ਕੈਲੀਫੋਰਨੀਆ (14 ਜੂਨ. 2015): ਭਾਰਤ ਵਿੱਚ ਰਹਿ ਰਹੀਆਂ ਘੱਟ ਗਿਚਤੀਆਂ ਦੇ ਮੁੱਢਲੇ ਅਧਿਕਾਰਾਂ ‘ਤੇ ਅਮਰੀਕੀ ਮਨੁੱਖੀ ਅਧਿਕਾਰ ਕਮਿਸ਼ਨ ਟੌਮ ਲੈਂਟੋਸ ਵੱਲੋਂ ਇੱਕ ਜਨਤਕ ਸੁਣਵਾਈ ਦੌਰਾਨ ਅਮਰੀਕੀ ਕਾਂਗਰਸ ਕਮੇਟੀ ਦੁਆਰਾ ਭਾਰਤ ‘ਚ ਘੱਟ ਗਿਣਤੀਆਂ ਖਿਲਾਫ ਵਧ ਰਹੀਆਂ ਹਿੰਸਕ ਕਾਰਵਾਈਆਂ ਦੀ ਸੁਣਵਾਈ ਕਰਦਿਆਂ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ।

ਟੌਮ ਲੈਂਟੋਸ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਕਰਵਾਈ ਗਈ ਇਕ ਜਨਤਕ ਸੁਣਵਾਈ ਦੌਰਾਨ ਅਮਰੀਕਾ, ਯੂ. ਕੇ. ਅਤੇ ਭਾਰਤ ਤੋਂ ਆਏ ਵੱਖ-ਵੱਖ ਵਫਦਾਂ ਨੇ ਭਾਰਤ ‘ਚ ਘੱਟ ਗਿਣਤੀਆਂ ‘ਚ ਵਧਦੀ ਅਸੁਰੱਖਿਅਤ ਦੀ ਭਾਵਨਾ ਸਬੰਧੀ ਰੋਸ ਜ਼ਾਹਿਰ ਕੀਤਾ ।ਇਸ ਮੀਟਿੰਗ ‘ਚ ਹੋਰਨਾਂ ਤੋਂ ਇਲਾਵਾ ਅਮਰੀਕੀ ਕਾਂਗਰਸ ਦੇ ਮੈਂਬਰ ਪੈਟਰਿਕ ਮੀਹਾਨ ਜੋ ਕਿ ਅਮਰੀਕੀ ਸਿੱਖ ਕਾਂਗਰਸ ਕਾਕਸ ਦੇ ਕੋ-ਚੇਅਰ ਵੀ ਹਨ, ਮੌਜੂਦ ਸਨ ।
ਉਨ੍ਹਾਂ ਤੋਂ ਇਲਾਵਾ ਇਸ ਕਮੇਟੀ ‘ਚ ਕਾਂਗਰਸ ਦੇ ਮੈਂਬਰ ਜੋਸਿਕ ਪਿਟਸ ਅਤੇ ਜੀਮੈਗਵਰਨ ਜੋ ਕਿ ਟੌਮ ਲੈਂਟੋਸ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋ-ਚੇਅਰ ਹਨ, ਸ਼ਾਮਿਲ ਸਨ ।ਉਨ੍ਹਾਂ ਨੇ ਭਾਰਤ ਦੇ ਬਦਲਦੇ ਸਮਾਜਿਕ, ਕਾਨੂੰਨੀ ਅਤੇ ਸੱਭਿਆਚਾਰਕ ਰੂਪ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ‘ਚ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਭਾਰਤ ਦੇ ਸੰਵਿਧਾਨ ਦਾ ਮੂਲ ਮੁੱਦਾ ਹੈ ।
ਕਮੇਟੀ ਦੀ ਸੁਣਵਾਈ ਦੌਰਾਨ ਇਹ ਵੀ ਮਹਿਸੂਸ ਕੀਤਾ ਗਿਆ ਕਿ ਪਿਛਲੇ ਕੁਝ ਸਾਲਾਂ ‘ਚ ਭਾਰਤ ‘ਚ ਘੱਟ ਗਿਣਤੀਆਂ ਦੇ ਅਧਿਕਾਰਾਂ ‘ਤੇ ਹਮਲਾ ਅਤੇ ਜ਼ੁਲਮਾਂ ‘ਚ ਵਾਧਾ ਹੋਇਆ ਹੈ ।ਇਸ ਸੁਣਵਾਈ ‘ਚ ਰੈਵ ਜੋਸ਼ਵਾ ਰਾਜਾ ਜੋ ਕਿ ਰਿਸਰਚ ਸੁਪਰਵਾਈਜ਼ਰ, ਯੂਨੀਵਰਸਿਟੀ ਆਫ ਐਮਸਟਰਡਮ, ਇਕਤਦਾਰ ਕਰਮਾਤ ਚੀਮਾ, ਪ੍ਰੋ: ਗੁਰਦਰਸ਼ਨ ਸਿੰਘ ਢਿੱਲੋਂ, ਸਾਹਰ ਚੌਧਰੀ, ਜੋਨ ਸਿਫ਼ਟਨ ਮੌਜੂਦ ਸਨ ।ਕਮੇਟੀ ਸਾਹਮਣੇ ਪੇਸ਼ ਹੋਈਆਂ ਸਿਫਾਰਸ਼ਾਂ ‘ਚ ਅਮਰੀਕੀ ਪ੍ਰਸ਼ਾਸਨ ਨੂੰ ਇਹ ਅਪੀਲ ਕੀਤੀ ਗਈ ਕਿ ਉਹ ਨਵੀਆਂ ਬਦਲ ਰਹੀਆਂ ਪ੍ਰਸਥਿਤੀਆਂ ਦੇ ਮੱਦੇਨਜ਼ਰ ਭਾਰਤ ‘ਤੇ ਆਪਣੇ ਰਿਸ਼ਤਿਆਂ ਨੂੰ ਡੂੰਘਾਈ ਨਾਲ ਵਿਚਾਰੇ ।
ਫਰੈਂਡਜ਼ ਆਫ ਅਮਰੀਕਨ ਸਿੱਖ ਕਾਕਸ ਦੇ ਹਰਪ੍ਰੀਤ ਸਿੰਘ ਨੇ ਜਾਰੀ ਬਿਆਨ ‘ਚ ਅਮਰੀਕੀ ਪ੍ਰਸ਼ਾਸਨ ਦਾ ਧੰਨਵਾਦ ਕੀਤਾ ।ਉਨ੍ਹਾਂ ਕਿਹਾ ਕਿ ਭਾਰਤ ‘ਚ ਘੱਟ ਗਿਣਤੀ ਦੀ ਆਜ਼ਾਦੀ ‘ਤੇ ਇਕ ਜਨਤਕ ਸੁਣਵਾਈ ਕਰਵਾਉਣਾ ਇਕ ਮਹੱਤਵਪੂਰਨ ਉਪਲਬਧੀ ਹੈ ।