ਨਵੀਂ ਦਿੱਲੀ: ਵਿਵਾਦਤ ਫਿਲਮ ‘ਨਾਨਕ ਸ਼ਾਹ ਫਕੀਰ’ ਦਿੱਲੀ ਵਿੱਚ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਲੈਫਟੀਨੈਂਟ ਗਵਰਨਰ ਦੇ ਦਫਤਰ ਦੇ ਬਾਹਰਮਿਤੀ 17 ਅਪ੍ਰੈਲ ਨੂੰ ਰੋਸ ਮੁਜਾਹਰਾ ਕਰਕੇ ਮੰਗ ਕੀਤੀ ਸਿੱਖਾਂ ਦੀਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਦੀ ਇਸ ਫਿਲਮ ‘ਤੇ ਤੁਰੰਤ ਰੋਕ ਲਗਾਈ ਜਾਵੇ।

ਇਸ ਤੋਂ ਪਹਿਲਾਂ ਕਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਫਦ ਨੇ ਨਾਨਕ ਸ਼ਾਹ ਫਕੀਰ ਨੂੰ ਦਿੱਲੀ ਵਿੱਚ ਰੀਲੀਜ਼ ਹੋਣ ਤੋ ਰੋਕਣ ਲਈ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਪਰ ਮੁੱਖ ਮੰਤਰੀ ਨੇ ਕਿਹਾ ਕਿ ਰੋਕ ਲਗਾਉਣਾ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀ ਹੈ ਅਤੇ ਉਹ ਤਾਂ ਸਿਰਫ ਲੈਫਟੀਨੈਂਟ ਗਵਰਨਰ ਨੂੰ ਰੋਕ ਲਗਾਉਣ ਦੀ ਸ਼ਿਫਾਰਸ਼ ਹੀ ਕਰ ਸਕਦੇ ਹਨ। ਮੁੱਖ ਮੰਤਰੀ ਨੇ ਵਫਦ ਦੇ ਬੈਠਿਆ ਹੀ ਆਪਣੀ ਸਿਫਾਰਸ਼ ਲੈਫਟੀਨੈਂਟ ਗਵਰਨਰ ਨੂੰ ਭੇਜ ਦਿੱਤੀ ਪਰ ਫਿਰ ਅੱਜ ਜਦੋ ਫਿਲਮ ਤੇ ਰੋਕ ਨਾ ਲੱਗੀ ਤਾਂ ਭਾਰੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਰਕਰਾਂ ਤੇ ਆਗੂਆਂ ਨੇ ਲੈਫਟੀਨੈਂਟ ਗਵਰਨਰ ਦੇ ਦਫਤਰ ਦੇ ਬਾਹਰ ਰੋਸ ਮੁਜਾਹਰਾ ਕੀਤਾ!

ਇਸ ਸਮੇਂ ਹਰਵਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਪੰਜ ਮੈਂਬਰੀ ਵਫਦ ਨੇ ਲੈਫਟੀਨੈਂਟ ਗਵਰਨਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਪੱਤਰ ਦੇ ਕੇ ਮੰਗ ਕੀਤੀ ਕਿ ਸਿੱਖ ਗੁਰੂਆ ਦਾ ਨਿਰਾਦਰ ਕਰਦੀ ਇਸ ਫਿਲਮ ਤੋ ਤੁਰੰਤ ਰੋਕ ਲਗਾਈ ਜਾਵੇ ਜਦ ਕਿ ਲੈਫਟੀਨੈਂਟ ਗਵਰਨਰ ਨੇ ਸ਼ਾਮ ਤੱਕ ਰੋਕ ਲਗਾਉਣ ਦਾ ਭਰੋਸਾ ਦਿੱਤਾ ਤਾਂ ਜਾ ਕੇ ਧਰਨਾ ਚੁੱਕਿਆ ਗਿਆ।
ਇਸ ਸਮੇਂ ਉਹਨਾਂ ਦੇ ਨਾਲ ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਮੀਤ ਪਰਧਾਨ ਭਜਨ ਸਿੰਘ ਵਾਲੀਆ, ਦਿੱਲੀ ਕਮੇਟੀ ਦੇ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਸ੍ਰ ਤਰਸੇਮ ਸਿੰਘ ਖਾਲਸਾ, ਸਾਬਕਾ ਮੈਂਬਰ ਬਲਦੇਵ ਸਿੰਘ ਰਾਣੀ ਬਾਗ,ਕਰਤਾਰ ਸਿੰਘ ਕੋਛੜ, ਦਮਨਦੀਪ ਸਿੰਘ, ਪ੍ਰਧਾਨ, ਸ੍ਰੋਮਣੀ ਯੂਥ ਅਕਾਲੀ ਦਿੱਲੀ ਵੀ ਨਾਲ ਸਨ।