ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ 1984 ਸਿੱਖ ਕਤਲੇਆਮ ਦੇ ਦੋਸ਼ੀ, ਉਮਰ ਕੈਦ ਦੀ ਸਜ਼ਾ ਭੁਗਤ ਰਹੇ ਬਲਵਾਨ ਖੋਖਰ ਨੂੰ ਇਕ ਹਫਤੇ ਲਈ ਵੀਰਵਾਰ ਨੂੰ ਜ਼ਮਾਨਤ ਦੇ ਦਿੱਤੀ।
ਕਾਰਜਕਾਰੀ ਚੀਫ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਅਨੁ ਮਲਹੋਤਰਾ ਨੇ ਸਾਬਕਾ ਕਾਂਗਰਸੀ ਕੌਂਸਲਰ ਬਲਵਾਨ ਖੋਖਰ ਨੂੰ ਉਸਦੀ ਪਤਨੀ ਦੇ 15 ਮਈ ਨੂੰ ਏਮਜ਼ ‘ਚ ਹੋਣ ਵਾਲੇ ਆਪਰੇਸ਼ਨ ਲਈ ਇਕ ਹਫਤੇ ਦੀ ਜ਼ਮਾਨਤ ਦਿੱਤੀ ਹੈ।

ਇਕ ਅੰਗ੍ਰੇਜ਼ੀ ਅਖ਼ਬਾਰ ਮੁਤਾਬਕ ਦੋਸ਼ੀ ਨੂੰ 25 ਹਜ਼ਾਰ ਰੁਪਏ ਦੀ ਜ਼ਮਾਨਤ ਦਿੱਤੀ ਗਈ ਅਤੇ ਦਿੱਲੀ ਤੋਂ ਬਾਹਰ ਜਾਣ ‘ਤੇ ਰੋਕ ਲਾਈ ਗਈ ਹੈ। ਇਕ ਹਫਤਾ ਪੂਰਾ ਹੋਣ ‘ਤੇ ਉਸਨੂੰ ਤੁਰੰਤ ਜੇਲ੍ਹ ਵਾਪਸ ਜਾਣਾ ਹੋਏਗਾ।
ਬਲਵਾਨ ਖੋਖਰ ਜੋ ਕਿ ਸਿੱਖ ਕਤਲੇਆਮ ‘ਚ ਕਾਂਗਰਸੀ ਆਗੂ ਸੱਜਣ ਕੁਮਾਰ ਦਾ ਸਾਥੀ ਰਿਹਾ, ਨੇ ਜਨਤਕ ਤੌਰ ‘ਤੇ ਕਾਰਜਕਾਰੀ ਚੀਫ ਜਸਟਿਸ ਗੀਤਾ ਮਿੱਤਲ ਅਤੇ ਜਸਟਿਸ ਅਨੁ ਮਲਹੋਤਰਾ ਦੀ ਬੈਂਚ ਅੱਗੇ ਪਿਛਲੇ ਮਹੀਨੇ ਸੱਜਣ ਕੁਮਾਰ ‘ਤੇ ਦੋਸ਼ ਲਾਇਆ ਕਿ “ਮੇਰੀ ਜ਼ਿੰਦਗੀ ਸੱਜਣ ਕੁਮਾਰ ਨੇ ਬਰਬਾਦ ਕਰ ਦਿੱਤੀ ਅਤੇ ਖੁਦ ਬਚ ਗਿਆ”।
ਉਸਨੇ ਆਪਣੀ ਨਿੱਜੀ ਸਮੱਸਿਆਵਾਂ ਕਰਕੇ ਅਦਾਲਤ ਤੋਂ ਦੋ ਮਹੀਨਿਆਂ ਦੀ ਜ਼ਮਾਨਤ ਮੰਗੀ ਸੀ। ਪਹਿਲਾ ਉਸਨੇ ਕਿਹਾ ਸੀ ਕਿ “ਅੱਜ ਮੇਰੇ ਕੋਲ ਕੁਝ ਵੀ ਨਹੀਂ ਹੈ, ਮੇਰੀ ਖੇਤੀ ਵਾਲੀ ਜ਼ਮੀਨ ਵੀ ਕੇਸਾਂ ਦੌਰਾਨ ਹੀ ਵਿਕ ਗਈ। ਸੱਜਣ ਕੁਮਾਰ ਦੇ ਵਕੀਲਾਂ ਨੇ ਵੀ ਮੈਨੂੰ ਧੋਖਾ ਦਿੱਤਾ।
ਸੀ.ਬੀ.ਆਈ. ਨੇ ਬਲਵਾਨ ਖੋਖਰ ਦੀ ਜ਼ਮਾਨਤ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਸਦਾ ਪੁਰਾਣਾ ਰਿਕਾਰਡ ਤਸੱਲੀਬਖਸ਼ ਨਹੀਂ ਰਿਹਾ।
ਇੰਡੀਆ ਟੂਡੇ ਨੇ ਆਪਣੀ ਰਿਪੋਰਟ ‘ਚ ਕਿਹਾ ਕਿ ਬਲਵਾਨ ਖੋਖਰ, ਇਕ ਸਾਬਕਾ ਨੇਵੀ ਅਧਿਕਾਰੀ ਕੈਪਟਨ ਭਾਗਮਲ, ਗਿਰਧਾਲੀ ਲਾਲ, ਅਤੇ ਦੋ ਹੋਰਾਂ ਨੂੰ 1 ਨਵੰਬਰ, 1984 ਨੂੰ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ ‘ਚ ਇਕੋ ਪਰਿਵਾਰ ਦੇ 5 ਸਿੱਖ ਮੈਂਬਰਾਂ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਸੀ।
ਸਬੰਧਤ ਖ਼ਬਰ:
“ਸੱਜਣ ਕੁਮਾਰ ਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਅਤੇ ਖੁਦ ਸਜ਼ਾ ਤੋਂ ਬਚ ਗਿਆ”: ਸਾਬਕਾ ਕੌਂਸਲਰ ਬਲਵਾਨ ਖੋਖਰ …
ਅਦਾਲਤ ਨੇ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਪਰ ਖੋਖਰ, ਭਾਗਮਲ, ਗਿਰਧਾਰੀ ਲਾਲ ਨੂੰ ਉਮਰ ਕੈਦ, ਅਤੇ ਦੋ ਸਾਬਕਾ ਕਾਂਗਰਸੀ ਵਿਧਾਇਕ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ 3-3 ਸਾਲ ਦੀ ਸਜ਼ਾ ਸੁਣਾਈ ਸੀ।
ਮੀਡੀਆ ਰਿਪੋਰਟ ਮੁਤਾਬਕ ਦੋਸ਼ੀਆਂ ਨੇ ਹਾਈ ਕੋਰਟ ‘ਚ ਅਪੀਲ ਕੀਤੀ ਹੈ, ਜਦਕਿ ਸੀਬੀਆਈ ਨੇ ਵੀ ਸੱਜਣ ਕੁਮਾਰ ਦੇ ਬਰੀ ਹੋ ਜਾਣ ਦੇ ਖਿਲਾਫ ਅਪੀਲ ਦਾਇਰ ਕੀਤੀ ਹੈ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Delhi High Court Grants Bail To 1984 Sikh Genocide Case Convict Balwan Khokhar …