ਇਸਲਾਮਾਬਾਦ/ਨਵੀਂ ਦਿੱਲੀ (22 ਅਗਸਤ, 2015): ਭਾਰਤ ਵੱਲੋਂ ਲਾਈਆਂ ਸ਼ਰਤਾਂ ਦੇ ਮੱਦੇਨਜ਼ਰ ਪਾਕਿਸਤਾਨ ਨੇ ਭਾਰਤ ਨਾਲ 23 ਅਗਸਤ ਨੂੰ ਹੋਣ ਵਾਲੀ ਕੌਮੀ ਸੁਰੱਖਿਆ ਸਲਾਹਕਾਰਾਂ ਦੀ (ਐਨ. ਐੇਸ. ਏ.) ਮੀਟਿੰਗ ਰੱਦ ਕਰ ਦਿੱਤੀ ਹੈ ।
ਨਵੀਂ ਦਿੱਲੀ ‘ਚ ਹੋਣ ਵਾਲੀ ਕੌਮੀ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਨੂੰ ਰੱਦ ਕਰਨ ਦਾ ਅੱਜ ਰਾਤ ਐਲਾਨ ਕਰਦਿਆ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੂੰ ਭਾਰਤ ਦੀਆਂ ਸ਼ਰਤਾਂ ਮਨਜ਼ੂਰ ਨਹੀਂ ਹਨ, ਮੌਜੂਦਾ ਮਾਹੌਲ ‘ਚ ਭਾਰਤ ਨਾਲ ਗੱਲਬਾਤ ਨਹੀਂ ਹੋ ਸਕਦੀ ।

ਪਾਕਿ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਰਤਾਜ ਅਜ਼ੀਜ਼ ਭਾਰਤ ਨਹੀਂ ਜਾਣਗੇ । ਪਾਕਿ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਉਸ ਨੇ ਸੁਸ਼ਮਾ ਸਵਰਾਜ ਵੱਲੋਂ ਪ੍ਰੈਸ ਕਾਨਫਰੰਸ ‘ਚ ਰੱਖੀਆਂ ਸ਼ਰਤਾਂ ਦਾ ਗਹਿਰਾਈ ਨਾਲ ਅਧਿਐਨ ਕੀਤਾ ਹੈ ਅਤੇ ਇਸ ਦਾ ਬਾਅਦ ਇਸ ਫੈਸਲੇ ‘ਤੇ ਪੁੱਜੇ ਹਨ ਕਿ ਭਾਰਤੀ ਵਿਦੇਸ਼ ਮੰਤਰੀ ਵੱਲੋਂ ਰੱਖੀਆਂ ਸ਼ਰਤਾਂ ਦੇ ਆਧਾਰ ‘ਤੇ ਦੋਵੇਂ ਦੇਸ਼ਾਂ ਵੱਲੋਂ ਪ੍ਰਸਤਾਵਿਤ ਐਨ. ਐਸ. ਏ. ਪੱਧਰ ਦੀ ਗੱਲਬਾਤ ਹੁੰਦੀ ਹੈ ਤਾਂ ਇਸ ਨਾਲ ਕੋਈ ਮਕਸਦ ਪੂਰਾ ਨਹੀਂ ਹੋਵੇਗਾ ।
ਸੁਸ਼ਮਾ ਦੇ ਬਿਆਨ ਦਾ ਜ਼ਿਕਰ ਕਰਦਿਆ ਇਸ ‘ਚ ਕਿਹਾ ਗਿਆ ਹੈ ਕਿ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਦੋਵੇਂ ਦੇਸ਼ਾਂ ‘ਚ ਸਥਾਈ ਸ਼ਾਂਤੀ ਯਕੀਨੀ ਬਣਾਉਣ ਲਈ ਸਾਰੇ ਬਕਾਇਆ ਮੁੱਦਿਆਂ ‘ਤੇ ਗੱਲਬਾਤ ਦੀ ਲੋੜ ਹੈ, ਉਸ ਦੇ ਬਾਅਦ ਉਹ ਇਕਤਰਫਾ ਰੂਪ ਨਾਲ ਏਜੰਡੇ ਨੂੰ ਕੇਵਲ ਦੋ ਮੁੱਦਿਆਂ ਤੱਕ ਸੀਮਤ ਕਰ ਦਿੰਦੇ ਹਨ, ਅੱਤਵਾਦ ਤੋਂ ਮੁਕਤ ਮਾਹੌਲ ਦਾ ਨਿਰਮਾਣ ਅਤੇ ਕੰਟਰੋਲ ਰੇਖਾ ‘ਤੇ ਸ਼ਾਂਤੀ । ਬਿਆਨ ‘ਚ ਇਸ ਗੱਲ ਨੂੰ ਰੇਖਾਂਕਿਤ ਕੀਤਾ ਗਿਆ ਹੈ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਕਿਸੇ ਵੀ ਗੱਲਬਾਤ ਦਾ ਮੁੱਖ ਮਕਸਦ ਤਣਾਅ ਨੂੰ ਘੱਟ ਕਰਨਾ ਅਤੇ ਆਪਸੀ ਰਿਸ਼ਤਿਆਂ ਨੂੰ ਮਜਬੂਤ ਬਣਾਉਣ ਦੀ ਦਿਸ਼ਾ ‘ਚ ਪਹਿਲਕਦਮੀ ਦੇ ਰੂਪ ‘ਚ ਵਿਸ਼ਵਾਸ ਬਹਾਲ ਕਰਨਾ ਹੈ ।
ਜੇਕਰ ਐਨ. ਐਸ. ਏ. ਪੱਧਰ ਦੀ ਮੀਟਿੰਗ ਦਾ ਮਕਸਦ ਕੇਵਲ ਇਕ ਮੁੱਦਾ ਅੱਤਵਾਦ ‘ਤੇ ਚਰਚਾ ਕਰਨਾ ਹੈ ਤਾਂ ਇਹ ਸ਼ਾਂਤੀ ਦੀਆਂ ਸੰਭਾਵਨਾਵਾਂ ‘ਚ ਸੁਧਾਰ ਦੀ ਬਜਾਏ ਉਲਟਾ ਇਕ ਦੂਸਰੇ ‘ਤੇ ਦੋਸ਼ ਲਗਾਉਣ ‘ਚ ਵਾਧਾ ਕਰੇਗਾ ਅਤੇ ਮਾਹੌਲ ਹੋਰ ਖਰਾਬ ਹੋਵੇਗਾ ।
ਕਸ਼ਮੀਰ ਮੁੱਦੇ ਤੋਂ ਬਿਨਾਂ ਭਾਰਤ ਨਾਲ ਕੋਈ ਗੱਲਬਾਤ ਸੰਭਵ ਨਹੀਂ । ਜੇਕਰ ਗੱਲਬਾਤ ਹੋਵੇਗੀ ਤਾਂ ਕਸ਼ਮੀਰ ਮੁੱਦੇ ‘ਤੇ ਵੀ ਹੋਵੇਗੀ, ਜਿਸ ‘ਚ ਹੁਰੀਅਤ ਵੀ ਸ਼ਾਮਿਲ ਹੋਵੇਗੀ ।
ਦਿਨ ਭਰ ਚੱਲੇ ਘਟਨਾਕ੍ਰਮ ਦੌਰਾਨ ਭਾਰਤ-ਪਾਕਿ ਵਿਚਕਾਰ ਕੌਮੀ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਬਾਰੇ ਅਨਿਸ਼ਚਤਤਾ ਬਣੀ ਰਹੀ ਕਿਉਂਕਿ ਦੋਵੇਂ ਧਿਰਾਂ ਆਪੋ ਆਪਣੇ ਪੱਖ ‘ਤੇ ਅੜੀਆਂ ਰਹੀਆਂ ਅਤੇ ਭਾਰਤ ਨੇ ਸਪਸ਼ਟ ਕਰ ਦਿੱਤਾ ਸੀ ਕਿ ਜੇਕਰ ਪਾਕਿਸਤਾਨ ਕਸ਼ਮੀਰ ‘ਤੇ ਚਰਚਾ ਕਰਨ ਅਤੇ ਕਸ਼ਮੀਰੀ ਆਗੂਆਂ ਨਾਲ ਮੀਟਿੰਗ ਕਰਨ ‘ਤੇ ਜ਼ਿਦ ਕਰਦਾ ਹੈ ਤਾਂ ਕੋਈ ਗੱਲਬਾਤ ਨਹੀਂ ਹੋਵੇਗੀ ।