ਚੰਡੀਗੜ (14 ਸਤੰਬਰ, 2014): ਦੋ ਦਿਨਾ ਮਾਈ ਭਾਗੋ ਗਤਕਾ ਕੱਪ (ਮਹਿਲਾ) ਚੈਂਪੀਅਨਸ਼ਿਪ (ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ) ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ 27 ਸਤੰਬਰ ਤੋਂ ਸ਼ਾਹੀ ਫ਼ਿਜ਼ੀਕਲ ਕਾਲਜ ਝਕੜੌਦੀ, ਸਮਰਾਲਾ ਜਿਲਾ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿੱਚ ਰਾਜ ਦੇ ਸਾਰੇ ਜਿਲਿਆਂ ਵਿੱਚੋਂ ਲੜਕੀਆਂ ਦੀਆਂ ਗੱਤਕਾ ਟੀਮਾਂ ਭਾਗ ਲੈਣਗੀਆਂ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸਲਾਨਾ ਟੂਰਨਾਮੈਂਟ ਨੂੰ ਮਾਈ ਭਾਗੋ ਕੱਪ ਵਜੋਂ ਖੇਡਿਆ ਜਾਂਦਾ ਹੈ ਜਿਸ ਵਿਚ ਉਮਰ ਵਰਗ 14 ਸਾਲ ਤੋਂ ਘੱਟ, 17 ਸਾਲ, 19 ਸਾਲ22 ਸਾਲ ਅਤੇ 25 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਸੋਟੀ, ਫ਼ੱਰੀ-ਸੋਟੀ ਅਤੇ ਸ਼ਸ਼ਤਰ ਪ੍ਰਦਰਸ਼ਨੀ ਦੇ ਇਕਹਿਰੇ ਅਤੇ ਟੀਮ ਮੁਕਾਬਲਿਆਂ ਦੌਰਾਨ ਗੱਤਕੇ ਦੇ ਜੰਗਜੂ ਜੌਹਰ ਦਿਖਾਉਣਗੀਆਂ।
ਉਨਾਂ ਦੱਸਿਆ ਕਿ ਸਾਰੇ ਜਿਲਿਆਂ ਦੀਆਂ ਗੱਤਕਾ ਐਸੋਸੀਏਸ਼ਨਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਜ਼ਿਲਾ ਟੀਮਾਂ ਦੀ ਚੋਣ ਕਰਨ ਲਈ ਟਰਾਇਲਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦੇਣ ਅਤੇ ਟੀਮਾਂ ਦੀਆਂ ਤਿਆਰ ਸੂਚੀਆਂ ਇਸ ਟੁਰਨਾਂਮੈਂਟ ਦੇ ਕਨਵੀਨਰ ਬਲਜਿੰਦਰ ਸਿੰਘ ਤੂਰ ਨੂੰ 21 ਸਤੰਬਰ ਤੱਕ ਜਮਾਂ ਕਰਵਾ ਦੇਣ ਤਾਂ ਜੋ 22 ਸਤੰਬਰ ਨੂੰ ਟੀਮਾਂ ਦੀਆਂ ਟਾਈਆਂ ਪਾ ਕੇ ਮੁਕਾਬਲਿਆਂ ਦਾ ਐਲਾਨ ਕੀਤਾ ਜਾ ਸਕੇ।
ਉਨਾਂ ਕਿਹਾ ਕਿ ਇਸ ਟੂਰਨਾਂਮੈਂਟ ਵਿੱਚੋਂ ਰਾਜ ਦੀ ਲੜਕੀਆਂ ਦੀ ਗੱਤਕਾ ਟੀਮ ਦੀ ਵੀ ਚੋਣ ਕੀਤੀ ਜਾਵੇਗੀ ਜੋ ਕਿ ਦਸੰਬਰ ਮਹੀਨੇ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਹੋਣ ਵਾਲੀ ਨੈਸ਼ਨਲ ਵਿਮੈਨ ਗੱਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰੇਗੀ।
ਉਦਘਾਟਨ ਤੋਂ ਪਹਿਲਾਂ ਸ਼ਬਦ ਗਾਇਨ, ਅਰਦਾਸ, ਝੰਡਾ ਝੁਲਾਉਣ, ਮਾਰਚ ਪਾਸਟ ਅਤੇ ਸਹੁੰ ਚੁੱਕਣ ਦੀ ਰਸਮ ਉਪਰੰਤ ਸਵੇਰੇ 9.30 ਵਜੇ ਟੂਰਨਾਮੈਂਟ ਦੀ ਆਰੰਭਤਾ ਹੋਵੇਗੀ।