ਨਵੀਂ ਦਿੱਲੀ (12 ਸਤੰਬਰ, 2014): ਭਾਰਤੀ ਮੁੱਖ ਚੋਣ ਕਮਿਸ਼ਨ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਪ੍ਰੈੱਸ ਨੂੰ ਦੱਸਿਆ ਕਿ ਮਹਾਰਾਸ਼ਟਰ ਅਤੇ ਹਰਿਆਣਾ ਵਿਚ 15 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ।
ਅੱਜ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਵਿਚ ਮੁੱਖ ਚੋਣ ਕਮਿਸ਼ਨਰ ਵੀ.ਐਸ. ਸੰਮਥ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਵਾਂ ਸੂਬਿਆਂ ‘ਚ ਇਕ ਦਿਨ ਵਿਚ ਹੀ ਚੋਣਾਂ ਕਰਵਾ ਲਈਆਂ ਜਾਣਗੀਆਂ । ਮਹਾਰਾਸ਼ਟਰ ਵਿਚ 288 ਸੀਟਾਂ ਜਦ ਕਿ ਹਰਿਆਣਾ ਵਿਚ 90 ਵਿਧਾਨ ਸਭਾ ਸੀਟਾਂ ‘ਤੇ ਚੋਣ ਹੋਵੇਗੀ।
ਉਨ੍ਹਾਂ ਨੇ ਦੱਸਿਆ ਕਿ ਮਹਾਰਾਸ਼ਟਰ ਵਿਚ 8 ਕਰੋੜ 25 ਲੱਖ ਵੋਟਰ ਹਨ ਜਦ ਕਿ ਹਰਿਆਣਾ ਵਿਚ 1 ਕਰੋੜ 61 ਲੱਖ ਵੋਟਰ ਹਨ । ਹਰਿਆਣਾ ਵਿਚ 16244 ਪੋਲਿੰਗ ਸਟੇਸ਼ਨ ਅਤੇ ਮਹਾਰਾਸ਼ਟਰ ਵਿਚ 90403 ਪੋਲਿੰਗ ਸਟੇਸ਼ਨ ‘ਤੇ ਵੋਟਾਂ ਪਾਈਆਂ ਜਾਣਗੀਆਂ । ਉਨ੍ਹਾਂ ਦੱਸਿਆ ਕਿ 20 ਸਤੰਬਰ ਨੂੰ ਇਸ ਬਾਬਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ ਅਤੇ 27 ਸਤੰਬਰ ਨੂੰ ਉਮੀਦਵਾਰ ਆਪਣਾ ਨਾਮਜ਼ਦਗੀ ਕਾਗਜ਼ ਦਾਖਲ ਕਰਵਾ ਸਕਣਗੇ।
ਉਨ੍ਹਾਂ ਦੱਸਿਆ ਕਿ 1 ਅਕਤੂਬਰ ਤੱਕ ਉਮੀਦਵਾਰ ਆਪਣਾ ਨਾਂਅ ਵਾਪਸ ਲੈ ਸਕਦੇ ਹਨ ਅਤੇ 15 ਅਕਤੂਬਰ ਨੂੰ ਇਕੋ ਹੀ ਦਿਨ ਵਿਚ ਦੋਵਾਂ ਰਾਜਾਂ ਵਿਚ ਚੋਣਾਂ ਕਰਵਾਈਆਂ ਜਾਣਗੀਆਂ । ਇਨ੍ਹਾਂ ਚੋਣਾਂ ਵਿੱਣ ਪਈਆਂ ਵੋਟਾਂ ਦੀ ਗਿਣਤੀ 9 ਅਕਤੂਬਰ ਨੂੰ ਹੋਵੇਗੀ। ਸ੍ਰੀ ਸੰਮਥ ਨੇ ਦੱਸਿਆ ਕਿ ਇਨ੍ਹਾਂ ਰਾਜਾਂ ਤੋਂ ਇਲਾਵਾ ਪੰਜਾਂ ਰਾਜਾਂ ਅਰੁਣਾਚਲ ਪ੍ਰਦੇਸ਼, ਮਨੀਪੁਰ. ਨਾਗਾਲੈਂਡ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਵਿਚ ਪੰਜ ਵਿਧਾਨ ਸਭਾ ਸੀਟਾਂ ‘ਤੇ ਵੀ ਉਸੇ ਦਿਨ ਉਪ ਚੋਣਾਂ ਹੋਣਗੀਆਂ।
ਦੱਸਣਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਦਾ ਕਾਰਜਕਾਲ 8 ਨਵੰਬਰ ਜਦ ਕਿ ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 27 ਅਕਤੂਬਰ ਨੂੰ ਖਤਮ ਹੋ ਰਿਹਾ ਹੈ।
ਜੰਮੂ ਤੇ ਕਸ਼ਮੀਰ ਜਿਥੇ ਭਿਆਨਕ ਹੜ੍ਹ ਆਏ ਹੋਏ ਹਨ, ਵਿਚ ਚੋਣਾਂ ਕਰਵਾਏ ਜਾਣ ਬਾਰੇ ਪੁੱਛੇ ਜਾਣ ‘ਤੇ ਸ੍ਰੀ ਸੰਮਥ ਨੇ ਕਿਹਾ ਕਿ ਕਮਿਸ਼ਨ ਸੂਬੇ ਵਿਚ ਸਥਿਤੀ ਨੂੰ ਬੜੀ ਨੇੜਿਓਾ ਦੇਖ ਰਿਹਾ ਹੈ ਅਤੇ ਉਥੇ ਹਾਲਾਤ ਆਮ ਵਰਗੇ ਹੋਣ ਪਿੱਛੋਂ ਚੋਣਾਂ ਬਾਰੇ ਕੋਈ ਫ਼ੈਸਲਾ ਲਿਆ ਜਾਵੇਗਾ । ਉਨ੍ਹਾਂ ਅੱਗੇ ਦੱਸਿਆ ਕਿ ਜੰਮੂ ਤੇ ਕਸ਼ਮੀਰ ਅਤੇ ਝਾਰਖੰਡ ਵਿਧਾਨ ਸਭਾਵਾਂ ਦੀ ਮਿਆਦ ਖਤਮ ਹੋਣ ‘ਚ ਅਜੇ ਕੁਝ ਸਮਾਂ ਰਹਿੰਦਾ ਹੈ।