ਨਵੀਂ ਦਿੱਲੀ: ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਕੱਲ੍ਹ ਵੀਰਵਾਰ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਸੀਨੀਅਰ ਪਾਰਟੀ ਆਗੂ ਰੀਟਾ ਬਹੂਗੁਣਾ (67) ਜੋਸ਼ੀ ਭਾਜਪਾ ’ਚ ਸ਼ਾਮਲ ਹੋ ਗਈ। ਉਨ੍ਹਾਂ ਰਾਹੁਲ ਗਾਂਧੀ ’ਤੇ ਸ਼ਬਦੀ ਵਾਰ ਕਰਦਿਆਂ ਕਾਂਗਰਸ ਪਾਰਟੀ ਨੂੰ ਚਲਾਉਣ ਦੇ ਢੰਗ ਅਤੇ ਫ਼ੌਜ ਵੱਲੋਂ ਕੀਤੇ ਗਏ ਸਰਜੀਕਲ ਹਮਲੇ ਬਾਰੇ ਦਿੱਤੇ ਪ੍ਰਤੀਕਰਮ ਦੀ ਵੀ ਆਲੋਚਨਾ ਕੀਤੀ।
ਕਾਂਗਰਸ ਆਗੂ ਹੇਮਵਤੀ ਨੰਦਨ ਬਹੂਗੁਣਾ ਦੀ ਧੀ ਰੀਟਾ ਨੇ ਪ੍ਰਧਾਨ ਅਮਿਤ ਸ਼ਾਹ ਦੀ ਹਾਜ਼ਰੀ ’ਚ ਇਥੇ ਪਾਰਟੀ ਹੈੱਡਕੁਆਰਟਰ ’ਤੇ ਭਾਜਪਾ ਦਾ ਪੱਲਾ ਫੜਿਆ। ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸਾਬਕਾ ਪ੍ਰਧਾਨ ਨੇ ਕਾਂਗਰਸ ਵਿਧਾਇਕ ਵਜੋਂ ਵੀ ਅਸਤੀਫ਼ਾ ਦੇ ਦਿੱਤਾ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਕੋਈ ਵੀ ਬਦਲ ਨਹੀਂ ਹੈ।

ਉੱਤਰ ਪ੍ਰਦੇਸ਼ ’ਚ ਕਾਂਗਰਸ ਵੱਲੋਂ ਸ਼ੀਲਾ ਦੀਕਸ਼ਤ ਨੂੰ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕੀਤੇ ਜਾਣ ਤੋਂ ਬਾਅਦ ਰੀਟਾ ਬਹੂਗੁਣਾ ਨਾਖੁਸ਼ ਦੱਸੀ ਜਾਂਦੀ ਸੀ। ਉਸ ਨੇ ਕਾਂਗਰਸ ਦੇ ਕੰਮਕਾਰ ’ਤੇ ਸਵਾਲ ਚੁਕਦਿਆਂ ਕਿਹਾ ਕਿ ਪਾਰਟੀ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਹੈ ਕਿ ਉਸ ਨੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਦਾ ‘ਠੇਕਾ’ ਦੇ ਦਿੱਤਾ ਹੈ। ਰੀਟਾ ਬਹੁਗੁਣਾ ਜੋਸ਼ੀ ਨੇ ਕਿਹਾ, “ਕਾਂਗਰਸ ਨੇ ਕਿਸ਼ੋਰ ਵਰਗੇ ਬਾਹਰੀ ਵਿਅਕਤੀ ਨੂੰ ਚੋਣ ਡਾਇਰੈਕਟਰ ਬਣਾ ਦਿੱਤਾ ਅਤੇ ਮੇਰੇ ਵਰਗੇ ਸੀਨੀਅਰ ਆਗੂਆਂ ਨੂੰ ਖੁੱਡੇ ਲਾ ਦਿੱਤਾ ਗਿਆ। ਦੇਸ਼ ਰਾਹੁਲ ਦੀ ਲੀਡਰਸ਼ਿਪ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ।” ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬਾਰੇ ਉਨ੍ਹਾਂ ਕਿਹਾ ਕਿ ਉਹ ਵੱਖ-ਵੱਖ ਵਿਅਕਤੀਆਂ ਨਾਲ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਨ ਪਰ ਰਾਹੁਲ ਤਾਂ ਸੰਜੀਦਾ ਦਿਖਾਈ ਨਹੀਂ ਦਿੰਦਾ।
ਰਾਹੁਲ ਗਾਂਧੀ ਵੱਲੋਂ ਮੋਦੀ ’ਤੇ ‘ਦਲਾਲੀ’ ਬਾਰੇ ਕੀਤੀ ਗਈ ਟਿੱਪਣੀ ਦੀ ਆਲਚੋਨਾ ਕਰਦਿਆਂ ਉਸ ਨੇ ਕਿਹਾ, “ਪੂਰੇ ਮੁਲਕ ਅਤੇ ਦੁਨੀਆਂ ਨੇ ਹਮਲਿਆਂ ਬਾਰੇ ਭਾਰਤੀ ਦਲੀਲ ਨੂੰ ਸਵੀਕਾਰ ਕਰ ਲਿਆ ਪਰ ਕਾਂਗਰਸ ਨੇ ਛੋਟੀ ਪਾਰਟੀ ਵਰਗਾ ਵਤੀਰਾ ਅਪਣਾ ਕੇ ਉਸ ’ਤੇ ਸਵਾਲ ਚੁੱਕੇ। ਪੂਰਾ ਮੁਲਕ ‘ਖ਼ੂਨ ਕੀ ਦਲਾਲੀ’ ਵਰਗੀ ਟਿੱਪਣੀ ਤੋਂ ਨਿਰਾਸ਼ ਹੈ।” ਆਪਣੇ ਸਿਆਸੀ ਸਫ਼ਰ ਦੇ 27 ਵਰ੍ਹਿਆਂ ’ਚੋਂ 24 ਵਰ੍ਹੇ ਕਾਂਗਰਸ ਅਤੇ 10 ਮਹੀਨੇ ਸਮਾਜਵਾਦੀ ਪਾਰਟੀ ’ਚ ਲਾਉਣ ਵਾਲੀ ਰੀਟਾ ਨੇ ਕਿਹਾ ਕਿ ਕਾਂਗਰਸ ਨੂੰ ਅਲਵਿਦਾ ਆਖਣ ਦਾ ਫ਼ੈਸਲਾ ਆਸਾਨ ਨਹੀਂ ਸੀ ਪਰ ਉਸ ਨੇ ਕੌਮ ਅਤੇ ਸੂਬੇ ਦੇ ਹਿੱਤ ’ਚ ਪਾਲਾ ਬਦਲਿਆ।
ਯੂਪੀ ’ਚ ਰੀਟਾ ਬਹੂਗੁਣਾ ਦੇ ਭਾਜਪਾ ’ਚ ਆਉਣ ਨਾਲ ਪਾਰਟੀ ਦੀ ਸੂਬੇ ’ਚ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ ਕਿਉਂਕਿ ਹੁਣ ਬ੍ਰਾਹਮਣਾਂ ਦੇ ਵੋਟ ਵੀ ਉਸ ਦੀ ਝੋਲੀ ’ਚ ਪੈਣ ਦੀ ਸੰਭਾਵਨਾ ਵੱਧ ਗਈ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਭਰਾ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਵਿਜੇ ਬਹੂਗੁਣਾ ਜੋਸ਼ੀ ਵੀ ਕੁਝ ਮਹੀਨੇ ਪਹਿਲਾਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ।
ਯੂਪੀ ਕਾਂਗਰਸ ਇਕਾਈ ਦੇ ਪ੍ਰਧਾਨ ਰਾਜ ਬੱਬਰ ਨੇ ਕਿਹਾ ਕਿ ਭਾਜਪਾ ਨੂੰ ਗੱਦਾਰਾਂ ਦੀ ਫ਼ੌਜ ਜਮ੍ਹਾਂ ਕਰ ਕੇ ਕੋਈ ਫਾਇਦਾ ਨਹੀਂ ਹੋਣ ਵਾਲਾ।