
ਫਿਰੋਜਪੁਰ (21 ਨਵੰਬਰ, 2014):ਪਿੱਛਲੇ ਦਿਨੀ ਫਿਰੋਜਪੁਰ ਦੇ ਪਿੰਡ ਜੋਗੇਵਾਲਾ ਵਿੱਚ ਸਿਖਾਂ ਅਤੇ ਡੇਰਾ ਪ੍ਰੇਮੀਆਂ ਵਿੱਚ ਹੋਈ ਝੜਪ ਤੋਂ ਬਾਅਦ ਪਰਚਾ ਦਰਜ਼ ਹੋਣ ਕਾਰਣ ਡੇਰਾ ਪ੍ਰੇਮੀ ਕਾਂਫੀ ਗੁੱਸੇ ਵਿੱਚ ਹਨ ਅਤੇ ਪੁਲਿਸ ‘ਤੇ ਸਿੱਖਾਂ ਨਾਲ ਮਿਲੇ ਹੋਣ ਦਾ ਦੋਸ਼ ਲਾ ਰਹੇ ਹਨ।
ਅੱਜ ਡੇਰਾ ਸਿਰਸਾ ਦੀ 45 ਮੈਂਬਰੀ ਸੂਬਾ ਕਮੇਟੀ ਨੇ ਇਹ ਪਰਚਾ ਰੱਦ ਕਰਨ ਦੀ ਮੰਗ ਸਬੰਧੀ ਅਤੇ ਜ਼ੀਰਾ ਦੇ ਡੀਐਸਪੀ ਹਰਦੇਵ ਸਿੰਘ ਬੋਪਾਰਾਏ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਫ਼ਿਰੋਜ਼ਪੁਰ ਰੇਂਜ ਦੇ ਡੀਆਈਜੀ ਮੋਹਨੀਸ਼ ਚਾਵਲਾ ਨੂੰ ਸ਼ਨਿਚਰਵਾਰ ਤੱਕ ਦਾ ਅਲਟੀਮੇਟਮ ਦਿੱਤਾ ਹੈ।
ਡੇਰਾ ਪ੍ਰੇਮੀਆਂ ਨੇ ਬੀਤੇ ਦਿਨ ਡੀਆਈਜੀ ਮੋਹਨੀਸ਼ ਚਾਵਲਾ ਨਾਲ ਇਸ ਮਾਮਲੇ ’ਤੇ ਮੁਲਾਕਾਤ ਕੀਤੀ । ਡੇਰਾ ਪ੍ਰੇਮੀਆਂ ਨੇ ਉਨ੍ਹਾਂ ਪਾਸੋ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਨਾਮਜ਼ਦ ਸਿੱਖ ਕਾਰਕੁਨਾਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ। ਡੀਆਈਜੀ ਚਾਵਲਾ ਨੇ ਵਫ਼ਦ ਨੂੰ ਸ਼ਨਿਚਰਵਾਰ ਤੱਕ ਦਾ ਸਮਾਂ ਦਿੱਤਾ ਹੈ। ਡੇਰਾ ਪ੍ਰੇਮੀਆਂ ਨੇ ਚੇਤਾਵਨੀ ਦਿੱਤੀ ਕਿ ਸ਼ਨਿਚਰਵਾਰ ਤੋਂ ਬਾਅਦ ਉਹ ਹੋਰ ਇੰਤਜ਼ਾਰ ਨਹੀਂ ਕਰਨਗੇ। ਇਸ ਤੋਂ ਬਾਅਦ ਪੰਜਾਬ ਭਰ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।
ਇਹ ਵੀ ਕਿਹਾ ਕਿ ਲੋੜ ਪਈ ਤਾਂ ਦੇਸ਼ ਵਿਆਪੀ ਅੰਦੋਲਨ ਕਰਨ ਤੋਂ ਵੀ ਡੇਰਾ ਪ੍ਰੇਮੀ ਪਿੱਛੇ ਨਹੀਂ ਹਟਣਗੇ। ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜੋਗੇਵਾਲਾ ਕਾਂਡ ਵਿੱਚ ਸ਼ਾਮਲ ਸਿੱਖ ਕਾਰਕੁਨਾਂ ਨਾਲ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਇੱਥੇ ਬਾਰਡਰ ਰੋਡ ਸਥਿਤ ਨਾਮ ਚਰਚਾ ਘਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੇਰੇ ਦੀ ਸੂਬਾ ਕਮੇਟੀ ਦੇ ਅਹੁਦੇਦਾਰ ਰਵੀ ਇੰਸਾਂ, ਬੇਅੰਤ ਸਿੰਘ ਇੰਸਾਂ, ਬਲਕਾਰ ਸਿੰਘ ਇੰਸਾਂ ਅਤੇ ਸੁਖਦੀਪ ਸਿੰਘ ਇੰਸਾਂ ਨੇ ਕਿਹਾ ਕਿ ਪੁਲੀਸ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ, ਜਿਸਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਜੋਗੇਵਾਲਾ ਕਾਂਡ ਵਿੱਚ ਪੁਲੀਸ ਨੇ ਵੀਰਵਾਰ ਰਾਤ ਨੂੰ 17 ਡੇਰਾ ਪ੍ਰੇਮੀਆਂ ਸਮੇਤ 300 ਅਣਪਛਾਤੇ ਲੋਕਾਂ ਖ਼ਿਲਾਫ਼ ਇਰਾਦਾ ਕਤਲ ਅਤੇ ਹੋਰ ਸੰਗੀਨ ਅਪਰਾਧਕ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਹੈ।