ਅੰਬਾਲਾ, (19 ਦਸੰਬਰ, 2014): ਸਿੱਖ ਕੌਮ ਦੀ ਆਨ ਸ਼ਾਨ ਅਤੇ ਜੁਲਮ ਖਿਲਾਫ ਆਪਣੇ ਘਰਾਂ ਅਤੇ ਪਰਿਵਾਰਾਂ ਨੂੰ ਅਲਵਿਦਾ ਆਖ ਕੌਮ ਦਾ ਭਵਿੱਖ ਰੋਸ਼ਨ ਕਰਨ ਤੁਰੇ ਸਿੱਖ ਨੌਜਵਾਨਾਂ ਦਾ ਭਵਿੱਖ ਜੇਲਾਂ ਦੀਆਂ ਕਾਲ ਕੋਠੜੀਆਂ ਬਣ ਕੇ ਰਹਿ ਗਈਆਂ।ਅਦਾਲਤਾਂ ਵੱਲੋਂ ਦਿੱਤੀਆਂ ਲੰਮੀਆਂ ਸਜ਼ਾਵਾਂ ਭੁਗਤਣ ਤੋਂ ਬਾਅਦ ਵੀ ਭਾਰਤ ਸਰਕਾਰ ਉਨ੍ਹਾਂ ਨੂੰ ਰਿਹਾਅ ਕਰਨ ਦਾ ਨਾਮ ਨਹੀਂ ਲੈ ਰਹੀ। ਸਿੱਖ ਕੌਮ ਦੇ ਆਗੂ ਅਖਵਾਉਣ ਵਾਲਿਆਂ ਨੇ ਵੀ ਉਨ੍ਹਾਂ ਦੀ ਰਿਹਾਈ ਪ੍ਰਤੀ ਕੋਈ ਰੁਚੀ ਨਹੀਂ ਦਿਖਾਈ ਸਗੋਂ ਆਨੇ ਬਹਾਨੇ ਉਨ੍ਹਾਂ ਦੀ ਰਿਹਾਈ ਵਿੱਚ ਰੋੜੇ ਅਟਕਾਏ।
ਇਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਦੁਜੀ ਵਾਰ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹੜਤਾਲ 36ਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਵੱਖ ਵੱਖ ਥਾਵਾਂ ‘ਤੇ ਸਿੱਖ ਸੰਗਤਾਂ ਨੇ ਵੀ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਹੈ।
ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਗੁਰੀ ਨੇ ਦੱਸਿਆ ਕਿ ਕੈਨੇਡਾ ਵਿੱਚ ਉਂਟਾਰੀਓ ਦੀ ਸੰਗਤ ਵੱਲੋਂ ਭਾਈ ਖ਼ਾਲਸਾ ਦੇ ਸਮਰਥਨ ਵਿੱਚ ਭਾਰਤੀ ਸਫ਼ਾਰਤਖਾਨੇ ਦੇ ਸਾਹਮਣੇ 22 ਦਸੰਬਰ ਤੋਂ ਲੜੀਵਾਰ ਭੱੁਖ ਹੜਤਾਲ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿੱਚ ਟੋਰਾਂਟੋ ਸਥਿਤ ਗੁਰੂ ਘਰਾਂ ਦੇ ਮੈਂਬਰ ਹਰ ਰੋਜ਼ ਵਾਰੀ ਵਾਰੀ ਬੈਠਣਗੇ।
ਇਹ ਜਾਣਕਾਰੀ ਉਨ੍ਹਾਂ ਨੂੰ ਸੁਖਵਿੰਦਰ ਸਿੰਘ ਹੰਸਰਾ ਨੇ ਕੈਨੇਡਾ ਤੋਂ ਫੋਨ ਕਰਕੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਤੇਲੰਗਾਨਾ ਦੇ ਸ਼ਹਿਰ ਹੈਦਰਾਬਾਦ ਅਤੇ ਪੰਜਾਬ ਦੇ ਜਲੰਧਰ ਤੇ ਮੋਗਾ ਵਿੱਚ ਵੀ ਖ਼ਾਲਸਾ ਦੇ ਸਮਰਥਨ ਵਿੱਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾ ਚੁੱਕੀ ਹੈ।
ਭਾਈ ਖ਼ਾਲਸਾ ਨੇ ਉਨ੍ਹਾਂ ਦੇ ਸਮਰਥਨ ਵਿੱਚ ਭੁੱਖ ਹੜਤਾਲ ਰੱਖਣ ਵਾਲਿਆਂ ਦਾ ਧੰਨਵਾਦ ਕੀਤਾ ਹੈ। ਸ਼੍ਰੀ ਗੁਰੀ ਨੇ ਦੱਸਿਆ ਕਿ ਖ਼ਾਲਸਾ ਦੇ ਸੰਘਰਸ਼ ਨੂੰ ਸਮਰਥਨ ਦੇਣ ਲਈ ਅੱਜ ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਪਹੁੰਚੇ। ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ 22 ਦਸੰਬਰ ਨੂੰ ਪੰਜਾਬ ਵਿੱਚ ਜ਼ਿਲ੍ਹਾ ਪੱਧਰ ‘ਤੇ ਭਾਈ ਖ਼ਾਲਸਾ ਦੀ ਮੰਗ ਸਬੰਧੀ ਸਬੰਧਤ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਦੇ 13000 ਮੈਂਬਰ ਹਨ ਜੋ ਭਾਈ ਖ਼ਾਲਸਾ ਦੀ ਹਮਾਇਤ ਵਿੱਚ ਖੜ੍ਹੇ ਹਨ।