ਮੋਗਾ: ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਨਾਲ ਸਿਆਸੀ ਟੱਕਰ ਲੈ ਰਹੀ ਆਮ ਆਦਮੀ ਪਾਰਟੀ ‘ਆਪ’ ਦਾ ਆਉਂਦੇ ਦਿਨਾਂ ‘ਚ ਟਕਰਾਅ ਵਧਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੋਗਾ ਵਿਖੇ ਅਕਾਲੀ ਉਮੀਦਵਾਰ ਦੇ ਰੋਡ ਸ਼ੋਅ ਦੌਰਾਨ ਟਕਰਾਅ ਹੁੰਦਾ-ਹੁੰਦਾ ਟਲ ਗਿਆ। ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਵਿੱਚ ਕਈ ਥਾਵਾਂ ਉੱਤੇ ਦੋਵਾਂ ਧਿਰਾਂ ’ਚ ਝਗੜਾ ਹੋ ਚੁੱਕਾ ਹੈ। ਪੁਲਿਸ ਨੇ ਦੋਵਾਂ ਧਿਰਾਂ ਦੀ ਸ਼ਿਕਾਇਤ ਉੱਤੇ ਡੀਡੀਆਰ (ਰੋਜ਼ਾਨਾ ਮੁਢਲੀ ਸੂਚਨਾ ਰਿਪੋਰਟ) ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਸਮਰਥਕ ਗੁਰਪ੍ਰੀਤ ਸਿੰਘ, ਅਮਿਤ ਪੁਰੀ ਅਤੇ ਜਸਕਰਨ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਅਕਾਲੀ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਰੋਡ ਸ਼ੋਅ ਦੌਰਾਨ ਗੱਡੀਆਂ ਦੇ ਕਾਫ਼ਲੇ ਕਾਰਨ ਟਰੈਫ਼ਿਕ ਜਾਮ ਸੀ। ਇਸ ਦੌਰਾਨ ‘ਆਪ’ ਸਮਰਥਕ ਗੁਰਪ੍ਰੀਤ ਸਿੰਘ ਆਪਣੇ ਮੋਬਾਈਲ ਫੋਨ ਨਾਲ ਰੋਡ ਸ਼ੋਅ ਨਾਲ ਜਾਮ ਹੋਏ ਟਰੈਫ਼ਿਕ ਦੀ ਵੀਡਿਓ ਬਣਾ ਰਿਹਾ ਸੀ। ਇਸ ਦੌਰਾਨ ਅਕਾਲੀ ਉਮੀਦਵਾਰ ਦੇ ਸਮਰਥਕਾਂ ਨੇ ਗੁਰਪ੍ਰੀਤ ਦਾ ਮੋਬਾਈਲ ਖੋਹ ਕੇ ਭੰਨ੍ਹ ਦਿੱਤਾ ਤੇ ਧਮਕੀਆਂ ਦਿੱਤੀਆਂ। ਉਨ੍ਹਾਂ ਆਪਣੀ ਸ਼ਿਕਾਇਤ ਨਾਲ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਆਪਣਾ ਟੁੱਟਿਆ ਮੋਬਾਈਲ ਫੋਨ ਪੇਸ਼ ਕੀਤਾ। ਇਸ ਦੌਰਾਨ, ਅਕਾਲੀ ਸਮਰਥਕ ਗੁਰਜੰਟ ਸਿੰਘ ਨੇ ‘ਆਪ’ ਕਾਰਜਕਰਤਾਵਾਂ ਖ਼ਿਲਾਫ਼ ਰੋਡ ਸ਼ੋਅ ’ਚ ਵਿਘਨ ਪਾਉਣ ਤੇ ਮੌਕੇ ’ਤੇ ਮੌਜੂਦ ਮਹਿਲਾਵਾਂ ਨਾਲ ਮਾੜਾ ਵਰਤਾਓ ਤੇ ਭੱਦੀ ਸ਼ਬਦਾਵਲੀ ਦੀ ਸ਼ਿਕਾਇਤ ਦਿੱਤੀ ਹੈ। ਮੋਗਾ ਦੇ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਤੂਰ ਨੇ ਦੋਵਾਂ ਧਿਰਾਂ ਦਾ ਪੱਖ ਸੁਣ ਕੇ ਉਨ੍ਹਾਂ ਨੂੰ ਸ਼ਾਂਤ ਕਰਦਿਆਂ ਅਮਨ ਕਾਨੂੰਨ ਵਿੱਚ ਸਹਿਯੋਗ ਕਰਨ ਲਈ ਕਿਹਾ। ਉਨ੍ਹਾਂ ਇਸ ਮਾਮਲੇ ਦੀ ਪੜਤਾਲ ਡੀਐਸਪੀ ਸਿਟੀ ਨੂੰ ਸੌਂਪ ਦਿੱਤੀ ਹੈ। ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰ ਰਹੇ ਏਐਸਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਖਹਿਬਾਜ਼ੀ ਦੀ ਸ਼ਿਕਾਇਤ ਦੀ ਡੀਡੀਆਰ ਦਰਜ ਕਰ ਲਈ ਹੈ ਅਤੇ ਪੜਤਾਲ ਜਾਰੀ ਹੈ।
ਇਥੇ ਦੱਸਣਯੋਗ ਹੈ ਕਿ ਇਥੇ ਅਕਾਲੀ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਵੱਲੋਂ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਕੱਢੇ ਰੋਡ ਸ਼ੋਅ ਕਾਰਨ ਟਰੈਫ਼ਿਕ ਜਾਮ ਹੋਣ ਦੀ ਸ਼ਿਕਾਇਤ ਚੋਣ ਅਧਿਕਾਰੀ ਤੱਕ ਵੀ ਪੁੱਜ ਗਈ ਸੀ। ਉਨ੍ਹਾਂ ਚੋਣ ਅਧਿਕਾਰੀ ਕੋਲੋਂ 10 ਗੱਡੀਆਂ ਦੀ ਮਨਜ਼ੂਰੀ ਲਈ ਸੀ ਪਰ ਰੋਡ ਸ਼ੋਅ ਦੌਰਾਨ ਵਾਹਨਾਂ ਦੇ ਕਾਫ਼ਲੇ ਦੀ ਹਲਕਾ ਚੋਣ ਅਧਿਕਾਰੀ ਨੇ ਪੁਲਿਸ ਅਤੇ ਵੀਡਿਓਗ੍ਰਾਫ਼ੀ ਟੀਮ ਤੋਂ ਰਿਪੋਰਟ ਤਲਬ ਕਰਨ ਬਾਅਦ ਅਕਾਲੀ ਉਮੀਦਵਾਰ ਨੂੰ ਚੋਣ ਜ਼ਾਬਤਾ ਦੀ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਗਿਆ ਹੈ।