ਅੰਮ੍ਰਿਤਸਰ/ ਫਤਿਹਗੜ੍ਹ ਸਾਹਿਬ: ਯੂਨਾਇਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਦੇ ਤਾਜਾ ਬਿਆਨ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਨੂੰ ਬਹੁਤ ਨਿਰਾਸ਼ਾ ਹੋਈ। ਹਾਲ ਹੀ ਵਿਚ ਦਿੱਤੇ ਇਕ ਵੀਡੀਓ ਇੰਟਰਵਿਊ ਵਿਚ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਉਹ ਖਾਲਿਸਤਾਨ ਦੇ ਮੁੱਦਈ ਨਹੀਂ ਹਨ।।

ਅੱਜ ਜਾਰੀ ਇਕ ਲਿਖਤੀ ਬਿਆਨ ਵਿਚ ਮਾਨ ਦਲ ਦੇ ਆਗੂਆਂ ਰਣਜੀਤ ਸਿੰਘ ਚੀਮਾ ਅਤੇ ਸ਼ਿੰਗਾਰਾ ਸਿੰਘ ਬਦਲਾ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਅਤੇ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਭਾਈ ਮੋਹਕਮ ਸਿੰਘ ਨੇ ਇਹੋ ਜਿਹਾ ਬਿਆਨ ਦਿੱਤਾ ਕਿ ਉਹ ਖ਼ਾਲਿਸਤਾਨ ਦੇ ਹੱਕ ਵਿਚ ਨਹੀਂ ਹਨ ਅਤੇ ਗਾਂਧੀ ਦੀ ਫੋਟੋ ਵਾਲੀ ਭਾਰਤੀ ਕਰੰਸੀ ਵਿਚ ਭਰੋਸਾ ਰੱਖਦੇ ਹਨ ਜਿਹੜੀ ਉਹਨਾਂ ਦੀ ਜੇਬ ਵਿਚ ਹੈ, ਜਦਕਿ ਉਹ ਦਮਦਮੀ ਟਕਸਾਲ ਦੇ ਮੋਹਰੀ ਆਗੂਆਂ ਵਿਚ ਸਨ।
ਮਾਨ ਦਲ ਦੇ ਆਗੂਆਂ ਨੇ ਕਿਹਾ ਕਿ ਬੀਤੇ ਸਮੇਂ ਭਾਈ ਮੋਹਕਮ ਸਿੰਘ ਨੇ ਵਾਰ-ਵਾਰ ਐਲਾਨ ਕੀਤਾ ਸੀ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਕਸ਼ੇ-ਕਦਮਾਂ ਦੇ ਚੱਣਲਗੇ, ਹੁਣ ਆਪਣੇ ਕੌਲ ਤੋਂ ਫਿਰਦਿਆਂ ਉਹ ਖ਼ਾਲਿਸਤਾਨ ਦੇ ਮੁੱਦੇ ‘ਤੇ ਆਪਣੇ ਕਦਮ ਪਿੱਛੇ ਖਿੱਚ ਰਹੇ ਹਨ।
ਇਹ ਬਿਆਨ ਫਤਿਹਗੜ੍ਹ ਸਾਹਿਬ ਸਥਿਤ ਪਾਰਟੀ ਦੇ ਮੁੱਖ-ਦਫਤਰ ਤੋਂ ਪਾਰਟੀ ਦੀ ਮਹੀਨਾਵਾਰ ਮੀਟਿੰਗ ਤੋਂ ਬਾਅਦ ਜਾਰੀ ਕੀਤਾ ਗਿਆ।