ਅੰਬਾਲਾ: ਮਿਤੀ 14 ਨਵੰਬਰ ਤੋਂ ਭਾਈ ਗੁਰਬਖਸ਼ ਸਿੰਘ ਖਾਲਸਾ ਹਰਿਆਣਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਫਿਰ ਤੋਂ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਾਲ ਵੀ 14 ਨਵੰਬਰ 2013 ਤੋਂ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸਿੱਖ ਸੰਗਤਾ ਦੇ ਆਦੇਸ਼ ਅਨੁਸਾਰ ਉਨ੍ਹਾਂ ਬੀਤੇ ਵਰ੍ਹੇ ਭੁੱਖ ਹੜਤਾਲ ਖਤਮ ਕੀਤੀ ਸੀ ਪਰ ਗਿਆਨੀ ਗੁਰਬਚਨ ਸਿੰਘ ਵਲੋਂ ਆਪਣੇ ਬਚਨ ਪੂਰੇ ਨਾ ਕਰਨ ਕਰਕੇ ਉਹ ਦੁਬਾਰਾ ਭੁੱਖ ਹੜਤਾਲ ਉੱਤੇ ਬੈਠੇ ਹਨ।
ਉਨ੍ਹਾਂ ਕਿਹਾ ਕਿ ਇਸ ਵਾਰ ਸਿੰਘਾਂ ਦੀ ਪੱਕੀ ਰਿਹਾਈ ਤੱਕ ਮੋਰਚਾ ਜਾਰੀ ਰਹੇਗਾ। ਉਹਨਾਂ ਕਿਹਾ ਕਿ ਇਸ ਵਾਰ ਇਹ ਸੰਘਰਸ਼ ਗੁਰਦੁਆਰਾ ਅੰਬ ਸਾਹਿਬ ਦੀ ਵਜਾਏ ਗੁਰਦੁਆਰਾ ਲਖਨੌਰ ਸਾਹਿਬ ਪਾਤਿਸ਼ਾਹੀ ਦਸਵੀਂ ਨੇੜੇ ਅੰਬਾਲਾ ਸ਼ਹਿਰ ਵਿਖੇ ਹੋਵੇਗਾ ਜੋ ਕਿ ਹਰਿਆਣਾ ਵਿਚ ਹੈ। ਉਹਨਾਂ ਕਿਹਾ ਕਿ ਇਸ ਸੰਘਰਸ਼ ਦੇ ਹਰਿਆਣਾ ਵਿੱਚ ਸ਼ੁਰੂ ਕਰਨ ਦਾ ਇੱਕ ਕਾਰਨ ਇਹ ਹੈ ਕਿ ਪੰਜਾਬ ਵਿੱਚ ਕਿਸੇ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਡੇਰੇਦਾਰਾਂ ਨੇ ਸੰਘਰਸ਼ ਲਈ ਸਥਾਨ ਦੇਣ ਦੀ ਹਾਮੀ ਨਹੀਂ ਭਰੀ ਕਿਉਂ ਕਿ ਹਾਮੀ ਭਰਨ ਦਾ ਮਤਲਬ ਸਰਕਾਰ ਨਾਲ ਟੱਕਰ ਲੈਣਾ ਹੈ ਜਿਸ ਲਈ ਕੋਈ ਤਿਆਰ ਨਹੀਂ।
ਇਸ ਮੌਕੇ ਉਹਨਾਂ ਗੁਰਦੁਆਰਾ ਲਖਨੌਰ ਸਾਹਿਬ ਦੀ ਕਮੇਟੀ ਦਾ ਸੰਘਰਸ਼ ਲਈ ਸਥਾਨ ਦੇਣ ਤੇ ਧੰਨਵਾਦ ਕੀਤਾ।
ਉਹਨਾਂ ਨੇ ਸਾਰੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਆਉ ਸਾਰੀ ਕੌਮ ਇੱਕ ਨਿਸ਼ਾਨ ਸਾਹਿਬ ਹੇਠ ਇਕੱਤਰ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੰਭਲਾ ਮਾਰੀਏ ਇਸ ਸਮੇਂ ਉਹਨਾਂ ਨਾਲ ਗੁਰਪ੍ਰੀਤ ਸਿੰਘ ਗੁਰੀ, ਗੁਰਪਿਆਰ ਸਿੰਘ, ਨਿਰੰਜਣ ਸਿੰਘ, ਸੁਰਜਾ ਸਿੰਘ, ਬਲਵਿੰਦਰ ਸਿੰਘ ਸਿਆਣ, ਇੰਦਰਪ੍ਰੀਤ ਸਿੰਘ, ਰਾਜਵਿੰਦਰ ਸਿੰਘ,ਕੁਲਦੀਪ ਸਿੰਘ, ਕੁਲਵੰਤ ਸਿੰਘ, ਰਾਜਵੀਰ ਸਿੰਘ ਆਦਿ ਮੌਜੂਦ ਸਨ।

ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਨਾ ਤਾਂ ਉਸ ਦਾ ਕਿਸੇ ਰਾਜਸੀ ਪਾਰਟੀ ਨਾਲ ਕੋਈ ਸੰਬੰਧ ਹੈ ਤੇ ਨਾ ਹੀ ਉਹ ਕਿਸੇ ਸਿਆਸੀ ਪਾਰਟੀ ਦੇ ਹੱਕ ਜਾਂ ਵਿਰੋਧ ਵਿਚ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਦਾ ਇਰਾਦਾ ਪੱਕਾ ਹੈ ਅਤੇ ਉਹ ਸਿੰਘਾਂ ਦੀ ਰਿਹਾਈ ਦਾ ਮੋਰਚਾ ਆਖਰੀ ਦਮ ਤੱਕ ਜਾਰੀ ਰੱਖਣਗੇ।
ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਸ਼ੁਰੂ ਕੀਤੇ ਮੋਰਚੇ ਨੂੰ ਸਿੱਖ ਸੰਗਤਾਂ ਵਲੋਂ ਭਾਈ ਹਿਮਾਇਤ ਮਿਲੀ ਸੀ ਜਿਸ ਕਾਰਨ ਬੁੜੈਲ ਜੇਲ੍ਹ ਵਿਚ ਨਜ਼ਰਬੰਦ ਤਿੰਨ ਸਿੰਘਾਂ ਦੀ ਪੇਰੋਲ ਉੱਤੇ ਆਰਜੀ ਰਿਹਾਈ ਹੋਈ ਸੀ, ਜਿਸ ਤੋਂ ਬਾਅਦ ਗੁਰਬਖਸ਼ ਸਿੰਘ ਖਾਲਸਾ ਨੇ ਮੋਰਚਾ ਸਮਾਪਤ ਕਰ ਦਿੱਤਾ ਸੀ। ਉਸ ਮੌਕੇ ਕਈ ਹਿੱਸਿਆਂ ਵਲੋਂ ਗੁਰਬਖਸ਼ ਸਿੰਘ ਦੇ ਫੈਸਲੇ ਉੱਤੇ ਇਤਰਾਜ਼ ਪਰਗਟ ਕੀਤੇ ਗਏ ਸਨ ਕਿਉਂਕਿ ਭਾਈ ਗੁਰਬਖਸ਼ ਸਿੰਘ ਨੇ ਮੋਰਚਾ ਕੇਵਲ ਤਿੰਨ ਸਿੰਘਾਂ ਦੀ ਆਰਜੀ ਰਿਹਾਈ ਉੱਤੇ ਹੀ ਸਮਾਪਤ ਕਰ ਦਿੱਤਾ ਸੀ ਜਦਕਿ ਮੋਰਚਾ ਲਗਾਉਣ ਵੇਲੇ 6 ਬੰਦੀ ਸਿੰਘਾਂ ਦੀ ਪੱਕੀ ਰਿਹਾਈ ਦੀ ਗੱਲ ਕੀਤੀ ਗਈ ਸੀ।
ਭਾਈ ਗੁਰਬਖਸ਼ ਸਿੰਘ ਨੇ ਕਿਹਾ ਕਿ ਇਹ ਗੱਲ ਧਿਆਨ ਵਿਚ ਰੱਖਣੀ ਚਾਹੀਦੀ ਹੈ ਕਿ ਉਨ੍ਹਾਂ ਦੇ ਮੋਰਚੇ ਕਾਰਨ ਹੀ ਭਾਈ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਅਤੇ ਗੁਰਮੀਤ ਸਿੰਘ ਨੂੰ ਪੇਰੋਲ ਮਿਲਣੀ ਸ਼ੁਰੂ ਹੋਈ ਹੈ।