕਰੀ ਨਾਲ ਸਬੰਧਤ ਸਵਾਲਾਂ ਦਾ ਜਵਾਬ ਖੁਦ ਦੇਵੇ ਮਜੀਠੀਆ : ਸ਼ੇਰਗਿੱਲ
ਚੰਡੀਗੜ (31 ਮਾਰਚ 2016): ਬਹੁ-ਕਰੋੜੀ ਡਰੱਗ ਰੈਕੇਟ ਮਾਮਲੇ ਨੂੰ ਲੈ ਕੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਤੇ ਹਮਲਾ ਜਾਰੀ ਰੱਖਦੇ ਹੋਏ ਆਮ ਆਦਮੀ ਪਾਰਟੀ (ਆਪ ) ਨੇ ਪੰਜ ਸਵਾਲ ਦਾਗੇ ਹਨ ਅਤੇ ਕਿਹਾ ਹੈ ਕਿ ਪੰਜਾਬ ਦੀ ਜਨਤਾ ਇਨਾਂਸਵਾਲਾਂ ਦੇ ਜਵਾਬ ਖੁਦ ਮਜੀਠੀਆ ਤੋਂ ਚਾਹੁੰਦੀ ਹੈ।

ਵੀਰਵਾਰ ਨੂੰ ਇੱਥੇ ‘ਆਪ’ ਮੀਡੀਆ ਦਫਤਰ ਵਿਖੇ ਪ੍ਰੈਸ ਕਾਨਫਰੈਂਸ ਕਰਦੇ ਹੋਏ ਪਾਰਟੀ ਦੇ ਬੁਲਾਰੇ ਅਤੇ ਲੀਗਲ ਸੈਲ ਦੇ ਪ੍ਰਧਾਨ ਹਿਮੰਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਡਰੱਗ ਰੈਕੇਟ ਮਾਮਲੇ ਵਿੱਚ ਇੰਫੋਰਸਮੈਂਟ ਡਾਇਰੇਕਟੋਰੇਟ (ਈਡੀ) ਦੁਆਰਾ ਜਿਹੜੇ ਵੀ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਗਈ ਹੈ, ਉਨਾਂਦੇ ਬਿਆਨ ਕਹਿੰਦੇ ਹਨ ਕਿ ਮਜੀਠੀਆ ਡਰੱਗ ਰੈਕੇਟ ਦਾ ਸਰਗਨਾ ਹੈ। ਸ਼ੇਰਗਿੱਲ ਨੇ ਕਿਹਾ ਕਿ ਈਡੀ ਦੀ ਇਨਵੇਸਟੀਗੇਸ਼ਨ ਦੇ ਰਿਕਾਰਡ ਵਿੱਚ ਜੋ ਸਚਾਈ ਅਤੇ ਹਵਾਲੇ ਆਏ ਹਨ, ਉਨਾਂ ਤੋਂ ਕਈ ਗੰਭੀਰ ਸਵਾਲ ਪੈਦਾ ਹੁੰਦੇ ਹਨ, ਜਿਨਾਂਦਾ ਜਵਾਬ ਕਿਸੇ ਹੋਰ ਨੂੰ ਨਹੀਂ ਬਲਕਿ ਮਜੀਠੀਆ ਨੂੰ ਹੀ ਦੇਣਾ ਹੋਵੇਗਾ।
ਸ਼ੇਰਗਿੱਲ ਨੇ ਕਿਹਾ ਕਿ ਮਜੀਠੀਆ ਨੂੰ ਸਪੱਸ਼ਟ ਕਰਨਾ ਹੋਵੇਗਾ
1.ਕਿ ਭਗੌੜੇ ਹੋ ਚੁੱਕੇ ਡਰੱਗ ਤਸਕਰ, ਪੰਜਾਬ ਪੁਲਿਸ ਅਤੇ ਈਡੀ ਨੂੰ ਨਸ਼ੇ ਦੇ ਮਾਮਲੇ ਵਿਚ ਲੋੜੀਂਦੇ ਸੱਤਪ੍ਰੀਤ ਸਿੰਘ ਸੱਤਾ ਦੇ ਨਾਲ ਉਨਾਂਦੇ ਕੀ ਸੰਬੰਧ ਹਨ? ਮਜੀਠੀਆ ਦੱਸੇ ਕਿ ਸੱਤਾ ਕਿੰਨਾ ਸਮਾਂ ਮਜੀਠੀਏ ਦੇ ਅਮ੍ਰਿਤਸਰ ਸਥਿਤ ਘਰ ਦਾ ਇਸਤੇਮਾਲ ਕਰਦਾ ਰਿਹਾ ਹੈ?
2.ਕੀ ਸੱਤਾ ਮਜੀਠੀਏ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾ ਦਾ ਇਸਤੇਮਾਲ ਨਹੀਂ ਕਰਦਾ ਰਿਹਾ? ਜਿਨਾਂਵਿੱਚ ਘਰ ਤੋਂ ਇਲਾਵਾ ਸਰਕਾਰੀ ਗੱਡੀਆਂ ਅਤੇ ਗਨਮੈਨ ਵੀ ਸ਼ਾਮਲ ਸਨ।
3. ਕੀ ਬਿਕਰਮ ਸਿੰਘ ਮਜੀਠੀਆ ਇਸ ਗੱਲ ਤੋਂ ਮਨਾ ਕਰ ਸਕਦੇ ਹਨ ਕਿ 2012 ਦੇ ਵਿਧਾਨ ਸਭਾ ਚੋਣ ਦੇ ਦੌਰਾਨ ਸੱਤਾ ਅਤੇ ਪਰਮਿੰਦਰ ਸਿੰਘ ਪਿੰਦੀ ਮਜੀਠੀਆ ਦੇ ਸਮੱਰਥਨ ਵਿੱਚ ਸਰਗਰਮ ਨਹੀਂ ਸਨ ਅਤੇ ਉਨਾਂ ਨੇ ਮਜੀਠਆ ਲਈ ਚੋਣ ਵਿੱਚ ਪੈਸਾ ਨਹੀਂ ਖਰਚ ਕੀਤਾ?
4. ਕੀ ਮਜੀਠੀਆ ਦੱਸ ਸਕਦੇ ਹਨ ਕਿ ਜਦੋਂ ਪਿੰਦੀ ਨੂੰ ਪੰਜਾਬ ਪੁਲਿਸ ਫੜਨ ਲੱਗੀ ਸੀ ਤਾਂ ਉਸਨੂੰ ਪੁਲਿਸ ਦੀ ਪਕੜ ਤੋਂ ਬਚਾਉਣ ਵਿਚ ਮਦਦ ਕਿਸ ਨੇ ਕੀਤੀ ਸੀ?
ਕੀ ਮਜੀਠਿਆ ਦੱਸ ਸਕਦੇ ਹਨ, ਕਿ ਡਰੱਗ ਤਸਕਰੀ ਦੇ ਦੋਸ਼ੀ ਬਿੱਟੂ ਔਲਖ ਅਤੇ ਫਾਰਮਾਸ਼ਿਊਟਿਕਲ ਫੈਕਟਰੀ ਚਲਾਉਣ ਵਾਲੇ ਜਗਜੀਤ ਸਿੰਘ ਚਹਿਲ ਦੇ ਨਾਲ ਮਜੀਠੀਏ ਦਾ ਰਿਸ਼ਤਾ ਕੀ ਹੈ ?
5. ਕੀ ਬਿਕਰਮ ਸਿੰਘ ਮਜੀਠੀਆ ਪੰਜਾਬ ਦੀ ਜਨਤਾ ਨੂੰ ਦੱਸ ਸਕਦੇ ਹਨ ਕਿ ਜੇਕਰ ਈਡੀ ਦੀ ਪੁੱਛਗਿਛ ਦੇ ਦੌਰਾਨ ਮਜੀਠੀਆ ਦੀ ਥਾਂ ਕਿਸੇ ਆਮ ਵਿਅਕਤੀ ਦਾ ਨਾਂ ਲਿਆ ਜਾਂਦਾ ਤਾਂ ਈਡੀ ਅਤੇ ਪੰਜਾਬ ਪੁਲਿਸ ਉਸਦੇ ਨਾਲ ਵੀ ਮਜੀਠੀਏ ਵਰਗਾ ਸਲੂਕ ਕਰਦੀ? ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਚੰਗੀ ਤਰਾਂਸਮੱਝ ਰਹੀ ਹੈ ਕਿ ਪੰਜਾਬ ਅਤੇ ਕੇਂਦਰ ਵਿੱਚ ਸੱਤਾ ਵਿੱਚ ਹੋਣ ਦੇ ਕਾਰਨ ਈਡੀ ਦੀ ਕਾਰਵਾਈ ਵੀ ਰਾਜਨੀਤਕ ਦਬਾਅ ਅਧੀਨ ਹੋ ਰਹੀ ਹੈ। ਜਿਸ ਕਾਰਨ ਇਹ ਜਾਂਚ ਕਿਸੇ ਅੰਜਾਮ ਤੱਕ ਨਹੀਂ ਪਹੁੰਚ ਪਾ ਰਹੀ, ਪਰੰਤੂ ਜੇਕਰ ਮਜੀਠੀਏ ਦੀ ਥਾਂ ਕਿਸੇ ਹੋਰ ਆਮ ਵਿਅਕਤੀ ਦਾ ਇੰਨੀ ਗੰਭੀਰਤਾ ਨਾਲ ਜਾਂਚ ਵਿੱਚ ਨਾਂ ਆ ਜਾਂਦਾ ਤਾਂ ਉਸ ਵਿਅਕਤੀ ਦਾ ਕੀ ਹਾਲ ਕਰ ਦਿੱਤਾ ਜਾਂਦਾ?
ਇਹ ਗੱਲ ਪੰਜਾਬ ਦੀ ਜਨਤਾ ਬਹੁਤ ਹੀ ਚੰਗੀ ਤਰਾਂਸਮਝਦੀ ਹੈ। ਇਸ ਲਈ ਮਜੀਠੀਆ ਨੂੰ ਇਨਾਂ ਸਵਾਲਾਂ ਦਾ ਜਵਾਬ ਦੇਣਾ ਹੀ ਹੋਵੇਗਾ, ਨਹੀਂ ਤਾਂ 2017 ਵਿੱਚ ਸੱਤਾ ਸੰਭਾਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਮਜੀਠੀਏ ਤੋਂ ਇਨਾਂਸਵਾਲਾਂ ਦਾ ਜਵਾਬ ਲੈ ਕੇ ਪੰਜਾਬ ਦੀ ਜਨਤਾ ਨੂੰ ਦੱਸੇਗੀ।
ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:
AAP’s tirade against Majithia on drug smuggling continues, poses five questions to revenue minister