ਖੰਨਾ: ਅੱਜ ਸ਼ਾਮੀਂ ਕਰੀਬ ਸਵਾ ਛੇ ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਸ਼ਿਵ ਸੈਨਾ ਆਗੂ ਦੁਰਗਾ ਪ੍ਰਸ਼ਾਦ ਗੁਪਤਾ (40) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਦੁਰਗਾ ਪ੍ਰਸ਼ਾਦ ਗੁਪਤਾ ਸ਼ਿਵ ਸੈਨਾ ਦੇ ਮਜ਼ਦੂਰ ਵਿੰਗ ਦਾ ਸੂਬਾਈ ਪ੍ਰਧਾਨ ਸੀ ਅਤੇ ਉਸ ਨੂੰ ਕੁਝ ਸਮਾਂ ਪਹਿਲਾਂ ਗੰਨਮੈਨ ਵੀ ਮਿਲਿਆ ਸੀ। ਘਟਨਾ ਵੇਲੇ ਗੰਨਮੈਨ ਮੌਜੂਦ ਨਹੀਂ ਸੀ। ਉਸ ਦਾ ਪਿਛੋਕੜ ਬਿਹਾਰ ਦਾ ਹੈ ਅਤੇ ਉਹ ਤਕਰੀਬਨ 12 ਸਾਲਾਂ ਤੋਂ ਮੰਡੀ ਗੋਬਿੰਦਗੜ੍ਹ ਨੇੜੇ ਅਲੌੜ ਵਿੱਚ ਰਹਿ ਰਿਹਾ ਸੀ। ਉਹ ਅਕਸਰ ਫਿਰਕੂ ਬਿਆਨਬਾਜ਼ੀ ਕਰ ਕੇ ਚਰਚਾ ਵਿੱਚ ਰਹਿੰਦਾ ਸੀ। ਪੁਲੀਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਖੰਨਾ ਭੇਜ ਦਿੱਤਾ ਹੈ।
ਮੌਕੇ ਉਤੇ ਪਹੁੰਚੇ ਖੰਨਾ ਦੇ ਡੀਐਸਪੀ ਰਾਜ ਕੁਮਾਰ ਜਲਹੋਤਰਾ ਅਤੇ ਐਸਐਚਓ ਸਿਟੀ ਅਵਤਾਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਸਥਿਤੀ ਦਾ ਜਾਇਜ਼ਾ ਲਿਆ। ਸ੍ਰੀ ਜਲਹੋਤਰਾ ਨੇ ਦੱਸਿਆ ਕਿ ਪੂਰੇ ਇਲਾਕੇ ਵਿੱਚ ਨਾਕਾਬੰਦੀ ਕਰਵਾ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਖਬਰ ਲਿਖੇ ਜਾਣ ਤੱਕ ਸ਼ਹਿਰ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ ਙ ਘਟਨਾ ਤੋਂ ਬਾਅਦ ਸ਼ਿਵ ਸੈਨਾ ਨੇ ਖੰਨਾ ਜੀ.ਟੀ. ਰੋਡ ‘ਤੇ ਜਾਮ ਲਗਾ ਦਿੱਤਾ।
ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਖੰਨਾ ਪੁੱਜ ਗਏ ਹਨ ਤੇ ਉਨ੍ਹਾਂ ਧਮਕੀ ਦਿੱਤੀ ਕਿ ਕੱਲ੍ਹ ਖੰਨਾ ਬੰਦ ਰੱਖਿਆ ਜਾਵੇਗਾ ਤੇ ਜੇ ਕਿਸੇ ਨੇ ਦੁਕਾਨ ਖੋਲ੍ਹੀ ਤਾਂ ਤੋੜ ਦਿੱਤੀ ਜਾਵੇਗੀ।ਹਿੰਦੂ ਮਹਾਸਭਾ ਦੀ ਕਾਨਫਰੰਸ, ਜੋ ਕਿ ਅੰਮਿ੍ਤਸਰ ਰੱਖੀ ਗਈ ਸੀ, ਹੁਣ ਖੰਨੇ ਬੁਲਾਈ ਗਈ ਹੈ ।ਇਸ ਦੌਰਾਨ ਆਈ.ਜੀ. ਲੋਕਨਾਥ ਆਂਗਰਾ ਨੇ ਮੌਕੇ ‘ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਦਾ ਲਿਆ।