ਖੰਨਾ(10 ਜੁਲਾਈ 2014): ਭਾਰਤ ਦੀ ਅਤਿ ਸੁਰੱਖਿਆ ਵਾਲੀ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਖਾੜਕੂ ਦਿਆ ਸਿੰਘ ਲਾਹੌਰੀਆ ਨੂੰ ਅੱਜ ਭਾਰੀ ਪੁਲੀਸ ਫੋਰਸ ਸਮੇਤ ਖੰਨਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਦਿੱਲੀ ਪੁਲੀਸ ਦੀਆਂ ਦੋ ਗੱਡੀਆਂ ਅਤੇ ਇੱਕ ਵੱਡੀ ਬੱਸ ਵਿੱਚ ਢੇਡ ਸੌ ਦੇ ਕਰੀਬ ਪੁਲੀਸ ਕਰਮੀ ਆਏ ਸਨ। ਭਾਵੇਂ ਉਹ ਖੰਨਾ ਦੀ ਅਦਾਲਤ ਵਿੱਚ ਕਰੀਬ 20 ਮਿੰਟ ਹੀ ਰੁਕੇ ਪਰ ਖੰਨਾ ਦਾ ਕੋਰਟ ਕੰਪਲੈਕਸ ਇੱਕ ਵਾਰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ।
ਵਕੀਲ ਜਗਮੋਹਨ ਸਿੰਘ ਨੇ ਪੇਸ਼ੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਹੌਰੀਆ ਅੱਜ ਜੁਡੀਸ਼ੀਅਲ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਏ ਹਨ। ਅੱਜ ਅਦਾਲਤ ਵਿੱਚ ਕੋਈ ਕਾਰਵਾਈ ਨਹੀਂ ਹੋਈ ਹਾਜ਼ਰੀ ਲਗਵਾਉਣ ਤੋਂ ਬਾਅਦ ਦਿੱਲੀ ਪੁਲੀਸ ਉਸ ਨੂੰ ਵਾਪਸ ਤਿਹਾੜ ਜੇਲ੍ਹ ਲੈ ਗਈ।
ਇਸ ਸਬੰਧੀ ਅਗਲੀ ਪੇਸ਼ੀ 22 ਨੂੰ ਹੋਵੇਗੀ, ਜੋ ਕਿ ਵੀਡਿਓ ਕਾਨਫਰੰਸ ਦੁਆਰਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦਿਆ ਸਿੰਘ ਲਾਹੌਰੀਆ ਖੰਨਾ ਦੀ ਬੈਂਕ ਆਫ ਇੰਡੀਆ, ਗੁਰੂ ਅਮਰਦਾਸ ਮਾਰਕੀਟ ਵਿੱਚ 1987 ਦੌਰਾਨ ਹੋਈ ਬੈਂਕ ਡਕੈਤੀ ਦੇ ਮਾਮਲੇ ਵਿੱਚ ਇੱਕ ਕੇਸ ਦੀ ਪੇਸ਼ੀ ਭੁਗਤਣ ਲਈ ਆਉਂਦੇ ਹਨ। ਪੇਸ਼ੀ ਦੌਰਾਟ ਲਾਹੌਰੀਆ ਦੀ ਪਤਨੀ ਕਮਲਜੀਤ ਕੌਰ, ਭੈਣ ਸੁਖਵੰਤ ਕੌਰ ਅਤੇ ਭਤੀਜਾ ਮੁਲਾਕਾਤ ਲਈ ਆਏ।
ਕਮਲਜੀਤ ਕੌਰ ਨੇ ਆਖਿਆ ਕਿ ਦੂਜੇ ਕੈਦੀਆਂ ਵਾਂਗ ਉਨ੍ਹਾਂ ਦੇ ਪਤੀ ਨੂੰ ਵੀ ਪੈਰੋਲ ਮਿਲਣੀ ਚਾਹੀਦੀ ਹੈ, ਕਿਉਂਕਿ ਉਨ੍ਹਾਂ ਦੀ ਬਜ਼ੁਰਗ ਮਾਤਾ ਈਸ਼ਰ ਕੌਰ (90) ਮੁਲਾਕਾਤ ਲਈ ਨਹੀਂ ਆ ਸਕਦੇ, ਜਿਸ ਕਾਰਨ ਉਨ੍ਹਾਂ ਨੂੰ ਕੁਝ ਮਹੀਨੇ ਦੀ ਛੁੱਟੀ ਦਿੱਤੀ ਜਾਵੇ।