ਅਜੀਤਗੜ੍ਹ,(18ਮਈ 2014):- ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਮੁੱਚੇ ਭਾਰਤ ਵਿੱਚ
ਚੱਲੀ ਸਿੱਖ ਨਸਲਕੁਸੀ ਦੀ ਹਨੇਰੀ ਦਾ ਦਿੱਲੀ ਸਮੇਤ ਭਾਰਤ ਵਿੱਚ ਅਨੇਕਾਂ ਹੋਰ ਥਾਵਾਂ ‘ਤੇ ਸਿੱਖ ਸ਼ਿਕਾਰ ਹੋਏ।ਇਸੇ ਹਨੇਰੀ ਦੌਰਾਨ ਹਰਿਆਣਾ ਦੇ ਗੁੜਗਾਉਂ ਜਿਲੇ ਦੇ ਹੋਦ ਚਿੱਲੜ ਪਿੰਡ ਵਿੱਚ ਵੀਂ ਸਿੱਖਾਂ ਨੁੰ ਸ਼ਿਕਾਰ ਹੋਣਾ ਪਿਆ।ਸਿੱਖ ਕਤਲੇਆਮ ਦੇ ਇੰਨੇ ਸਾਲ ਬੀਤ ਜਾਣ ਦੇ ਦਰਮਿਆਨ ਕੇਂਦਰ ਵਿੱਚ ਕਿੰਨੀਆ ਹੀ ਪਾਰਟੀ ਸੱਤਾ ਵਿੱਚ ਆਈਆਂ ਪਰ ਕਿਸੇ ਨੇ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਪੀੜਤ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਜੁਅਰਤ ਨਹੀਂ ਕੀਤੀ।
ਅਜੀਤ ਅਖਬਰ ਅਨੁਸਾਰ ਇਸੇ ਸਬੰਧੀ ਹਰਿਆਣਾ ‘ਚ ਕਤਲ ਕੀਤੇ ਗਏ ਸਿੱਖਾਂ ਨੂੰ ਇਨਸਫ਼ ਦਿਵਾਉਣ ‘ਚ ਜੁਟੀ ‘ਹੋਂਦ ਚਿੱਲੜ ਤਾਲਮੇਲ ਕਮੇਟੀ’ ਦੇ ਆਗੂਆਂ ਇੰਜੀ: ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸ਼ਨ ਸਿੰਘ ਘੋਲੀਆਂ ਵੱਲੋਂ ਆਪਣੇ ਵਕੀਲ ਬਰਜਿੰਦਰ ਸਿੰਘ ਲੂੰਬਾ ਰਾਹੀਂ ਰਿੱਟ ਪਟੀਸ਼ਨ ਨੰ: 7696 ਪਾਈ ਗਈ ਸੀ। ਇਸ ਪਟੀਸ਼ਨ ‘ਚ ਪਟੀਸ਼ਨਰ ਕੀਰਤਨ ਸਿੰਘ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਕੇਸ ਨੂੰ ਗਰਗ ਕਮਿਸ਼ਨ ਅਧੀਨ ਵਿਚਾਰਿਆ ਜਾਵੇ, ਕਿਉਂਕਿ ਉਨ੍ਹਾਂ ਦਾ ਕਤਲੇਆਮ ਦੌਰਾਨ ਬਹੁਤ ਨੁਕਸਾਨ ਹੋਇਆ ਤੇ ਉਦਮੀ ਰਾਮ ਨਾਂਅ ਦੇ ਵਿਅਕਤੀ ਨੇ ਉਨ੍ਹਾਂ ਦੇ ਘਰ ‘ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।
ਉਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੱਖ ਪਰਿਵਾਰਾਂ ਦੇ ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ ਤੇ ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ। ਕਮੇਟੀ ਆਗੂਆਂ ਨੇ ਦੱਸਿਆ ਕਿ ਇਸ ਪਟੀਸ਼ਨ ਨੂੰ ਮਾਨਯੋਗ ਸੰਜੇ ਕਿਸ਼ਨ ਕੌਲ ਤੇ ਜਸਟਿਸ ਅਰੁਨ ਪਾਲੀ ਵੱਲੋਂ ਪੁਲਿਸ ਦੀ ਰਿਪੋਰਟ ਦੇ ਆਧਾਰ ‘ਤੇ ਖਾਰਜ ਕਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਇਸ ਮਾਮਲੇ ਨੂੰ ਸਿਵਲ ਕੋਰਟ ‘ਚ ਲਿਜਾਇਆ ਜਾਵੇ, ਜਦੋਂਕਿ ਪੀੜ੍ਹਤਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਜਸਟਿਸ ਟੀ. ਪੀ. ਗਰਗ ਦੇ ਘੇਰੇ ‘ਚ ਸ਼ਾਮਿਲ ਕੀਤਾ ਜਾਵੇ।
ਇਸ ‘ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਇੰਜੀ: ਗਿਆਸਪੁਰਾ ਤੇ ਭਾਈ ਘੋਲੀਆ ਨੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਹੁਣ ਉਹ ਆਪਣੇ ਵਾਅਦੇ ਅਨੁਸਾਰ ਕੇਂਦਰ ‘ਚ ਉਨ੍ਹਾਂ ਦੀ ਭਾਈਵਾਲੀ ਵਾਲੀ ਮੋਦੀ ਸਰਕਾਰ ਰਾਹੀਂ 1984 ਸਿੱਖ ਪੀੜ੍ਹਤਾਂ ਦੀ ਬਾਂਹ ਫੜਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ।