ਕੋਲੰਬੋ, (17 ਮਈ 2014):- ਸ੍ਰੀਲੰਕਾ ਵਿੱਚ ਕਈ ਦਹਾਕੇ ਲਿੱਟੇ ਅਤੇ ਸ਼੍ਰੀ ਲੰਕਾ ਸਰਕਾਰ ਦਰਮਿਆਨ ਚੱਲੀ ਤਾਲਿਮ
ਅਜ਼ਾਦੀ ਦੀ ਜਦੋ- ਜਹਿਦ ਵਿੱਚ ਦੌਰਾਨ ਮਾਰੇ ਗਏ ਲਿੱਟੇ ਬਾਗ਼ੀਆਂ ਦੀ ਯਾਦ ਵਿੱਚ ਲਿੱਟੇ ਸਮਰਥਕਾਂ ਵੱਲੌਂ ਸਮਾਗਮ ਕਰਵਾਏ ਜਾਣ ਦੀ ਕੋਸ਼ਿਸ਼ ਰੋਕ ਦਿੱਤੀ ਹੈ।
ਪੁਲੀਸ ਦੇ ਤਰਜਮਾਨ ਅਤੇ ਸੁਪਰਡੈਂਟ ਅਜਿਤ ਰੋਹਾਨਾ ਨੇ ਦੱਸਿਆ ਕਿ ਚਾਵਕਾਚਚੇਰੀ ਵਿੱਚ ਬੀਤੇ ਦਿਨ ਦੋ ਕੌਂਸਲਰਾਂ ਵੱਲੋਂ ਲਿੱਟੇ ਮੈਂਬਰਾਂ ਦੀ ਯਾਦ ਵਿੱਚ ਸਮਾਗਮ ਕਰਵਾਏ ਜਾਣ ਦੀ ਕੋਸ਼ਿਸ਼ ਕੀਤੀ ਗਈ। ਲਿਟੇ ਸਬੰਧੀ ਅਜਿਹੇ ਜਨਤਕ ਸਮਾਗਮਾਂ ’ਤੇ ਸ਼੍ਰੀ ਲੰਕਾ ਵਿੱਚ ਪਾਬੰਦੀ ਲੱਗੀ ਹੋਣ ਕਾਰਨ ਪੁਲੀਸ ਨੇ ਇਹ ਕੋਸ਼ਿਸ਼ ਰੋਕ ਦਿੱਤੀ।
ਤਾਮਿਲ ਸੂਤਰਾਂ ਅਨੁਸਾਰ ਉੱਤਰੀ ਪ੍ਰਾਂਤ ਦੇ ਦੋ ਕੌਂਸਲਰਾਂ ਐਮ.ਕੇ. ਸ਼ਿਵਾਜੀਲਿੰਗਮ ਅਤੇ ਅਨੰਤੀ ਸਾਸੇਥਰਨ ਨੇ ਚਾਵਕਾਚਚੇਰੀ ਦੇ ਕੌਂਸਲ ਦਫ਼ਤਰਾਂ ਵਿੱਚ ਜਾ ਕੇ ਖਾਨਾਜੰਗੀ ਦੇ ਆਖਰੀ ਪੜਾਅ ਦੌਰਾਨ ਮਾਰੇ ਗਏ ਲਿੱਟਿਆਂ ਦੀ ਯਾਦ ਵਿੱਚ ਸਮਾਗਮ ਕਰਵਾਉਣ ਦੀ ਕੋਸ਼ਿਸ਼ ਕੀਤੀ।
ਸਰਕਾਰ ਵੱਲੋਂ ਪਿਛਲੇ ਹਫਤੇ ਜਨਤਕ ਯਾਦਗਾਰੀ ਸਮਾਗਮਾਂ ’ਤੇ ਪਾਬੰਦੀ ਲਾਈ ਗਈ ਸੀ। ਜ਼ਿਕਰਯੋਗ ਹੈ ਕਿ ਲਿੱਟੇ ਦੀ ਤਿੰਨ ਦਹਾਕੇ ਚੱਲੀ ਮੁਹਿੰਮ ਪੰਜ ਸਾਲ ਪਹਿਲਾਂ 18 ਮਈ, 2009 ਨੂੰ ਪ੍ਰਭਾਕਰਨ ਦੀ ਮੌਤ ਨਾਲ ਖ਼ਤਮ ਹੋ ਗਈ ਸੀ।