– ਪੁਨੀਤ ਬਾਵਾ
” ਫੈਡਰੇਸ਼ਨ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨੇੜਲੇ ਸਾਥੀ ਭਾਈ ਅਮਰੀਕ ਸਿੰਘ ਦੀ ਅਗਵਾਈ ਵਿਚ 1978 ਤੋਂ 1984 ਤੱਕ ਪੂਰੇ ਜਾਹੋ ਜਲੌਅ ਵਿਚ ਰਹਿ ਕੇ ਕਈ ਅਹਿਮ ਕਾਰਜ ਸੰਪੂਰਨ ਕੀਤੇ। ਭਾਈ ਅਮਰੀਕ ਸਿੰਘ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੌਰਾਨ ਸੰਤ ਭਿੰਡਰਾਂਵਾਲਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਭਾਰਤੀ ਫੌਜ ਦਾ ਟਾਕਰਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ”
ਸਿੱਖ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਦੇਣ ਤੋਂ ਇਲਾਵਾ ਕੌਮੀ ਨਿਸ਼ਾਨਿਆਂ ਦੀ ਪੂਰਤੀ
ਲਈ ਸਿੱਖ ਸਟੂਡੈਂਟਸ ਫੈਡਰੇਸ਼ਨ 1944 ਵਿਚ ਬਣਾਈ ਗਈ ਸੀ, ਪਰ ਅਜੋਕੇ ਸਮੇਂ ਵਿਚ ਕਈ ਧੜਿਆਂ ਵਿਚ ਵੰਡੀਆਂ ਫੈਡਰੇਸ਼ਨਾਂ ਆਪਣੇ ਅਸਲ ਮਕਸਦ ਤੋਂ ਭਟਕ ਗਈਆਂ ਹਨ ਤੇ ਇਨ੍ਹਾਂ ਸਾਰੇ ਧੜਿਆਂ ਦੀ ਕਮਾਨ ਅੱਧੀ ਸਦੀ ਦੀ ਉਮਰ ਨੂੰ ਢੁੱਕੇ ਆਗੂਆਂ ਦੇ ਹੱਥ ਹੈ।
ਜਾਣਕਾਰੀ ਮੁਤਾਬਕ 1944 ਵਿਚ ਲਾਹੌਰ ਵਿਖੇ ਸਿੱਖ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਅਤੇ ਸਿੱਖ ਕੌਮ ਨਾਲ ਸਬੰਧਿਤ ਨਿਸ਼ਾਨਿਆਂ ਦੀ ਪੂਰਤੀ ਲਈ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨਾਂ ਦੀ ਜਥੇਬੰਦੀ ਤਿਆਰ ਕੀਤੀ ਗਈ ਸੀ।
ਜਿਸ ਦੇ ਪਹਿਲੇ ਪ੍ਰਧਾਨ ਸ: ਸਰੂਪ ਸਿੰਘ ਨੂੰ ਬਣਾਇਆ ਗਿਆ ਸੀ, ਜਿੰਨ੍ਹਾਂ ਨੇ ਸਕੂਲਾਂ, ਕਾਲਜਾਂ ਵਿਚ ਆਪਣੇ ਯੂਨਿਟ ਬਣਾ ਕੇ ਧਾਰਮਿਕ ਸਮਾਗਮਾਂ ਅਤੇ ਗੁਰਮਤਿ ਕੈਂਪਾਂ ਰਾਹੀਂ ਨੌਜਵਾਨਾਂ ਨੂੰ ਇਕ ਮੰਚ ‘ਤੇ ਇਕੱਠਾ ਕੀਤਾ।
ਇਸ ਤੋਂ ਕਈ ਦਹਾਕੇ ਬਾਅਦ ਫੈਡਰੇਸ਼ਨ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨੇੜਲੇ ਸਾਥੀ ਭਾਈ ਅਮਰੀਕ ਸਿੰਘ ਦੀ ਅਗਵਾਈ ਵਿਚ 1978 ਤੋਂ 1984 ਤੱਕ ਪੂਰੇ ਜਾਹੋ ਜਲੌਅ ਵਿਚ ਰਹਿ ਕੇ ਕਈ ਅਹਿਮ ਕਾਰਜ ਸੰਪੂਰਨ ਕੀਤੇ। ਭਾਈ ਅਮਰੀਕ ਸਿੰਘ ਨੇ 1984 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੌਰਾਨ ਸੰਤ ਭਿੰਡਰਾਂਵਾਲਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਭਾਰਤੀ ਫੌਜ ਦਾ ਟਾਕਰਾ ਕਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ।
ਇਸ ਤੋਂ ਬਾਅਦ ਭਾਈ ਗੁਰਜੀਤ ਸਿੰਘ ਨੇ ਫੈਡਰੇਸ਼ਨ ਦੀ ਕਮਾਨ ਸੰਭਾਲਦਿਆਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸੰਘਰਸ਼ ਜਾਰੀ ਰੱਖਿਆ। ਫੈਡਰੇਸ਼ਨ ਵਿਚ ਧੜੇਬੰਦੀ ਬਣਨ ਦੇ
ਬਾਵਜੂਦ 1992 ਵਿਚ ਭਾਈ ਗੁਰਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਨੇ ਕੌਮੀ ਸੰਘਰਸ਼ ਦੀ ਵਾਗ ਡੋਰ ਆਪਣੇ ਹੱਥਾਂ ਵਿਚ ਲੈ ਲਈ, ਪਰ ਭਾਈ ਦਲਜੀਤ ਸਿੰਘ ਬਿੱਟੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਫ਼ੈਡਰੇਸ਼ਨ ਵਿਚ ਇਕ ਤਰ੍ਹਾਂ ਖੜੋਤ ਆ ਗਈ।
ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਦੌਰਾਨ ਭਾਈ ਅਮਰੀਕ ਸਿੰਘ ਸ਼ਹੀਦ ਹੋ ਗਏ, ਜਦਕਿ ਜਨਰਲ ਸਕੱਤਰ ਹਰਮਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਚਾਵਲਾ, ਰਜਿੰਦਰ ਸਿੰਘ ਮਹਿਤਾ ਤੋਂ ਇਲਾਵਾ ਕਈ ਆਗੂਆਂ ਨੂੰ ਜੋਧਪੁਰ ਜੇਲ੍ਹ ਭੇਜ ਦਿੱਤਾ ਗਿਆ।
ਇਸ ਸਮੇਂ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਮਹਿਤਾ ਦੀ ਕਮਾਨ ਪਰਮਜੀਤ ਸਿੰਘ ਖਾਲਸਾ, ਸਿੱਖ ਸਟੂਡੈਂਟਸ ਗਰੇਵਾਲ ਦੀ ਕਮਾਨ ਗੁਰਚਰਨ ਸਿੰਘ ਗਰੇਵਾਲ, ਸਿੱਖ ਸਟੂਡੈਂਟਸ ਫ਼ੈਡਰੇਸ਼ਨ ਪੀਰ ਮੁਹੰਮਦ ਦੀ ਕਮਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸਿੱਖ ਸਟੂਡੈਂਟਸ ਭੋਮਾ ਦੀ ਕਮਾਨ ਡਾ: ਮਨਜੀਤ ਸਿੰਘ ਭੋਮਾ ਸੰਭਾਲ ਰਹੇ ਹਨ ਅਤੇ ਕਈ ਹੋਰ ਵੀ ਫੈਡਰੇਸ਼ਨਾਂ ਆਪਣੇ ਤੌਰ ‘ਤੇ ਕੰਮ ਕਰ ਰਹੀਆਂ ਹਨ।
ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸੰਵਿਧਾਨ ਅਨੁਸਾਰ ਉਹ ਸਿੱਖ ਵਿਦਿਆਰਥੀ ਜਿਸ ਦੀ ਵਿੱਦਿਅਕ ਯੋਗਤਾ 8ਵੀਂ ਪਾਸ ਜਾਂ 14 ਸਾਲ ਉਮਰ ਹੋਵੇ ਅਤੇ ਕਿਸੇ ਵੀ ਪ੍ਰਕਾਰ ਦੀ ਵਿਦਿਆ ਹਾਸਿਲ ਕਰਨ ਸਮੇਂ ਉਸ ਦੀ ਉਮਰ 30 ਸਾਲ ਨਾ ਹੋਵੇ, ਉਹ ਫੈਡਰੇਸ਼ਨ ਦਾ ਮੈਂਬਰ ਬਣ ਸਕਦਾ ਹੈ, ਪਰ ਮੌਜੂਦਾ ਫੈਡਰੇਸ਼ਨਾਂ ਦੇ ਪ੍ਰਧਾਨ ਜਿੱਥੇ ਵਡੇਰੀ ਉਮਰ ਦੇ ਹਨ, ਉਥੇ ਇਨ੍ਹਾਂ ਦੇ ਹੋਰ ਅਹੁਦੇਦਾਰਾਂ ਦੇ ਵੀ ਬੱਚੇ ਵਿਆਹੁਣਯੋਗ ਹੋ ਗਏ ਹਨ।
