ਬਠਿੰਡਾ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਮੈਂਬਰ ਸਿੰਦਰਪਾਲ ਸਿੰਘ ਪੱਕਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਪਿਛਲੇ ਦੋ ਦਿਨਾਂ ਤੋਂ ਕੋਈ ਉਸਦਾ ਪਿੱਛਾ ਕਰ ਰਿਹਾ ਹੈ। ਇਸ ਕਰਕੇ ਪੰਜਾਬ ਪੁਲਿਸ ਨੇ ਉਸ ਨੂੰ ਦੋ ਗੰਨਮੈਨ ਦੇ ਦਿੱਤੇ ਹਨ। ਸਿਆਸੀ ਵਿੰਗ ਦੇ ਮੈਂਬਰ ਸਿੰਦਰਪਾਲ ਸਿੰਘ ਪੱਕਾ ਨੇ ਬਠਿੰਡਾ ਦੇ ਪੁਲਿਸ ਕਪਤਾਨ ਨੂੰ ਮਿਲ ਕੇ ਸੁਰੱਖਿਆ ਦੀ ਮੰਗ ਕੀਤੀ ਸੀ।

ਡੇਰਾ ਪ੍ਰੇਮੀ ਸਿੰਦਰਪਾਲ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਤੋਂ ਉਸ ਦੇ ਮੈਰਿਜ ਪੈਲੇਸ ’ਤੇ ਕੁਝ “ਸ਼ੱਕੀ ਆਦਮੀ” ਵਾਰ-ਵਾਰ ਗੇੜੇ ਮਾਰ ਰਹੇ ਹਨ। ਮੈਰਿਜ ਪੈਲੇਸ ਦੇ ਚੌਂਕੀਦਾਰ ਕੋਲ ਇਨੋਵਾ ਗੱਡੀ ਵਾਲੇ ਤਿੰਨ ਚਾਰ ਵਿਅਕਤੀ ਵਾਰ-ਵਾਰ ਉਸ ਦੇ ਬਾਰੇ ਪੁੱਛਗਿੱਛ ਕਰਕੇ ਗਏ ਹਨ। ਸਿੰਦਰਪਾਲ ਨੇ ਦੱਸਿਆ ਕਿ ਉਸਨੇ ਡੇਰਾ ਸਿਰਸਾ ਦੇ ਪ੍ਰਬੰਧਕਾਂ ਨੂੰ ਇਸ ਬਾਰੇ ਦੱਸ ਦਿੱਤਾ ਹੈ। ਸ਼ਿੰਦਰਪਾਲ ਦੇ ਕਹਿਣ ‘ਤੇ ਜ਼ਿਲ੍ਹਾ ਪੁਲਿਸ ਕਪਤਾਨ ਵਲੋਂ ਐਤਵਾਰ ਮੈਰਿਜ ਪੈਲੇਸ ਕੋਲ ਪੁਲਿਸ ਵੀ ਭੇਜੀ ਗਈ, ਜਿਸ ਵੱਲੋਂ ਆਸ-ਪਾਸ ਤੋਂ ਪੜਤਾਲ ਵੀ ਕੀਤੀ ਗਈ ਹੈ। ਐਸਐਸਪੀ ਸਵੱਪਨ ਸ਼ਰਮਾ ਦਾ ਕਹਿਣਾ ਸੀ ਕਿ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਮੈਂਬਰ ਦੇ ਮੈਰਿਜ ਪੈਲੇਸ ਵਿੱਚ ਕੋਈ ਅਣਜਾਣ ਬੰਦੇ ਆਏ ਸਨ ਜਿਸ ਨਾਲ ਸਿੰਦਰਪਾਲ ਘਬਰਾ ਗਿਆ ਪਰ ਅਸੀਂ ਉਸਨੂੰ ਦੋ ਗੰਨਮੈਨ ਦੇ ਦਿੱਤੇ ਹਨ।
ਸਬੰਧਤ ਖ਼ਬਰ:
ਮੀਡੀਆ ਖ਼ਬਰ: ਚਾਰ ਹਿੰਦੂ ਆਗੂਆਂ ‘ਤੇ ਹਮਲਾ ਹੋਣ ਦੀ ਸੰਭਾਵਨਾ; ਸਰਕਾਰ ਨੇ ਦਿੱਤੀਆਂ ਬੁਲੇਟ ਪਰੂਫ ਕਾਰਾਂ …