ਸਮਰਾਲਾ (2 ਅਕਤੂਬਰ,2014): ਲੁਧਿਆਣਾ ਦੇ ਜਮਾਲਪੁਰ ਵਿੱਚ ਖੰਨਾ ਪੁਲਿਸ ਵੱਲੋ ਫਰਜ਼ੀ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਦੋ ਸੱਕੇ ਭਰਾਵਾਂ ਕਾਤਲ ਪੁਲਿਸ ਮੁਲਾਜ਼ਮਾਂ/ ਅਫਸਰਾਂ ਅਤੇ ਰਾਜਸੀ ਵਿਅਕਤੀਆਂ ਨੂੰ ਸਜ਼ਾ ਦਿਵਾਉਣ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੰਗਰੂਰ ਲੋਕ ਸਭਾ ਹਲਕਾ ਤੋਂ ਮੈਂਬਰ ਭਗਵੰਤ ਮਾਨ ਨੇ ਇਸ ਫਰਣੀ ਪੁਲਿਸ ਮੁਕਾਬਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਹ ਕੇਸ ਵਿੱਚ ਪੀੜਤ ਪਰਿਵਾਰ ਨੂੰ ਜਲਦੀ ਇਨਸਾਫ ਦਿਵਾਉਣ ਲਈ ਫਾਸਟ ਟਰੈਕ ਅਦਾਲਤ ਦਾ ਗਠਨ ਕੀਤਾ ਜਾਵੇ।

ਮਾਨ ਨੇ ਧਰਨੇ ਵਿਚ ਸ਼ਾਮਲ ਹੋਣ ਆਏ ਦਰਜਨਾਂ ਪਰਵਾਰਾਂ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਹਰ ਸਮੇਂ ਉਨ੍ਹਾਂ ਦੇ ਦੁੱਖ ਸੁੱਖ ਵਿਚ ਸ਼ਰੀਕ ਹੈ ਅਤੇ ਅਦਾਲਤਾਂ ਵਿਚ ਚਲ ਰਹੇ ਕੇਸਾਂ ਲਈ ਅਪਣੇ ਕੋਲੋਂ ਵਕੀਲ ਕਰ ਕੇ ਦੇਵੇਗੀ ਅਤੇ ਇਨਸਾਫ਼ ਮਿਲਣ ਤਕ ਉਕਤ ਜਾਂਚ ਜਾਰੀ ਰਹੇਗੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਉਕਤ ਘਟਨਾ ਦੀ ਕਰੜੀ ਨਿੰਦਾ ਕਰਦਿਆਂ ਪੰਜਾਬ ਵਿਚ ਸਰਕਾਰੀਤੰਤਰ ਵਲੋਂ ਕੀਤੀ ਜਾ ਰਹੀ ਕਥਿਤ ਗੁੰਡਾਗਰਦੀ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਸੁਖਬੀਰ ਸਿੰਘ ਬਾਦਲ ਤੋਂ ਅਸਤੀਫ਼ੇ ਦੀ ਮੰਗ ਕੀਤੀ। ਬਾਜਵਾ ਨੇ ਕਿਹਾ ਕਿ ਪੰਜਾਬ ਵਿਚ ਹੋ ਰਹੇ ਮਾੜੇ ਕੰਮਾਂ ਲਈ ਅਕਾਲੀ ਭਾਜਪਾ ਦੇ ਆਗੂ ਸ਼ਾਮਲ ਹਨ।
ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਹਲਕਾ ਪਾਇਲ ਦੇ ਇੰਚਾਰਜ ਲਖਬੀਰ ਸਿੰਘ ਲੱਖਾ ਪਾਇਲ, ਹਰਦੀਪ ਸਿੰਘ ਢਿੱਲੋਂ ਜ਼ਿਲ੍ਹਾ ਜਨਰਲ ਸਕੱਤਰ ਆਦਿ ਨੇ ਪ੍ਰਭਾਵਤ ਪਰਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿਤਾ।
ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਕਾ. ਕਰਤਾਰ ਸਿੰਘ ਬੁਆਣੀ, ਅਮਰਜੀਤ ਸਿੰਘ ਬਾਲਿਉਂ ਪੀਪਲਜ਼ ਪਾਰਟੀ ਆਫ਼ ਪੰਜਾਬ, ਜਸਵੰਤ ਸਿੰਘ ਅਕਾਲੀ ਦਲ ਮਾਨ, ਕੁਲਦੀਪ ਸਿੰਘ ਗਰੇਵਾਲ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਦਰਸ਼ਨ ਕੁਮਾਰ ਪਦਮ ਬਹੁਜਨ ਸਮਾਜ ਪਾਰਟੀ, ਸੁਖਵਿੰਦਰ ਸਿੰਘ ਸੇਖੋਂ ਸਕੱਤਰ ਸੀਪੀਐਮ ਨੇ ਵੀ ਉਕਤ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾਵਾਂ ਦੇਣ ਦੀ ਮੰਗ ਕੀਤੀ। ਇਸ ਸਮੇਂ ਪੀੜਤ ਪਰਵਾਰ ਦੇ ਮੈਂਬਰਾਂ ਵਿਚ ਪਿਤਾ ਸਤਪਾਲ ਸਿੰਘ, ਮਾਤਾ ਅਤੇ ਛੋਟੀ ਭੈਣ ਸਮੇਤ ਰਿਸ਼ਤੇਦਾਰ ਅਤੇ ਨਗਰ ਨਿਵਾਸੀ ਹਾਜ਼ਰ ਸਨ।