ਜ਼ੀਰਕਪੁਰ (18 ਸਤੰਬਰ, 2014): ਸਿੱਖ ਸੰਘਰਸ਼ ਦੇ ਅਣਮੋਲ ਹੀਰੇ ਭਾਈ ਜਗਤਾਰ ਸਿੰਘ ਹਵਾਰਾ ਦਾ ਸਾਥੀ ਬਲਜੀਤ ਸਿੰਘ ਭਾਊ ਦਿੱਲੀ ਦੀ ਇੱਕ ਅਦਾਲਤ ਵੱਲੋਂ ਦੇਸ਼ ਧਰੋਹ ਦੇ ਕੇਸ ਵਿੱਚ ਸਜ਼ਾ ਸੁਣਾਉਣ ਤੋਂ ਬਾਅਦ ਤਿਹਾੜ ਜੇਲ੍ਹ ‘ਚੋਂ ਅੱਜ ਸਾਢੇ ਛੇ ਸਾਲ ਮਗਰੋਂ ਰਿਹਾਅ ਹੋ ਗਿਆ।
ਹਲਕਾ ਡੇਰਾਬਸੀ ਦੇ ਪਿੰਡ ਕੁਰਲੀ ਨਾਲ ਸਬੰਧਤ ਬਲਜੀਤ ਸਿੰਘ ਭਾਊ 2005 ‘ਚ ਜਗਤਾਰ ਸਿੰਘ ਹਵਾਰਾ ਦੀ ਗਿ੍ਫ਼ਤਾਰੀ ਤੋਂ ਬਾਅਦ ਚਰਚਾ ‘ਚ ਆਇਆ ਸੀ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈਲ ਨੇ ਪਟਿਆਲਾ ਤੋਂ 1 ਜਨਵਰੀ 2008 ਨੂੰ ਫਿਰ ਬਲਜੀਤ ਸਿੰਘ ਭਾਊ ਨੂੰ ਗਿ੍ਫ਼ਤਾਰ ਕਰ ਲਿਆ ਸੀ ਤੇ ਦੇਸ਼ ਵਿਰੋਧੀ ਸਰਗਰਮੀਆਂ ‘ਚ ਸ਼ਾਮਿਲ ਹੋਣ ਦੇ ਦੋਸ਼ਾਂ ਤਹਿਤ ਕਈ ਧਾਰਾਵਾਂ ਅਧੀਨ ਕੇਸ ਦਰਜ ਕਰ ਦਿੱਲੀ ਵਿਖੇ ਗਿ੍ਫ਼ਤਾਰੀ ਪਾ ਦਿੱਤੀ ਸੀ।
ਬਲਜੀਤ ਸਿੰਘ ਭਾਊ ਤੇ 2005 ਤੋਂ ਬਾਅਦ ਦੇਸ਼ ਧਰੋਹ ਸਮੇਤ 8 ਕੇਸ ਪਾਏ ਗਏ ਸਨ ਜਿਨ੍ਹਾਂ ‘ਚੋਂ 7 ਕੇਸਾਂ ‘ਚ ਉਹ ਪਹਿਲਾਂ ਹੀ ਬਰੀ ਹੋ ਗਿਆ ਸੀ।
ਬੱਬਰ ਖਾਲਸਾ ਦੇ ਆਗੂ ਜਗਤਾਰ ਸਿੰਘ ਤਾਰਾ ਨਾਲ ਪਾਕਿਸਤਾਨ ‘ਚ ਤਾਲਮੇਲ ਰੱਖਣ ਨਾਲ ਸਬੰਧਤ ਚੱਲ ਰਹੇ ਆਖਰੀ ਕੇਸ ‘ਚ ਅਦਾਲਤ ਵਲੋਂ 16 ਸਤੰਬਰ ਨੂੰ 7500 ਰੁਪਏ ਜੁਰਮਾਨਾ ਤੇ ਸਾਢੇ ਛੇ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਬਲਜੀਤ ਸਿੰਘ ਭਾਊ ਦੀ ਰਿਹਾਈ ਲਈ ਰਾਹ ਪੱਧਰਾ ਹੋ ਗਿਆ ਸੀ ਕਿਉਂਕਿ ਸੁਣਾਈ ਗਈ ਸਜ਼ਾ ਉਹ ਪਹਿਲਾਂ ਹੀ ਪੂਰੀ ਕਰ ਚੁੱਕਾ ਸੀ।ਅੱਜ ਜੁਰਮਾਨੇ ਦੀ ਰਕਮ ਜਮ੍ਹਾਂ ਕਰਵਾਉਣ ਤੋਂ ਬਾਅਦ ਬਲਜੀਤ ਸਿੰਘ ਭਾਊ ਦੀ ਰਿਹਾਈ ਹੋ ਗਈ।