
ਟੋਰਾਂਟੋ (2 ਅਪ੍ਰੈਲ, 2016): ਕੈਨੇਡਾ ਵਿੱਚ ਇੱਕ ਸਿੱਖ ‘ਤੇ ਨਸਲੀ ਹਮਲਾ ਹੋਣ ਦੀ ਖਬਰਾਂ ਮਿਲੀਆਂ ਹਨ। ਕਿਉਬੈਕ ਵਿਚ ਸਿੱਖ ‘ਤੇ ਨਸਲੀ ਹਮਲੇ ਦੀ ਇਸ ਘਟਨਾ ਦਾ ਵਾਪਰਨਾ ਸਿੱਖਾਂ ਲਈ ਬੇਹੱਦ ਚਿੰਤਾ ਦਾ ਵਿਸ਼ਾ ਹੈ।
ਟਰਾਂਟੋ ਏਰੀਆ ਵਾਸੀ ਸੁਪਨਿੰਦਰ ਸਿੰਘ ਖਹਿਰਾ ‘ਤੇ ਬੀਤੇ ਸਨਿਚਰਵਾਰ ਨੂੰ ਰਾਤ ਸਮੇਂ ਕਿਊਬਕ ਸਿਟੀ ‘ਚ 3 ਨੌਜਵਾਨਾਂ ਵਲੋਂ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਸ. ਖਹਿਰਾ ਦੀ ਦਸਤਾਰ ਵੱਲ ਇਸ਼ਾਰਾ ਕਰਕੇ ਨਫਰਤ ਵਾਲੀਆਂ (ਅੰਗਰਜ਼ੀ ਅਤੇ ਫਰੈਂਚ ‘ਚ) ਟਿੱਪਣੀਆਂ ਕੀਤੀਆਂ ।
ਕਾਰ ਸਵਾਰਾਂ ਨੇ ਸੜਕ ਦੇ ਦੂਜੇ ਪਾਸਿਓੁ ਆ ਕ ਟੈਕਸੀ ਲਈ ਸੜਕ ‘ਤੇ ਖੜੇ ਸ. ਖਹਿਰਾ ‘ਤੇ ਹਮਲਾ ਕੀਤਾ । ਕੈਨੇਡਾ ‘ਚ ਸੀ. ਸੀ. ਟੀ.ਵੀ. ‘ਤੇ ਜਾਰੀ ਹੋਈ ਘਟਨਾ ਦੀ ਵੀਡੀਓ ‘ਚ 3 ਹਮਲਾਵਰ ਸ. ਖਹਿਰਾ ਨੂੰ ਹੂਰੇ ਅਤੇ ਠੁੱਡੇ ਮਾਰ ਕੇ ਜ਼ਮੀਨ ‘ਤੇ ਸੁੱਟਦੇ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਡਿੱਗੇ ਪਏ ਸ. ਖਹਿਰਾ ਨੂੰ ਕੁੱਟਣਾ ਜਾਰੀ ਰੱਖਿਆ । ਘਟਨਾ ਮੌਕੇ ਸ. ਖਹਿਰਾ ਦੀ ਦਸਤਾਰ ਵੀ ਉਤਰ ਗਈ ।
ਮੌਕੇ ‘ਤੇ ਪੁੱਜੀ ਪੁਲਿਸ ਵਲੋਂ ਦੋ 20/22 ਕੁ ਸਾਲ ਦੇ ਹਮਲਾਵਰ ਫੜੇ ਗਏ ਸਨ ਜਿਨਾਂ ‘ਚੋਂ 1 ਛੱਡ ਦਿੱਤਾ ਗਿਆ ਪਰ ਦੋਸ਼ੀਆਂ ਵਿਰੁੱਧ ਅਜੇ ਨਸਲੀ ਹਮਲੇ ਦੇ ਦੋਸ਼ ਨਹੀਂ ਲੱਗੇ ਕਿਉਂਕਿ ਪੁੱਛਗਿੱਛ ਜਾਰੀ ਹੈ ਙ ਸ. ਖਹਿਰਾ ਨੇ ਕਿਹਾ ਕਿ ਇਸ ਘਟਨਾ ਤੋਂ ਉਹ ਘਬਰਾਏ ਨਹੀਂ, ਉਹ ਭਵਿੱਖ ‘ਚ ਵੀ ਕਿਊਬਕ ਜਾਣਗੇ ਅਤੇ ਦਸਤਾਰ ਸਜਾਉਣ ਤੋਂ ਨਹੀਂ ਹਟਣਗੇ ਕਿਉਂਕਿ ਉਨਾਂ ਨੂੰ ਦਸਤਾਰ ਅਤੇ ਕੈਨਡਾ ‘ਤੇ ਮਾਣ ਹੈ ।
ਇਸ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਨਫਰਤ ਅਤੇ ਹਿੰਸਾ ਦੀ ਕੈਨੇਡੀਅਨ ਅਤੇ ਹੋਰ ਭਾਈਚਾਰਿਆਂ ‘ਚ ਕੋਈ ਥਾਂ ਨਹੀਂ ਹੈ । ਸ. ਖਹਿਰਾ ਨੇ ਪ੍ਰਧਾਨ ਮੰਤਰੀ ਦੇ ਬਿਆਨ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ ।