
ਮੋਹਾਲੀ( 3 ਨਵੰਬਰ, 2014): ਪਿੱਛਲੇ ਲੰਮੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਸੌਦਾ ਡੇਰਾ ਸਰਸੇ ਦੇ ਸਾਧ ਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ ਬਲਤਾਕਾਰ ਅਤੇ ਕਤਲ ਦੇ ਕੇਸ ਆਖਰੀ ਪੜਾਅ ‘ਤੇ ਪਹੁੰਚ ਚੁੱਕੇ ਹਨ।ਲੰਮਾ ਸਮਾਂ ਚੱਲੇ ਇਨ੍ਹਾਂ ਕੇਸਾਂ ਵਿੱਚ ਹੁਣ ਤੱਕ ਸਭ ਗਵਾਹੀਆਂ ਭੁਗਤ ਚੁੱਕੀਆਂ ਹਨ ਅਤੇ ਹੁਣ ਸੌਦਾ ਸਾਧ ਦੀ ਖੁਦ ਦੀ ਗਵਾਹੀ ਹੋਣੀ ਹੈ। ਉਸ ਤੋਂ ਬਾਅਦ ਇਨਾਂ ਕੇਸਾਂ ਵਿੱਚ ਅਦਾਲਤ ਫੈਸਲਾ ਸੁਣਾਵੇਗੀ।
ਬੀਤੇ ਦਿਨੀਂ ਸੀ ਬੀ ਆਈ ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵਿੱਚ ਸੋਦਾ ਸਾਧ ਖਿਲਾਫ ਜਾਰੀ ਸਵਰਗੀ ਰਣਜੀਤ ਸਿੰਘ ਕਤਲ ਕੇਸ ਵਿੱਚ ਗਵਾਹੀਆਂ ਪੂਰੀਆਂ ਹੋ ਗਈਆਂ ਹਨ ਅਤੇ ਹੁਣ ਸੌਦਾ ਸਾਧ ਦੇ ਬਿਆਨ ਕਲਮਬੱਧ ਹੋਣਗੇ।
ਅਦਾਲਤ ਨੇ ਸੌਦਾ ਸਾਧ ਖਿਲਾਫ ਚੱਲ ਰਹੇ ਬਲਾਤਕਾਰ ਕੇਸ ਵਿੱਚ ਬਚਾਅ ਪੱਖ ਦੇ ਦੋ ਗਵਾਹਾਂ ਨੂੰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ, ਜੋ ਵਾਰ-ਵਾਰ ਬੁਲਾਉਣ ‘ਤੇ ਵੀ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ। ਪੱਤਰਕਾਰ ਛਤਰਪਤੀ ਕਤਲ ਕੇਸ ਵਿੱਚ ਕੱਲ੍ਹ ਇਥੇ ਕੋਈ ਵੀ ਕਾਰਵਾਈ ਦਰਜ ਨਹੀਂ ਕੀਤੀ ਗਈ।
ਸੌਦਾ ਸਾਧ ਨੂੰ ਸੀ ਬੀ ਆਈ ਵੱਲੋਂ ਅਦਾਲਤ ਨੂੰ ਸੌਂਪੇ ਗਏ 449 ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਇਸ ਦੇ ਲਈ ਵਿਸ਼ੇਸ਼ ਜੱਜ ਆਰ ਕੇ ਯਾਦਵ ਨੇ 15 ਨਵੰਬਰ ਦੀ ਤਰੀਕ ਤੈਅ ਕੀਤੀ ਹੈ।