ਮੱਖੂ: ਐਤਵਾਰ ਨੂੰ ਮੱਖੂ ਦੀ ਕੈਨਾਲ ਕਲੋਨੀ ’ਚ ਡੇਰਾ ਸਿਰਸਾ ਦੇ ਸਮਰਥਕਾਂ ਅੱਤੇ ਸਿੱਖ ਸੰਗਤਾਂ ਵਿਚ ਟਕਰਾਅ ਹੁੰਦੇ ਹੁੰਦੇ ਟਲ ਗਿਆ। ਇਸ ਮਾਮਲੇ ’ਚ ਪੁਲਿਸ ਵੱਲੋਂ 37 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਦੋਂ ਕਿ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਮੀਡੀਆ ਦੀਆਂ ਖ਼ਬਰਾਂ ਮੁਤਾਬਕ ਡੇਰਾ ਸਿਰਸਾ ਦੀ ਗ੍ਰੀਨ ਐੱਸ ਫੋਰਸ ਦੀ 15 ਮੈਂਬਰੀ ਕਮੇਟੀ ਦੇ ਮੈਂਬਰ ਰਾਜ ਕੁਮਾਰ ਅਤੇ ਬਲਾਕ ਭੰਗੀ ਦਾਸ ਕੁਲਵੰਤ ਸਿੰਘ ਵਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ।
ਏਕਨੂਰ ਫੌਜ ਦੇ ਆਗੂ ਦਿਲਬਾਗ ਸਿੰਘ ਆਰਿਫਕੇ, ਬਾਬਾ ਸ਼ਿੰਦਰ ਸਿੰਘ ਦੇ ਜਥੇ ਦੇ ਆਗੂ ਸੁਖਮੰਦਰ ਸਿੰਘ, ਸਭਰਾ ਤੇ ਪੱਧਰੀ ਦੇ ਹੋਰ ਸੇਵਾਦਾਰਾਂ ਤੋਂ ਇਲਾਵਾ ਗੁਰਸੇਵਕ ਸਿੰਘ ਗੱਟਾ ਬਾਦਸ਼ਾਹ, ਸਰਪੰਚ ਹਰਜਿੰਦਰ ਸਿੰਘ ਚਿਰਾਗਵਾਲੀ, ਵੱਟੂ ਭੱਟੀ ਤੋਂ ਜੋਗਾ ਸਿੰਘ, ਨਿਜਾਮਦੀਨ ਵਾਲਾ ਤੋਂ ਹਰਜੀਤ ਸਿੰਘ ਆਦਿ ਦੀ ਅਗਵਾਈ ’ਚ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਡੇਰਾ ਪ੍ਰੇਮੀਆਂ ਨਾਲ ਹੱਥੋਪਾਈ ਹੋ ਜਾਣ ਕਰਕੇ ਸਥਿਤੀ ਤਣਾਅਪੂਰਨ ਹੋ ਗਈ।

ਇਸੇ ਦੌਰਾਨ ਡੀਐੱਸਪੀ ਫਿਰੋਜ਼ਪੁਰ ਜਸਪਾਲ ਸਿੰਘ, ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ, ਥਾਣਾ ਸਦਰ ਜ਼ੀਰਾ ਮੁਖੀ ਜੈਅੰਤ ਕੁਮਾਰ ਤੇ ਹੋਰ ਕਈ ਥਾਣਿਆਂ ਦੀ ਪੁਲਿਸ ਉੱਥੇ ਪੁੱਜ ਗਈ। ਕੁਝ ਸਮੇਂ ਬਾਅਦ ਡੇਰਾ ਪ੍ਰੇਮੀਆਂ ਨੇ ਦੁਬਾਰਾ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਸਿੱਖ ਸੰਗਤਾਂ ਨੇ ਵੀ ਖਾਲਿਸਤਾਨ ਜ਼ਿੰਦਾਬਾਦ ਆਦਿ ਦੇ ਨਾਅਰੇ ਲਾਏ। ਇਸ ਤੋਂ ਬਾਅਦ ਪੁਲਿਸ ਨੇ ਆਪਣੀ ਨਿਗਰਾਨੀ ’ਚ ਬਾਹਰੋਂ ਆਏ ਡੇਰਾ ਪ੍ਰੇਮੀਆਂ ਨੂੰ ਝਗੜੇ ਵਾਲੀ ਥਾਂ ਤੋਂ ਉਨ੍ਹਾਂ ਦੇ ਪਿੰਡਾਂ ਨੂੰ ਰਵਾਨਾ ਕਰ ਦਿੱਤਾ ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਸਿੱਖ ਜਥੇਬੰਦੀਆਂ ਦੇ ਆਗੂ ਬਾਬਾ ਦਿਲਬਾਗ ਸਿੰਘ ਨੇ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਡੇਰਾ ਮੁਖੀ ਖ਼ਿਲਾਫ਼ ਹੁਕਮਨਾਮਾ ਜਾਰੀ ਹੋਇਆ ਹੈ ਪਰ ਬਾਦਲ ਦਲ ਨੇ ਚੋਣਾਂ ’ਚ ਡੇਰੇ ਤੋਂ ਹਮਾਇਤ ਲੈ ਕੇ ਸਿੱਖਾਂ ਦੀ ਗੈਰਤ ਨੂੰ ਵੰਗਾਰਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਜਥੇਬੰਦੀਆਂ ਬਾਦਲਾਂ ਦੀ ਸ਼ਹਿ ’ਤੇ ਡੇਰਾ ਪ੍ਰੇਮੀਆਂ ਦੀ ਨਾਮ ਚਰਚਾ ਨਹੀਂ ਹੋਣ ਦੇਣਗੀਆਂ।
ਸਬੰਧਤ ਖ਼ਬਰ:
ਬਾਦਲ ਦਲ ਵਲੋਂ ਡੇਰਾ ਸਿਰਸਾ ਮੁਖੀ ਦੇ ਪ੍ਰੋਗਰਾਮ ਪੰਜਾਬ ‘ਚ ਕਰਵਾਉਣ ਦਾ ਐਲਾਨ; ਡੇਰੇ ਵਲੋਂ ਹਮਾਇਤ …
ਡੇਰਾ ਪ੍ਰੇਮੀਆਂ ਦੇ ਆਗੂ ਬਸੰਤ ਲਾਲ ਨੇ ਕਿਹਾ ਕਿ ਗ੍ਰੀਨ ਐੱਸ ਵੈਲਫੇਅਰ ਫੋਰਸ ਦੇ ਮੈਂਬਰ ਰਾਜ ਕੁਮਾਰ ਵੱਲੋਂ ਪ੍ਰੇਮੀਆਂ ਦੀ ਮਦਦ ਲਈ ਆਏ ਅਧਿਕਾਰੀਆਂ ਨਾਲ ਕੀਤੀ ਗਈ ਬਦਸਲੂਕੀ ਨਿੰਦਣਯੋਗ ਹੈ। ਦੂਜੇ ਪਾਸੇ ਥਾਣਾ ਮੁਖੀ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਪੁੱਛੇ ਜਾਣ ’ਤੇ ਕਿਹਾ ਕਿ ਇਸ ਪ੍ਰੋਗਰਾਮ ਲਈ ਕਿਸੇ ਤਰ੍ਹਾਂ ਦੀ ਮਨਜ਼ੂਰੀ ਨਹੀਂ ਲਈ ਗਈ ਸੀ ਪਰ ਖੁਫੀਆ ਜਾਣਕਾਰੀ ਨੂੰ ਦੇਖਦਿਆਂ ਉਨ੍ਹਾਂ ਸਵੇਰ ਤੋਂ ਹੀ ਪੁਲਿਸ ਤਾਇਨਾਤ ਕਰ ਦਿੱਤੀ ਸੀ।