ਨਵੀਂ ਦਿੱਲੀ ( 11 ਅਗਸਤ 2014): ਕੱਟੜ ਹਿੰਦੂਤਵੀ ਸੰਗਠਨ ਆਰ. ਐੱਸ. ਐੱਸ ਆਏ ਦਿਨ ਭਾਰਤ ਵਿੱਚ ਵੱਸ ਰਹੀਆਂ ਘੱਟ ਗਿਣਤੀ ਕੌਮਾਂ ਨੂੰ ਕਿਸੇ ਨਾ ਕਿਸੇ ਤਰੀਕੇ ਠੇਸ ਪਹੁੰਚਾਉਦਾ ਰਹਿੰਦਾ ਹੈ। ਅਜੇ ਥੋੜੇ ਦਿਨ ਪਹਿਲਾਂ ਹੀ ਸਿੱਖਾਂ ਨੂੰ ਹਿੰਦੂ ਕਹਿਣ ਵਾਲੇ ਆਰ. ਐੱਸ. ਐੱਸ ਮੁੱਖੀ ਮੋਹਨ ਭਾਗਵਤ ਨੇ ਇੱਕ ਵਾਰ ਫਿਰ ਭਾਰਤ ਵਿੱਚਲੀਆਂ ਘੱਟ ਗਿਣਤੀ ਕੌਮਾਂ ਦੇ ਵਜੂਦ ਨੂੰ ਨਕਾਰਦੇ ਹੋਏ ਵਿਵਾਦਤ ਬਿਆਨ ਦਿੱਤਾ ਹੈ ਕਿ ਹਿੰਦੋਸਤਾਨ ਵਿੱਚ ਰਹਿਣ ਵਾਲਾ ਹਰ ਵਿਅਕਤੀ ਹਿੰਦੂ ਹੈ।
ਉਸ ਨੇ ਕਿਹਾ ਹੈ ਕਿ ਜੇਕਰ ਇੰਗਲੈਂਡ ਵਿੱਚ ਰਹਿਣ ਵਾਲੇ ਅੰਗਰੇਜ਼ ਹਨ, ਜਰਮਨ ਵਿੱਚ ਰਹਿਣ ਵਾਲੇ ਜਰਮਨੀ ਅਤੇ ਅਮਰੀਕਾ ਵਿੱਚ ਰਹਿਣ ਵਾਲੇ ਅਮਰੀਕੀ ਹਨ ਤਾਂ ਫਿਰ ਹਿੰਦੋਸਤਾਨ ਵਿੱਚ ਰਹਿਣ ਵਾਲੇ ਸਾਰੇ ਲੋਕ ਹਿੰਦੂ ਕਿਉਂ ਨਹੀਂ ਹੋ ਸਕਦੇ?
ਭਾਗਵਤ ਨੇ ਕਿਹਾ ਹੈ ਕਿ ਸਾਰੇ ਭਾਰਤੀਆਂ ਦੀ ਇੱਕੋ ਸੱਭਿਆਚਾਰਕ ਪਹਿਚਾਣ ਹਿੰਦੂਤਵ ਹੈ ਅਤੇ ਦੇਸ਼ ਵਿੱਚ ਰਹਿਣ ਵਾਲੇ ਇਸ ਮਹਾਨ ਸੱਭਿਆਚਾਰ ਦੇ ਵੰਸ਼ਿਜ ਹਨ।
ਉਸ ਨੇ ਇਹ ਵੀ ਕਿਹਾ ਕਿ ਹਿੰਦੂਤਵ ਇੱਕ ਜੀਵਨ ਸ਼ੈਲੀ ਹੈ ਅਤੇ ਕੋਈ ਵੀ ਕਿਸੇ ਦੀ ਵੀ ਅਰਾਧਨਾ ਕਰਨ ਵਾਲਾ ਜਾਂ ਕਿਸੇ ਦੀ ਅਰਾਧਨਾ ਨਾ ਕਰਨ ਵਾਲਾ ਵੀ ਹਿੰਦੂ ਹੋ ਸਕਦਾ ਹੈ।