ਨਵੀਂ ਦਿੱਲੀ (12 ਫਰਵਰੀ, 2015): ਭਾਰਤ ਦੀ ਕੇਂਦਰ ਸਰਕਾਰ ਨੇ ਨਵੰਬਰ 1984 ਵਿੱਚ ਤਤਕਾਰੀ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿਚ ਹੋਏ ਸਿੱਖ ਕਤਲੇਆਮ ਨਾਲ ਸਬੰਧਿਤ ਕੇਸਾਂ ਦੀ ਨਵੇਂ ਸਿਰੇ ਤੋਂ ਜਾਂਚ ਕਰਵਾਉਣ ਲਈ ਅੱਜ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਦਾ ਗਠਨ ਕਰ ਦਿੱਤਾ ।

ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਮੁਖੀ ਸੀਨੀਅਰ ਆਈ. ਏ. ਐਸ. ਅਧਿਕਾਰੀ ਪ੍ਰਮੋਦ ਅਸਥਾਨਾ ਨੂੰ ਨਿਯੁਕਤ ਕੀਤਾ ਗਿਆ ਹੈ ਜਦਕਿ ਦਿੱਲੀ ਦੇ ਸੇਵਾ ਮੁਕਤ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਕੇਸ਼ ਕਪੂਰ ਅਤੇ ਦਿੱਲੀ ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ ਕੁਮਾਰ ਗਣੇਸ਼ ਇਸ ਦੇ ਦੋ ਮੈਂਬਰ ਹੋਣਗੇ । ਇਹ ਵਿਸ਼ੇਸ਼ ਜਾਂਚ ਟੀਮ ਆਪਣੀ ਰਿਪੋਰਟ 6 ਮਹੀਨਿਆਂ ਦੇ ਅੰਦਰ ਅੰਦਰ ਸੌਾਪੇਗੀ ।
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਐਸ. ਆਈ. ਟੀ. ਦੇ ਗਠਨ ਸਬੰਧੀ ਜਾਰੀ ਹੁਕਮਾਂ ਵਿਚ ਇਸ ਦੇ ਕਾਰਜਖੇਤਰ ਦਾ ਜ਼ਿਕਰ ਕੀਤਾ ਗਿਆ ਹੈ । ਵਿਸ਼ੇਸ਼ ਜਾਂਚ ਟੀਮ ਦਾ ਗਠਨ ਸੁਪਰੀਮ ਕੋਰਟ ਦੇ ਸਾਬਕਾ ਜੱਜ ਜੀ ਪੀ ਮਾûਰ ਦੀ ਅਗਵਾਈ ਵਾਲੀ ਕਮੇਟੀ ਦੀ ਸਿਫਾਰਸ਼ ਪਿੱਛੋਂ ਕੀਤਾ ਗਿਆ ਹੈ । ਕਮੇਟੀ ਨੇ ਪਿਛਲੇ ਮਹੀਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਆਪਣੀ ਰਿਪੋਰਟ ਪੇਸ਼ ਕਰਦਿਆਂ 31 ਅਕਤੂਬਰ 1984 ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆਂ ਪਿੱਛੋਂ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਨਵੇਂ ਸਿਰਿਓਾ ਜਾਂਚ ਕਰਨ ਦੀ ਸਿਫਾਰਸ਼ ਕੀਤੀ ਸੀ ।
ਐਸ.ਆਈ.ਟੀ. ਦੇ ਮੈਂਬਰਾਂ ਨੂੰ ਕੰਮ ਦੀ ਵੰਡ:
• ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਪ੍ਰਮੋਦ ਅਸਥਾਨਾ ਰੋਜ਼ਾਨਾ ਜਾਂਚ ਦੀ ਨਿਗਰਾਨੀ ਕਰਨਗੇ ।
• ਜਾਂਚ ਟੀਮ ਦੇ ਮੈਂਬਰ ਸੇਵਾ ਮੁਕਤ ਜੱਜ ਰਾਕੇਸ਼ ਕਪੂਰ ਸਿੱਖ ਕਤਲੇਆਮ ਨਾਲ ਸਬੰਧਿਤ ਅਦਾਲਤਾਂ ਵਿਚਲੇ ਉਨ੍ਹਾਂ ਕੇਸਾਂ ਦੀ ਨਿਗਰਾਨੀ ਕਰਨਗੇ ਜਿਨ੍ਹਾਂ ਵਿਚ ਦੋਸ਼ ਪੱਤਰ ਤਾਂ ਦਾਖਲ ਕਰ ਦਿੱਤੇ ਗਏ ਪਰ ਕੇਸ ਅੱਗੇ ਨਹੀਂ ਵਧ ਸਕੇ ।
• ਜਾਂਚ ਟੀਮ ਦੇ ਤੀਜੇ ਮੈਂਬਰ ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ ਕੁਮਾਰ ਗਣੇਸ਼ ਸਿੱਖ ਕਤਲੇਆਮ ਨਾਲ ਸਬੰਧਿਤ ਉਨ੍ਹਾਂ ਸਾਰੀਆਂ ਐਫ. ਆਈ. ਆਰ. ਦੀ ਪੁਣਛਾਣ ਕਰਨਗੇ, ਜਿਨ੍ਹਾਂ ਵਿਚ ਐਫ. ਆਈ. ਆਈ. ਆਰ. ਦਰਜ ਹੋਣ ਤੋਂ ਬਾਅਦ ਮਾਮਲੇ ਅੱਗੇ ਨਹੀਂ ਵਧ ਸਕੇ ।
ਐਸ. ਆਈ. ਟੀ. ਦਾ ਕਾਰਜਖੇਤਰ:
• ਐਸ. ਆਈ. ਟੀ. ਨਵੰਬਰ 1984 ਦੇ ਸਿੱਖ ਕਤਲੇਆਮ ਦੇ ਸਾਰੇ ਗੰਭੀਰ ਅਪਰਾਧਿਕ ਕੇਸਾਂ ਦੀ ਮੁੜ ਜਾਂਚ ਕਰੇਗੀ ।
• ਉਨ੍ਹਾਂ ਸਾਰੇ ਪੁਲਿਸ ਥਾਣਿਆਂ ਵਿਚਲੇ ਰਿਕਾਰਡ ਦੀ ਪੁਣਛਾਣ ਕਰੇਗੀ, ਜਿਨ੍ਹਾਂ ਅਧੀਨ ਆਉਂਦੇ ਇਲਾਕਿਆਂ ਵਿਚ ਸਿੱਖ ਵਿਰੋਧੀ ਦੰਗੇ ਹੋਏ ।
• ਜਸਟਿਸ ਐਸ ਡੀ ਜੈਨ ਅਤੇ ਜਸਟਿਸ ਡੀ ਕੇ ਅਗਰਵਾਲ ਕਮੇਟੀ ਵੱਲੋਂ ਇਕੱਠੀ ਕੀਤੀ ਜਾਣਕਾਰੀ ਦੀ ਵੀ ਛਾਣਬੀਣ ਕਰੇਗੀ ।
• ਸਿੱਖ ਕਤਲੇਆਮ ਦੀ ਵਿਸਥਾਰ ਨਾਲ ਜਾਂਚ ਕਰਨ ਲਈ ਕਾਨੂੰਨ ਅਨੁਸਾਰ ਲੋੜੀਂਦੇ ਕਦਮ ਉਠਾਏਗੀ ਅਤੇ ਜਾਂਚ ਦੌਰਾਨ ਇਕੱਠੇ ਕੀਤੇ ਗਏ ਸਬੂਤਾਂ ਤੇ ਅਧਾਰ ‘ਤੇ ਅਦਾਲਤ ਵਿਚ ਦੋਸ਼ ਪੱਤਰ ਦਾਖਲ ਕਰੇਗੀ ।
ਇਸ ਸਿੱਖ ਕਤਲੇਆਮ ‘ਚ ਵਿਚ 3325 ਵਿਅਕਤੀ ਮਾਰੇ ਗਏ ਸਨ। ਜਿਨਾਂ ਵਿਚੋਂ 2733 ਦਿੱਲੀ ਵਿਚ ਅਤੇ ਬਾਕੀ ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਦੂਸਰੇ ਸੂਬਿਆਂ ਵਿਚ ਮਾਰੇ ਗਏ ਸਨ ।