ਚੰਡੀਗੜ੍ਹ: ਬਾਦਲ ਪਰਿਵਾਰ ਦੀ ਬੱਸ ਔਰਬਿਟ ਨੇ ਸ਼ਨੀਵਾਰ ਨੂੰ ਇਕ ਟਰੱਕ ਨੂੰ ਓਵਰਟੇਕ ਕਰਦਿਆਂ ਇਕ ਹੋਰ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਇਕ ਔਰਤ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ 13 ਮੁਸਾਫ਼ਰ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀ ਮੁਸਾਫ਼ਰ ਸ਼ਾਹਕੋਟ, ਨਕੋਦਰ ਤੇ ਜਲੰਧਰ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ’ਚ ਜ਼ੇਰੇ ਇਲਾਜ ਹਨ। ਜਾਣਕਾਰੀ ਮੁਤਾਬਕ ਔਰਬਿਟ ਬੱਸ (ਪੀਬੀ 03-ਏ ਜੇ 7532) ਜਲੰਧਰ ਤੋਂ ਬਠਿੰਡਾ ਜਾ ਰਹੀ ਸੀ ਅਤੇ ਜੀਐਸਕੇ ਬੱਸ (ਪੀਬੀ 08 ਸੀ ਐਕਸ 9531) ਮੋਗਾ ਤੋਂ ਪਠਾਨਕੋਟ ਨੂੰ ਜਾ ਰਹੀ ਸੀ। ਮਲਸੀਆਂ ਤੋਂ ਤਕਰੀਬਨ 4 ਕਿਲੋਮੀਟਰ ਦੂਰ ਬਿੱਲੀ ਚਾਹਰਮੀ ਦੇ ਬੱਸ ਅੱਡੇ ਕੋਲ ਤੇਜ਼ ਰਫ਼ਤਾਰ ਔਰਬਿਟ ਬੱਸ ਨੇ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਸਾਹਮਣਿਓਂ ਆ ਰਹੀ ਦੂਜੀ ਬੱਸ ਨੂੰ ਟੱਕਰ ਮਾਰ ਦਿੱਤੀ।

ਇਸ ਹਾਦਸੇ ਵਿੱਚ ਪਾਲਾ ਸਿੰਘ (52) ਵਾਸੀ ਫਿਰੋਜ਼ਵਾਲ (ਮੋਗਾ), ਵਿਨੋਦ ਕੁਮਾਰ ਸੈਣੀ (56) ਵਾਸੀ ਗੋਪਾਲ ਨਗਰ ਜਲੰਧਰ ਅਤੇ ਇਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ ਸੇਵਾਮੁਕਤ ਅਧਿਆਪਕ ਗੁਰਭੇਜ ਸਿੰਘ ਵਾਸੀ ਰੌਤ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਗਿਆ। ਮ੍ਰਿਤਕ ਔਰਤ ਦੀ ਸ਼ਨਾਖ਼ਤ ਨਹੀਂ ਹੋ ਸਕੀ ਸੀ। ਗੰਭੀਰ ਜ਼ਖ਼ਮੀ ਹੋਣ ਵਾਲਿਆਂ ਵਿੱਚ ਜੀਐਸਕੇ ਦਾ ਡਰਾਈਵਰ ਰਵਿੰਦਰ ਸਿੰਘ ਵਾਸੀ ਡੱਲਾ (ਭੋਗਪੁਰ), ਕੰਡਕਟਰ ਹਰੀਸ਼ ਕੁਮਾਰ ਵਾਸੀ ਢੱਡਾ ਸਨੌਰ (ਭੋਗਪੁਰ), ਅਸ਼ੋਕ ਕੁਮਾਰ ਵਾਸੀ ਜਲੰਧਰ, ਮੱਖਣ ਸਿੰਘ ਵਾਸੀ ਨੂਰਮਹਿਲ, ਗੁਰਨੂਰ ਕੌਰ ਵਾਸੀ ਨਕੋਦਰ, ਰਾਮ ਕੁਮਾਰ ਵਾਸੀ ਨਿਊ ਗਾਂਧੀ ਨਗਰ ਜਲੰਧਰ, ਜਗਪਾਲ ਕੌਰ ਵਾਸੀ ਕੋਟਕਪੂਰਾ, ਜਸਵੰਤ ਸਿੰਘ ਵਾਸੀ ਕੋਟਕਪੂਰਾ, ਰਾਜਨ ਵਾਸੀ ਫੂਲਕੱਟ ਤੇ ਉਸ ਦੀ ਪਤਨੀ ਨਰਿੰਦਰ ਕੌਰ, ਲਲਿਤਾ ਵਾਸੀ ਜਲੰਧਰ, ਪਰਮਜੀਤ ਕੌਰ ਵਾਸੀ ਨਕੋਦਰ ਅਤੇ ਨਵਦੀਪ ਕੌਰ ਵਾਸੀ ਕਮਾਲਕੇ ਸ਼ਾਮਲ ਹਨ।
ਹਾਦਸੇ ਦੀ ਸੂਚਨਾ ਮਿਲਣ ਉਤੇ ਐਸਡੀਐਮ ਸ਼ਾਹਕੋਟ ਡਾ. ਸੰਜੀਵ ਸ਼ਰਮਾ, ਡੀਐਸਪੀ ਜਸਵਿੰਦਰ ਸਿੰਘ ਬਰਾੜ, ਐਸਐਚਓ ਸ਼ਾਹਕੋਟ ਉਂਕਾਰ ਸਿੰਘ ਬਰਾੜ, ਚੌਕੀ ਮਲਸੀਆਂ ਦੇ ਇੰਚਾਰਜ ਸੁਰਜੀਤ ਸਿੰਘ ਅਤੇ ਸਦਰ ਤੇ ਸਿਟੀ ਨਕੋਦਰ ਦੇ ਥਾਣਾ ਮੁਖੀ ਘਟਨਾ ਸਥਾਨ ’ਤੇ ਪਹੁੰਚੇ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸ਼ਾਹਕੋਟ ਤੇ ਨਕੋਦਰ ਦੇ ਹਸਪਤਾਲਾਂ ’ਚ ਪਹੁੰਚਾਇਆ। ਪੁਲਿਸ ਔਰਬਿਟ ਬੱਸ ਨੂੰ ਰਿਕਵਰੀ ਵੈਨ ਨਾਲ ਤੁਰੰਤ ਚੌਕੀ ਮਲਸੀਆਂ ’ਚ ਲੈ ਗਈ ਜਦੋਂ ਕਿ ਦੂਜੀ ਬੱਸ ਦੁਰਘਟਨਾ ਸਥਾਨ ’ਤੇ ਹੀ ਖੜ੍ਹੀ ਸੀ। ਜੀਐਸਕੇ ਬੱਸ ਦੇ ਮਾਲਕ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੱਸ ਆਪਣੀ ਸਾਈਡ ’ਤੇ ਸੀ ਪਰ ਔਰਬਿਟ ਬੱਸ ਨੇ ਗਲਤ ਪਾਸੇ ਆ ਕੇ ਟੱਕਰ ਮਾਰੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਔਰਬਿਟ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੇ ਕੇਸ ਵਿੱਚ ਕਿਸੇ ਵਿਅਕਤੀ ਦਾ ਨਾਂ ਨਹੀਂ ਪਾਇਆ ਹੈ।