ਚੰਡੀਗੜ੍ਹ: ਪੰਜਾਬ ਵਿਚ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਦੇ ਨਗਰ ਨਿਗਮਾਂ ਅਤੇ 32 ਨਗਰ ਕੌਂਸਲਾਂ ਤੇ ਪੰਚਾਇਤਾਂ ਲਈ ਵੋਟਾਂ 17 ਦਸੰਬਰ ਨੂੰ ਪੈਣਗੀਆਂ। ਇਸ ਦਾ ਐਲਾਨ ਕੱਲ੍ਹ (30 ਨਵੰਬਰ, 2017) ਚੰਡੀਗੜ੍ਹ ਵਿਖੇ ਸੂਬਾ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 2 ਦਸੰਬਰ ਨੂੰ ਸ਼ੁਰੂ ਹੋ ਕੇ 6 ਦਸੰਬਰ ਤੱਕ ਜਾਰੀ ਰਹੇਗੀ, ਜਦੋਂਕਿ 7 ਦਸੰਬਰ ਨੂੰ ਨਾਮਜ਼ਦਗੀਆਂ ਦੀ ਪੜਤਾਲ ਅਤੇ 8 ਦਸੰਬਰ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ ਅਤੇ ਵੋਟਾਂ 17 ਦਸੰਬਰ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਵੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਰਾਜ ਵਿਚ ਮਿਉਂਸਪਲ ਚੋਣਾਂ ਵਿਚ ਈ.ਵੀ.ਐਮ. ਮਸ਼ੀਨਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ 50 ਫ਼ੀਸਦੀ ਵਾਰਡ ਵੀ ਔਰਤਾਂ ਲਈ ਰਾਖਵੇਂ ਰੱਖੇ ਜਾਣਗੇ। ਸੰਧੂ ਨੇ ਦੱਸਿਆ ਕਿ ਇਸ ਚੋਣ ਲਈ ਵੋਟਰਾਂ ਦੀ ਸੂਚੀ 28 ਨਵੰਬਰ ਨੂੰ ਜਾਰੀ ਕੀਤੀ ਗਈ ਹੈ, ਲੇਕਿਨ ਨਾਮਜ਼ਦਗੀਆਂ ਦਾਖਲ ਕਰਨ ਦੇ ਆਖ਼ਰੀ ਦਿਨ 6 ਦਸੰਬਰ ਤੱਕ ਨਵੀਆਂ ਵੋਟਾਂ ਬਨਾਉਣ ਲਈ ਅਰਜ਼ੀਆਂ ਦਾਇਰ ਕੀਤੀਆਂ ਜਾ ਸਕਣਗੀਆਂ।

ਸੰਧੂ ਨੇ ਦੱਸਿਆ ਕਿ ਚੋਣਾਂ ਦੇ ਐਲਾਨ ਨਾਲ ਉਕਤ 3 ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਤੇ ਪੰਚਾਇਤਾਂ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਜੋ 20 ਦਸੰਬਰ ਤੱਕ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਖੇਤਰਾਂ ਜਾਂ ਪੋਲਿੰਗ ਬੂਥਾਂ ਸਬੰਧੀ ਰਿਪੋਰਟ ਸਥਾਨਕ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਤਿਆਰ ਕਰਨਗੇ। ਉਨ੍ਹਾਂ ਦੱਸਿਆ ਕਿ ਵੋਟਾਂ ਪਾਉਣ ਲਈ ਕੁੱਲ ਕੋਈ 3200 ਦੇ ਕਰੀਬ ਪੋਲਿੰਗ ਬੂਥ ਬਣਾਏ ਜਾਣਗੇ, ਜਦੋਂਕਿ ਵੋਟਾਂ ਪਾਉਣ ਲਈ ਕਮਿਸ਼ਨ ਨੇ 4000 ਤੋਂ ਵੱਧ ਵੋਟਿੰਗ ਮਸ਼ੀਨਾਂ ਦਾ ਪ੍ਰਬੰਧ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੇ ਸਥਾਨਕ ਪੱਧਰ ਤੋਂ ਮੰਗ ਆਵੇਗੀ ਤਾਂ ਕੁਝ ਬੂਥਾਂ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਜਾ ਸਕਦੀ ਹੈ। ਚੋਣਾਂ ਦੀ ਪ੍ਰਕਿਰਿਆ ਪੂਰੀ ਕਰਨ ਲਈ 26 ਅਬਜ਼ਰਵਰ ਨਿਯੁਕਤ ਕੀਤੇ ਜਾਣ ਬਾਰੇ ਵੀ ਚੋਣ ਕਮਿਸ਼ਨਰ ਸੰਧੂ ਨੇ ਦੱਸਿਆ।
ਚੋਣ ਕਮਿਸ਼ਨਰ ਸੰਧੂ ਨੇ ਦੱਸਿਆ ਕਿ ਇਸ ਵਾਰ ਉਮੀਦਵਾਰਾਂ ਲਈ ਖ਼ਰਚੇ ਦੀ ਹੱਦ ਵਿਚ ਕੁਝ ਵਾਧਾ ਕੀਤਾ ਗਿਆ ਹੈ, ਜਿਸ ਅਨੁਸਾਰ ਨਗਰ ਨਿਗਮ ਖੇਤਰ ਵਿਚ ਹੁਣ ਖ਼ਰਚੇ ਦੀ ਹੱਦ 2,50,000 ਰੁਪਏ ਹੋਵੇਗੀ, ਜਦੋਂਕਿ ਦਰਜਾ-1 ਦੀਆਂ ਨਗਰ ਕੌਂਸਲਾਂ ਲਈ ਹੱਦ 1,84,000 ਤੋਂ ਵਧਾ ਕੇ 2,25,000, ਦਰਜਾ -2 ਲਈ 1,15,000 ਤੋਂ ਵਧਾ ਕੇ 1,40,000 ਅਤੇ ਦਰਜਾ 3 ਲਈ 98000 ਤੋਂ ਵਧਾ ਕੇ 1,20,000 ਕਰ ਦਿੱਤੀ ਗਈ ਹੈ। ਨਗਰ ਪੰਚਾਇਤਾਂ ਲਈ ਉਮੀਦਵਾਰਾਂ ਦੀ ਖਰਚਾ ਹੱਦ 69,000 ਤੋਂ ਵਧਾ ਕੇ 85,000 ਕਰ ਦਿੱਤੀ ਗਈ ਹੈ। ਲੁਧਿਆਣਾ ਨਗਰ ਨਿਗਮ ਵਿਚ ਚੋਣ ਕਰਵਾਉਣ ਸਬੰਧੀ ਪੁੱਛੇ ਜਾਣ ‘ਤੇ ਚੋਣ ਕਮਿਸ਼ਨਰ ਸੰਧੂ ਨੇ ਕਿਹਾ ਕਿ ਕਮਿਸ਼ਨ ਨੂੰ ਰਾਜ ਸਰਕਾਰ ਵਲੋਂ ਇਸ ਨਿਗਮ ਵਿਚ ਚੋਣ ਕਰਵਾਉਣ ਲਈ ਨਹੀਂ ਕਿਹਾ ਗਿਆ। ਚੋਣਾਂ ਬਾਰੇ ਜਾਣਕਾਰੀ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨਾਲ ਸੂਬਾ ਚੋਣ ਕਮਿਸ਼ਨ ਦੇ ਸਕੱਤਰ ਕਮਲ ਗਰਗ ਵੀ ਹਾਜ਼ਰ ਸਨ।