ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਰਕਾਰੀ ਨੌਕਰੀਆਂ ਵਿੱਚ ਤਰਸ ਆਧਾਰਤ ਨਿਯੁਕਤੀਆਂ ਕਰਨ ਸਬੰਧੀ ਨੀਤੀ ਵਿੱਚ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਤਹਿਤ ਅਜਿਹੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਵੀ ਤਰਸ ਆਧਾਰਤ ਨੌਕਰੀਆਂ ਦਿੱਤੀਆਂ ਜਾ ਸਕਣਗੀਆਂ, ਜਿਨ੍ਹਾਂ ਦੀ ਮੌਤ ਉਨ੍ਹਾਂ ਦੇ ਸੇਵਾ ਕਾਲ ਵਿੱਚ ਦੋ ਸਾਲ ਦੇ ਦਿੱਤੇ ਗਏ ਵਾਧੇ ਦੌਰਾਨ ਹੋਈ ਹੋਵੇ।
ਮੁੱਖ ਮੰਤਰੀ ਦਫ਼ਤਰ ਦੇ ਇਕ ਤਰਜਮਾਨ ਮੁਤਾਬਕ ਬਾਦਲ ਨੇ ਇਸ ਫਾਇਲ ’ਤੇ ਐਤਵਾਰ ਦੇਰ ਸ਼ਾਮ ਸਹੀ ਪਾਈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਮੁਲਾਜ਼ਮਾਂ ਦੇ ਵਾਰਸ ਨੂੰ ਹੀ ਤਰਸ ਆਧਾਰਤ ਨੌਕਰੀ ਦਿੱਤੀ ਜਾਂਦੀ ਸੀ, ਜਿਸ ਦਾ ਦੇਹਾਂਤ 58 ਸਾਲ ਦੀ ਉਮਰ ਤੋਂ ਪਹਿਲਾਂ ਨੌਕਰੀ ਦੌਰਾਨ ਹੋਇਆ ਹੋਵੇ। ਹੁਣ ਉਨ੍ਹਾਂ ਮੁਲਾਜ਼ਮਾਂ ਦੇ ਵਾਰਸਾਂ ਨੂੰ ਵੀ ਇਹ ਮੌਕਾ ਮਿਲੇਗਾ, ਜਿਨ੍ਹਾਂ ਨੇ 58 ਸਾਲ ਦੀ ਉਮਰ ਪੂਰੀ ਹੋਣ ’ਤੇ ਸੇਵਾ-ਮੁਕਤੀ ਤੋਂ ਪਹਿਲਾਂ ਸੇਵਾ ਵਿੱਚ ਦੋ ਸਾਲ ਦੇ ਵਾਧੇ ਚੋਣ ਕੀਤੀ ਹੋਵੇ।